14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਘੜਿਆਲ ਦੇ ਹਮਲੇ ਕਾਰਨ ਜੰਗਲੀ ਜੀਵ ਵਿਭਾਗ ਦਾ ਕਰਮਚਾਰੀ ਜ਼ਖ਼ਮੀ

ਹਰੀਕੇ ਪੱਤਣ, 13 ਅਕਤੂਬਰ (ਸੰਜੀਵ ਕੁੰਦਰਾ)-ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਵਲੋਂ ਬਿਆਸ ਦਰਿਆ ਵਿਚ ਛੱਡੇ ਗਏ ਘੜਿਆਲ ਨੇ ਹਮਲਾ ਕਰ ਕੇ ਵਿਭਾਗ ਦੇ ਕਰਮਚਾਰੀ ਨੂੰ ਜ਼ਖ਼ਮੀ ਕਰ ਦਿੱਤਾ, ਜੋ ਹਸਪਤਾਲ ਵਿਚ ਜੇਰੇ ਇਲਾਜ਼ ਹੈ। ਮਿਲੀ ਜਾਣਕਾਰੀ ਅਨੁਸਾਰ ਬਿਆਸ ਦਰਿਆ ਵਿਚ ਛੱਡੇ ਗਏ ਘੜਿਆਲਾਂ ਵਿਚੋਂ 11 ਅਕਤੂਬਰ ਨੂੰ ਇਕ ਘੜਿਆਲ ਹਰੀਕੇ ਹੈੱਡ ਵਰਕਸ ਤੋਂ ਨਿਕਲਦੀਆਂ ਨਹਿਰ ਰਾਹੀਂ ਪਿੰਡ ਨਜਾਮੀਵਾਲਾ ਨਜ਼ਦੀਕ ਛੋਟੀ ਨਹਿਰ (ਸੂਏ) ਵਿਚ ਚਲਾ ਗਿਆ।

ਅਜੀਤ ਡੈਸਕ 14-10-2026
ਹਰੀਕੇ ਪੱਤਣ, 13 ਅਕਤੂਬਰ (ਸੰਜੀਵ ਕੁੰਦਰਾ)-ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਵਲੋਂ ਬਿਆਸ ਦਰਿਆ ਵਿਚ ਛੱਡੇ ਗਏ ਘੜਿਆਲ ਨੇ ਹਮਲਾ ਕਰ ਕੇ ਵਿਭਾਗ ਦੇ ਕਰਮਚਾਰੀ ਨੂੰ ਜ਼ਖ਼ਮੀ ਕਰ ਦਿੱਤਾ, ਜੋ ਹਸਪਤਾਲ ਵਿਚ ਜੇਰੇ ਇਲਾਜ਼ ਹੈ। ਮਿਲੀ ਜਾਣਕਾਰੀ ਅਨੁਸਾਰ ਬਿਆਸ ਦਰਿਆ ਵਿਚ ਛੱਡੇ ਗਏ ਘੜਿਆਲਾਂ ਵਿਚੋਂ 11 ਅਕਤੂਬਰ ਨੂੰ ਇਕ ਘੜਿਆਲ ਹਰੀਕੇ ਹੈੱਡ ਵਰਕਸ ਤੋਂ ਨਿਕਲਦੀਆਂ ਨਹਿਰ ਰਾਹੀਂ ਪਿੰਡ ਨਜਾਮੀਵਾਲਾ ਨਜ਼ਦੀਕ ਛੋਟੀ ਨਹਿਰ (ਸੂਏ) ਵਿਚ ਚਲਾ ਗਿਆ। ਜਦ ਸਥਾਨਕ ਲੋਕਾਂ ਨੇ ਇਸ ਘੜਿਆਲ ਨੂੰ ਦੇਖਿਆ ਤਾਂ ਤੁਰੰਤ ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਨੂੰ ਸੂਚਿਤ ਕੀਤਾ, ਜਿਸ ’ਤੇ ਵਿਭਾਗ ਦੀ ਟੀਮ ਇਸ ਘੜਿਆਲ ਦਾ ਰੈਸਕਿਓ ਕਰਨ ਲਈ ਤੁਰੰਤ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਪੱਧਰੀ ਪੁੱਜੀ ਅਤੇ ਵਿਭਾਗ ਦੇ ਕਰਮਚਾਰੀਆਂ ਨੇ ਬੜੀ ਮੁਸ਼ੱਕਤ ਨਾਲ ਘੜਿਆਲ ਨੂੰ ਰਾਤ 8 ਵਜੇ ਦੇ ਕਰੀਬ ਰੈਸਕਿਓ ਕੀਤਾ ਅਤੇ ਘੜਿਆਲ ਨੂੰ ਰੈਸਕਿਓ ਕਰਕੇ ਜੰਗਲੀ ਜੀਵ ਤੇ ਵਣ ਵਿਭਾਗ ਦਫ਼ਤਰ ਵਿਚ ਲੈ ਆਂਦਾ। ਜਦ ਅਗਲੇ ਦਿਨ ਘੜਿਆਲ ਨੂੰ ਬਿਆਸ ਦਰਿਆ ਵਿਚ ਛੱਡਣ ਲਈ ਵਿਭਾਗ ਦੀ ਟੀਮ ਘੜਿਆਲ ਨੂੰ ਲੈ ਕੇ ਜਾਣ ਲੱਗੇ ਤਾਂ ਘੜਿਆਲ ਨੇ ਵਿਭਾਗ ਦੇ ਕਰਮਚਾਰੀ ਲਖਬੀਰ ਸਿੰਘ ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਲਖਬੀਰ ਸਿੰਘ ਦੀ ਲੱਤ ਤੇ ਡੂੰਘੇ ਕੱਟ ਲੱਗ ਗਏ, ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਸਰਹਾਲੀ ਲਿਜਾਇਆ ਗਿਆ, ਜਿੱਥੇ ਕਿ ਉਸ ਦੇ 25 ਦੇ ਕਰੀਬ ਟਾਂਕੇ ਲੱਗੇ। ਘੜਿਆਲ ਦੇ ਹਮਲੇ ਤੋਂ ਬਾਅਦ ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਦੇ ਕਰਮਚਾਰੀ, ਜੋ ਕਿ ਅਕਸਰ ਘੜਿਆਲ ਪ੍ਰਾਜੈਕਟ ਦੀ ਦੇਖ-ਰੇਖ ਅਤੇ ਰੈਸਕਿਓ ਵਗੈਰਾ ਕਰਦੇ ਹਨ, ਵਿਚ ਡਰ ਅਤੇ ਭੈਅ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਸੰਬੰਧੀ ਜਦ ਜੰਗਲੀ ਜੀਵ ਤੇ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਘੜਿਆਲ ਇਕ ਸ਼ਾਂਤ ਸੁਭਾਅ ਦਾ ਜਾਨਵਰ ਹੈ ਅਤੇ ਇਸ ਦੀ ਖੁਰਾਕ ਮੱਛੀ ਅਤੇ ਛੋਟੇ ਜੀਵ ਜੰਤੂ ਹੈ। ਘੜਿਆਲ ਇਨਸਾਨ ਤੋਂ ਡਰਦਾ ਹੈ। ਉਨ੍ਹਾਂ ਕਿਹਾ ਕਿ ਘੜਿਆਲ ਵਲੋਂ ਹਮਲੇ ਦੀ ਇਹ ਪਹਿਲੀ ਘਟਨਾ ਹੈ ਤੇ ਇਸ ਤੋਂ ਪਹਿਲਾਂ ਕਦੇ ਵੀ ਘੜਿਆਲ ਵਲੋਂ ਹਮਲਾ ਕੀਤੇ ਜਾਣ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ। ਬਿਆਸ ਦਰਿਆ ਵਿਚ ਘੜਿਆਲ ਛੱਡਣ ਨੂੰ 10 ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਹੈ ਤੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਘਟਨਾ ਨਹੀਂ ਵਾਪਰੀ ।ਉਨ੍ਹਾਂ ਹੋਰ ਕਿਹਾ ਕਿ ਇਸ ਤੋਂ ਪਹਿਲਾਂ ਅਨੇਕਾਂ ਵਾਰ ਵਿਭਾਗ ਵਲੋਂ ਘੜਿਆਲਾਂ ਦਾ ਰੈਸਕਿਓ ਕੀਤਾ ਗਿਆ ਜੋ ਪੂਰੀ ਤਰਾਂ ਸਫਲ ਰਹੇ ।ਉਨ੍ਹਾਂ ਇਹ ਵੀ ਕਿਹਾ ਕਿ ਘੜਿਆਲ ਵੱਲੋਂ ਕਰਮਚਾਰੀ ਤੇ ਹਮਲਾ ਬਹੁਤ ਸੰਜੀਦਾ ਮਾਮਲਾ ਹੈ ਤੇ ਵਿਭਾਗ ਇਸ ਨੂੰ ਬਾਰੀਕੀ ਨਾਲ ਦੇਖਿਆ ਜਾਵੇਗਾ। ਉਨ੍ਹਾਂ ਹੋਰ ਕਿਹਾ ਘੜਿਆਲ ਦੀ ਦੇਖ ਰੇਖ ਅਤੇ ਰੈਸਕਿਓ ਸੰਬੰਧੀ ਵਿਭਾਗ ਦੇ ਕਰਮਚਾਰੀਆਂ ਨੂੰ ਜਾਣਕਾਰੀ ਲਈ ਸਮੇਂ-ਸਮੇਂ ’ਤੇ ਵਰਕਸ਼ਾਪਾਂ ਲਾ ਕੇ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਸਿਖਲਾਈ ਦਿੱਤੀ ਜਾਵੇਗੀ । ਅਲੋਪ ਹੋ ਰਹੀ ਪ੍ਰਜਾਤੀ ਨੂੰ ਬਚਾਉਣ ਲਈ ਬਿਆਸ ਦਰਿਆ ਵਿਚ ਛੱਡੇ ਗਏ ਹਨ 94 ਘੜਿਆਲ ਜ਼ਿਕਰਯੋਗ ਹੈ ਕਿ ਅਲੋਪ ਹੋ ਰਹੀ ਘੜਿਆਲ ਪ੍ਰਜਾਤੀ ਨੂੰ ਬਚਾਉਣ ਲਈ ਜੰਗਲੀ ਜੀਵ ਤੇ ਵਣ ਵਿਭਾਗ ਵਲੋਂ ਸੰਨ੍ਹ 2017 ਵਿਚ ਘੜਿਆਲ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਤੇ ਪਹਿਲੇ ਪੜਾਅ ਵਿਚ 25 ਦਸੰਬਰ 2017 ਨੂੰ 10 ਘੜਿਆਲ ਬਿਆਸ ਦਰਿਆ ਵਿਚ ਛੱਡੇ ਗਏ ਸਨ ਅਤੇ ਇਸ ਤੋਂ ਬਾਅਦ ਵੱਖ-ਵੱਖ ਸਮਿਆਂ ਤੇ ਹੋਰ ਘੜਿਆਲ ਦਰਿਆ ਵਿਚ ਛੱਡੇ ਗਏ ਅਤੇ ਇੰਨਾ ਦੀ ਕੁੱਲ ਗਿਣਤੀ 94 ਸੀ, ਜਿੰਨਾ ਵਿਚੋਂ ਲਗਪਗ 2 ਸਾਲ ਪਹਿਲਾਂ 2 ਘੜਿਆਲਾਂ ਦੀ ਮੌਤ ਹੋ ਗਈ ਸੀ। ਹੁਣ ਇਹ ਘੜਿਆਲ ਬਿਆਸ ਦਰਿਆ ਅਤੇ ਹਰੀਕੇ ਹੈੱਡ ਵਰਕਸ ਤੋਂ ਇਲਾਵਾ ਰਾਜਸਥਾਨ ਫੀਡਰ ਨਹਿਰ ਅਤੇ ਫਿਰੋਜ਼ਪੁਰ ਫੀਡਰ ਨਹਿਰ ਦੇ ਕਿਨਾਰਿਆਂ ’ਤੇ ਅਕਸਰ ਦਿਖਾਈ ਦਿੰਦੇ ਹਨ, ਜੋ ਲੋਕਾਂ ਦੀ ਖਿੱਚ ਦਾ ਕੇਂਦਰ ਬਣਦੇ ਹਨ। ਇਹ ਘੜਿਆਲ ਜੋ ਕਿ ਬਿਆਸ ਦਰਿਆ ਵਿਚ ਛੱਡਣ ਸਮੇਂ 3 ਤੋਂ 4 ਫੁੱਟ ਦੇ ਸਨ ਤੇ ਹੁਣ ਇੰਨਾ ਦੀ ਲੰਬਾਈ 12 ਫੁੱਟ ਤੱਕ ਹੋ ਚੁੱਕੀ ਹੈ। ਘੜਿਆਲ ਪ੍ਰਾਜੈਕਟ ਦਾ ਕਿਸਾਨਾਂ ਨੇ ਕੀਤਾ ਸੀ ਵਿਰੋਧ ਜ਼ਿਕਰਯੋਗ ਹੈ ਕਿ ਜਦ ਸੰਨ੍ਹ 2017 ਵਿਚ ਵਿਭਾਗ ਵਲੋਂ ਬਿਆਸ ਦਰਿਆ ਵਿਚ ਘੜਿਆਲ ਛੱਡੇ ਜਾਣ ਦੀ ਯੋਜਨਾ ਬਣਾਈ ਤਾਂ ਬਿਆਸ ਦਰਿਆ ਦੇ ਕਿਨਾਰੇ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਇਸ ਦਾ ਪਤਾ ਲੱਗਾ ਅਤੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ, ਜਿਸ ’ਤੇ ਜੰਗਲੀ ਜੀਵ ਤੇ ਵਣ ਵਿਭਾਗ ਵਲੋਂ ਸੰਨ੍ਹ 2017 ਵਿਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨਾਲ ਮੀਟਿੰਗਾਂ ਵੀ ਕੀਤੀਆਂ, ਜਿਸ ਵਿਚ ਵਿਭਾਗ ਦੇ ਉੱਚ ਅਧਿਕਾਰੀ ਹਰੀਕੇ ਪੱਤਣ ਪੁੱਜ ਕੇ ਕਿਸਾਨਾਂ ਨੂੰ ਜਾਗਰੂਕ ਕਰਵਾਉਂਦੇ ਰਹੇ ਕਿ ਇਹ ਪ੍ਰਾਜੈਕਟ ਜਿੱਥੇ ਆਲੋਪ ਹੋ ਰਹੀ ਘੜਿਆਲ ਪ੍ਰਜਾਤੀ ਨੂੰ ਬਚਾਉਣ ਵਿਚ ਸਹਾਈ ਹੋਵੇਗਾ, ਉੱਥੇ ਹਰੀਕੇ ਝੀਲ ਦੀ ਸ਼ਾਨ ਵੀ ਵਧੇਗੀ। ਪਰ ਕਿਸਾਨਾਂ ਨਾਲ ਵਿਭਾਗ ਦੀਆਂ ਇਹ ਮੀਟਿੰਗਾਂ ਬੇਸਿੱਟਾ ਰਹੀਆਂ ਤੇ ਕਿਸਾਨਾਂ ਵਲੋਂ ਵਿਰੋਧ ਜਾਰੀ ਰਿਹਾ ਕਿ ਸਾਡੀਆਂ ਜ਼ਮੀਨਾਂ ਦਰਿਆ ਤੋਂ ਪਾਰ ਹੈ ਤੇ ਸਾਨੂੰ ਦਰਿਆ ਪਾਰ ਕਰਕੇ ਪਾਣੀ ਦੇ ਰਸਤੇ ਜਾਣਾ ਪੈਂਦਾ ਹੈ ਤੇ ਇਹ ਘੜਿਆਲ ਸਾਡੇ ਲਈ ਘਾਤਕ ਸਾਬਿਤ ਹੋ ਸਕਦੇ ਹਨ। ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਵਿਭਾਗ ਨੇ 25 ਦਸੰਬਰ 2017 ਨੂੰ ਚੁੱਪ ਚੁਪੀਤੇ 10 ਘੜਿਆਲ ਛੱਡ ਕੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਘੜਿਆਲ ਵਲੋਂ ਜੰਗਲੀ ਜੀਵ ਤੇ ਵਣ ਵਿਭਾਗ ਦੇ ਕਰਮਚਾਰੀ ਦੇ ਹਮਲਾ ਕਰਨ ਤੋਂ ਬਾਅਦ ਇਲਾਕੇ ਦੇ ਕਿਸਾਨਾਂ ਵਿਚ ਵੀ ਇਸ ਪ੍ਰਤੀ ਡਰ ਵਧੇਗਾ।
ਪਿਛਲੀ ਖ਼ਬਰ ਘਰ ਵਿਚੋਂ ਨਕਦੀ ਅਤੇ ਗਹਿਣੇ ਚੋਰੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ‘ਡੋਰ-ਟੂ-ਡੋਰ’ ਮੁਹਿੰਮ ਦੀ ਕੱਲ੍ਹ ਨੂੰ ਹੋਵੇਗੀ ਸ਼ੁਰੂਆਤ-ਬੀਬਾ ਰਮਨਦੀਪ ਕੌਰ ਸ਼ੇਰੋਂ ਤੇ ਬਿੱਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।