ਪ੍ਰਵਾਸੀ ਭਾਰਤੀ ਕਾਰੋਬਾਰੀ ਦੀ ਖ਼ੁਦਕੁਸ਼ੀ ਦੇ ਮਾਮਲੇ ’ ਚ ਜੇਲ੍ਹ ਵਿਚ ਬੰਦ ਨਾਮਜ਼ਦ ਦੋਸ਼ੀਆਂ ਦੀ ਕੁੱਟਮਾਰ ਕਰਨ ਉਪਰੰਤ ਹਵਾਲਾਤੀਆਂ ਨੇ 2 ਲੱਖ ਦੀ ਵਸੂਲੀ ਫਿਰੌਤੀ
ਲੁਧਿਆਣਾ, 1 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ ਵਿਚ ਪ੍ਰਵਾਸੀ ਭਾਰਤੀ ਕਾਰੋਬਾਰੀ ਵਲੋਂ ਕੀਤੀ ਖ਼ੁਦਕੁਸ਼ੀ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਦੋ ਮੁਲਜ਼ਮਾਂ ਦੀ ਕੁੱਟਮਾਰ ਕਰਨ ਉਪਰੰਤ ਹਵਾਲਾਤੀਆਂ ਵਲੋਂ ਉਨ੍ਹਾਂ ਪਾਸੋਂ 2 ਲੱਖ ਰੁਪਏ ਦੀ ਫਿਰੌਤੀ ਵਸੂਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਇਸ ਮਾਮਲੇ ਵਿਚ ਛੇ ਹਵਾਲਾਤੀਆਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਲੁਧਿਆਣਾ, 1 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ ਵਿਚ ਪ੍ਰਵਾਸੀ ਭਾਰਤੀ ਕਾਰੋਬਾਰੀ ਵਲੋਂ ਕੀਤੀ ਖ਼ੁਦਕੁਸ਼ੀ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਦੋ ਮੁਲਜ਼ਮਾਂ ਦੀ ਕੁੱਟਮਾਰ ਕਰਨ ਉਪਰੰਤ ਹਵਾਲਾਤੀਆਂ ਵਲੋਂ ਉਨ੍ਹਾਂ ਪਾਸੋਂ 2 ਲੱਖ ਰੁਪਏ ਦੀ ਫਿਰੌਤੀ ਵਸੂਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਇਸ ਮਾਮਲੇ ਵਿਚ ਛੇ ਹਵਾਲਾਤੀਆਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਇਹ ਕਾਰਵਾਈ ਸਹਾਇਕ ਸੁਪਰੀਡੈਂਟ ਰਿਸ਼ਵ ਪਾਲ ਗੋਇਲ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸੰਬੰਧੀ ਜੇਲ੍ਹ ਵਿਚ ਬੰਦ ਹਰਸਿਮਰਨ ਸਿੰਘ ਮੰਡ, ਜਗਵੀਰ ਸਿੰਘ, ਜਤਿੰਦਰ ਸਿੰਘ ਅਤੇ ਗੁਰਜੀਤ ਉਰਫ਼ ਹਰਮਨ ਸੁਖਮਨ ਖ਼ਿਲਾਫ਼ ਵੱਖ ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁੱਖ ਕਥਿਤ ਦੋਸ਼ੀ ਮੰਡ ਪੁਲਿਸ ਮੁਲਾਜ਼ਮਾਂ ਉਪਰ ਗੋਲੀ ਚਲਾਉਣ ਸਮੇਤ ਕਈ ਹੋਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਜਦਕਿ ਬਾਕੀ ਦੋਸ਼ੀਆਂ ਖ਼ਿਲਾਫ਼ ਵੀ ਕਈ ਸੰਗੀਨ ਮਾਮਲੇ ਦਰਜ ਹਨ। ਬੀਤੇ ਦਿਨ ਸਥਾਨਕ ਪੱਖੋਵਾਲ ਰੋਡ ’ਤੇ ਇਕ ਹੋਟਲ ਵਿਚ ਪ੍ਰਵਾਸੀ ਭਾਰਤੀ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਵਿਚ ਪੁਲਿਸ ਵਲੋਂ ਰੁਪੇਸ਼ ਪੂਰੀ ਅਤੇ ਨੀਰਜ ਆਦਿਆ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਜੇਲ੍ਹ ਵਿਚ ਇਹਨਾਂ ਕਥਿਤ ਦੋਸ਼ੀਆਂ ਨੇ ਦੋਵਾਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਫ਼ੋਨ ਰਾਹੀਂ ਆਪਣੇ ਜਾਣਕਾਰ ਦੇ ਖਾਤੇ ਵਿਚ 2 ਲੱਖ ਰੁਪਏ ਦੀ ਨਗਦੀ ਤਬਦੀਲ ਕਰਵਾ ਲਈ। ਕਥਿਤ ਦੋਸ਼ੀ ਨੇ ਮੰਡ ਨੇ ਨੀਰਜ ਨੂੰ ਆਪਣਾ ਮੋਬਾਈਲ ਦਿੱਤਾ, ਜਿਸ ’ਤੇ ਨੀਰਜ ਨੇ ਜੇਲ੍ਹ ਵਿਚੋਂ ਹੀ ਆਪਣੇ ਕਿਸੇ ਜਾਣਕਾਰ ਨੂੰ ਫ਼ੋਨ ਕਰਕੇ 2 ਲੱਖ ਰੁਪਏ ਇਹਨਾਂ ਕਥਿਤ ਦੋਸ਼ੀਆਂ ਵਲੋਂ ਦੱਸੇ ਗਏ ਨੌਜਵਾਨ ਨੂੰ ਇਹ ਨਗਦੀ ਦੇਣ ਲਈ ਕਿਹਾ ਸੀ ਅਤੇ ਧਮਕੀਆਂ ਵੀ ਦਿੱਤੀਆਂ ਸਨ। ਪੁਲਿਸ ਅਤੇ ਜੇਲ੍ਹ ਅਧਿਕਾਰੀਆਂ ਵਲੋਂ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ। ਜੇਲ੍ਹ ਅਧਿਕਾਰੀਆਂ ਵਲੋਂ ਮੰਡ ਪਾਸੋਂ ਇਕ ਮੋਬਾਈਲ ਵੀ ਬਰਾਮਦ ਕੀਤਾ ਗਿਆ ਹੈ।