ਬਦਲਾਅ ਰੈਲੀ ਲਈ 1 ਸਤੰਬਰ ਨੂੰ ਦਿੱਲੀ ਚੱਲੋ ਦੀ ਤਿਆਰੀਆਂ ਵਜੋਂ ਜਥਾ ਮਾਰਚ
ਪੂੰਜੀਵਾਦ ਦੀ ਥਾਂ ਸਮਾਜਵਾਦੀ ਬਦਲਾਅ ਸਮੇਂ ਦੀ ਮੁੱਖ ਲੋੜ– ਕਮਿਊਨਿਸਟ ਆਗੂ
ਚੋਹਲਾ ਸਾਹਿਬ, 24 ਅਗਸਤ (ਬਲਵਿੰਦਰ ਸਿੰਘ)– ਭਾਰਤੀ ਕਮਿਊਨਿਸਟ ਪਾਰਟੀ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ 1 ਸਤੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਕੀਤੀ ਜਾ ਰਹੀ ‘ਬਦਲਾਅ ਜ਼ਰੂਰੀ ਹੈ’ ਰੈਲੀ ਦੀ ਸਫ਼ਲਤਾ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪਾਰਟੀ ਦੀ ਜ਼ਿਲ੍ਹਾ ਇਕਾਈ ਵਲੋਂ ਚੋਹਲਾ ਸਾਹਿਬ ਵਿਖੇ ਜਥਾ ਮਾਰਚ ਕੱਢਿਆ ਗਿਆ। ਦੇਸ਼ ਭਗਤ ਬਾਬਾ ਸੁੱਚਾ ਸਿੰਘ ਚੋਹਲਾ ਸਾਹਿਬ ਦੀ ਯਾਦਗਾਰ ਤੋਂ ਸ਼ੁਰੂ ਹੋਏ ਇਸ ਜਥਾ ਮਾਰਚ ਦੌਰਾਨ ਪਾਰਟੀ ਆਗੂਆਂ ਤੇ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਬਾਜ਼ਾਰ ਵਿਚ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਪੈਂਫਲਿਟ ਵੰਡ ਕੇ ਸਰਕਾਰ ਦੀਆਂ ਨੀਤੀਆਂ ਸਬੰਧੀ ਜਾਗਰੂਕ ਕੀਤਾ।
ਚੋਹਲਾ ਸਾਹਿਬ, 24 ਅਗਸਤ (ਬਲਵਿੰਦਰ ਸਿੰਘ)– ਭਾਰਤੀ ਕਮਿਊਨਿਸਟ ਪਾਰਟੀ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ 1 ਸਤੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਕੀਤੀ ਜਾ ਰਹੀ ‘ਬਦਲਾਅ ਜ਼ਰੂਰੀ ਹੈ’ ਰੈਲੀ ਦੀ ਸਫ਼ਲਤਾ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪਾਰਟੀ ਦੀ ਜ਼ਿਲ੍ਹਾ ਇਕਾਈ ਵਲੋਂ ਚੋਹਲਾ ਸਾਹਿਬ ਵਿਖੇ ਜਥਾ ਮਾਰਚ ਕੱਢਿਆ ਗਿਆ। ਦੇਸ਼ ਭਗਤ ਬਾਬਾ ਸੁੱਚਾ ਸਿੰਘ ਚੋਹਲਾ ਸਾਹਿਬ ਦੀ ਯਾਦਗਾਰ ਤੋਂ ਸ਼ੁਰੂ ਹੋਏ ਇਸ ਜਥਾ ਮਾਰਚ ਦੌਰਾਨ ਪਾਰਟੀ ਆਗੂਆਂ ਤੇ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਬਾਜ਼ਾਰ ਵਿਚ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਪੈਂਫਲਿਟ ਵੰਡ ਕੇ ਸਰਕਾਰ ਦੀਆਂ ਨੀਤੀਆਂ ਸਬੰਧੀ ਜਾਗਰੂਕ ਕੀਤਾ। ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਪੂੰਜੀਪਤੀ ਘਰਾਣਿਆਂ ਦੇ ਹਿੱਤਾਂ ਨੂੰ ਤਰਜੀਹ ਦੇ ਰਹੀ ਹੈ, ਜਿਸ ਕਾਰਨ ਦੇਸ਼ ਦੀ ਮਿਹਨਤਕਸ਼ ਜਮਾਤ ਨੂੰ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਥਾ ਮਾਰਚ ਦੀ ਅਗਵਾਈ ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ, ਪਰਮਜੀਤ ਸਿੰਘ ਚੋਹਲਾ ਸਾਹਿਬ ਅਤੇ ਸੂਬੇਦਾਰ ਲੇਖ ਸਿੰਘ ਨੇ ਕੀਤੀ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਦਵਿੰਦਰ ਸੋਹਲ, ਮੀਤ ਸਕੱਤਰ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਅਤੇ ਕੈਸ਼ੀਅਰ ਕਾਮਰੇਡ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਵਰਗਾਂ ਲਈ ਨੁਕਸਾਨਦੇਹ ਸਾਬਤ ਹੋ ਸਕਦੇ ਹਨ। ਆਗੂਆਂ ਨੇ ਕਿਹਾ ਕਿ ਮਹਿੰਗਾਈ ਨੇ ਆਮ ਲੋਕਾਂ ਦਾ ਘਰੇਲੂ ਬਜਟ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਖੰਡ, ਘਿਓ, ਤੇਲ, ਦਾਲਾਂ, ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਸਮੇਤ ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਆਮ ਪਰਿਵਾਰਾਂ ਲਈ ਗੁਜ਼ਾਰਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇਸਦੇ ਨਾਲ ਹੀ ਬੇਰੁਜ਼ਗਾਰੀ ਦੀ ਸਮੱਸਿਆ ਵੀ ਗੰਭੀਰ ਬਣੀ ਹੋਈ ਹੈ। ਜਥਾ ਮਾਰਚ ਚੋਹਲਾ ਸਾਹਿਬ ਤੋਂ ਨਿੱਕਾ ਚੋਹਲਾ, ਸੁਹਾਵਾ, ਵਰਿਆਂ ਨਵਾਂ, ਵਰਿਆਂ ਪੁਰਾਣਾ ਹੁੰਦਾ ਹੋਇਆ ਨੌਸ਼ਹਿਰਾ ਪਨੂੰਆਂ ਪਹੁੰਚਿਆ, ਜਿੱਥੇ ਹਾਕਮਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਸਦੀ ਸਮਾਪਤੀ ਕੀਤੀ ਗਈ। ਇਸ ਮੌਕੇ ਸੇਵਾ ਸਿੰਘ, ਸੁਖਵੰਤ ਸਿੰਘ ਕਰਮੂੰਵਾਲਾ, ਸੁਰਜੀਤ ਸਿੰਘ ਚੋਹਲਾ, ਜਗਤਾਰ ਸਿੰਘ ਚੋਹਲਾ, ਹੀਰਾ ਸਿੰਘ ਚੋਹਲਾ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ