108 ਐਂਬੂਲੈਂਸ ਯੂਨੀਅਨ ਨੇ ਪੰਜਾਬ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ
ਮੰਗਾਂ ਨੂੰ ਲੈ ਕੇ ਜਗਰਾਉਂ ਪੁਲ ਵਿਖੇ ਸੂਬਾ ਸਰਕਾਰ ਦਾ ਪੁਤਲਾ ਫੂਕ ਕੀਤੀ ਨਾਅਰੇਬਾਜ਼ੀ
ਲੁਧਿਆਣਾ, 4 ਅਕਤੂਬਰ (ਡਾ. ਤਰਲੋਚਨ ਸਿੰਘ)-108 ਐਂਬੂਲੈਂਸ ਯੂਨੀਅਨ ਨੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖ਼ੋਲ ਦਿੱਤਾ ਹੈ, ਅੱਜ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਜਗਰਾਉਂ ਪੁਲ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਲੁਧਿਆਣਾ, 4 ਅਕਤੂਬਰ (ਡਾ.ਤਰਲੋਚਨ ਸਿੰਘ)-108 ਐਂਬੂਲੈਂਸ ਯੂਨੀਅਨ ਨੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖ਼ੋਲ ਦਿੱਤਾ ਹੈ, ਅੱਜ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਜਗਰਾਉਂ ਪੁਲ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਨੇ ਸਿਵਲ ਹਸਪਤਾਲ ਤੋਂ ਲੈ ਕੇ ਜਗਰਾਉਂ ਪੁਲ ਤੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਅਤੇ ਹੜ੍ਹ ਵਰਗੀਆਂ ਆਫ਼ਤਾਂ ਨਾਲ ਜੂਝ ਰਿਹਾ ਸੀ ਤਾਂ ਉਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਡਿਊਟੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਓ ਲਈ ਕੋਈ ਸਾਮਾਨ ਦੇਣਾ ਤਾਂ ਦੂਰ, ਉਨ੍ਹਾਂ ਦੀਆਂ ਬੁਨਿਆਦੀ ਮੰਗਾਂ ਨੂੰ ਵੀ ਪੂਰੀ ਤਰਾਂ ਅਣਗੌਲਿਆ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਸਿਰਫ਼ ਝੂਠੇ ਲਾਰੇ ਹੀ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਗ ਬਰਾਬਰ ਕੰਮ ਦੇ ਬਰਾਬਰ ਤਨਖ਼ਾਹ ਹੈ, ਜਿਸ ’ਤੇ ਸਰਕਾਰ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਸਾਲ 2023 ‘ਚ ਲਾਡੋਵਾਲ ਟੋਲ ਪਲਾਜ਼ਾ ’ਤੇ ਦਿੱਤੇ ਧਰਨੇ ਤੋਂ ਬਾਅਦ ਸਿਹਤ ਮੰਤਰੀ ਨੇ ਉਨ੍ਹਾਂ ਦੀ ਤਨਖ਼ਾਹ ’ਚ 5 ਹਜ਼ਾਰ ਦਾ ਵਾਧਾ ਕੀਤਾ ਸੀ, ਪਰ ਜਨਵਰੀ 2023 ਤੋਂ ਉਨ੍ਹਾਂ ਦੀ ਤਨਖ਼ਾਹ ‘ਚ ਵਧੇ ਪੈਸੇ ਵਾਪਸ ਕੱਟ ਲਏ ਗਏ। ਉਨ੍ਹਾਂ ਕਿਹਾ ਕਿ ਅੱਜ ਤੱਕ ਚੰਡੀਗੜ੍ਹ ਦੇ ਗੇੜੇ ਲਗਾਉਣ ਦੇ ਬਾਵਜੂਦ ਕੱਟਿਆ ਪੈਸਾ ਬਹਾਲ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 40 ਹਜ਼ਾਰ ਰੁਪਏ ਤਨਖ਼ਾਹ ਦਾ ਜੋ ਨਵਾਂ ਡਰਾਫ਼ਟ ਤਿਆਰ ਹੋਇਆ ਸੀ, ਉਸ ਨੂੰ ਵੀ ਬਜਟ ਦਾ ਬਹਾਨਾ ਬਣਾ ਕੇ ਲਾਗੂ ਨਹੀਂ ਕੀਤਾ ਜਾ ਰਿਹਾ। ਯੂਨੀਅਨ ਆਗੂਆਂ ਨੇ ਤੰਜ ਕਸਦਿਆਂ ਕਿਹਾ ਕਿ ਸਰਕਾਰ ਵਲੋਂ ਇਸ਼ਤਿਹਾਰਾਂ ਅਤੇ ਤੀਰਥ ਯਾਤਰਾ ਲਈ ਬੱਸਾਂ ’ਤੇ ਤਾਂ ਕਰੋੜਾਂ ਰੁਪਏ ਖ਼ਰਚ ਕਰ ਰਹੀ ਹੈ, ਪਰ ਮੁਲਾਜ਼ਮਾਂ ਲਈ ਉਨ੍ਹਾਂ ਕੋਲ ਬਜਟ ਨਹੀਂ ਹੈ। ਯੂਨੀਅਨ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਪਟਿਆਲਾ ਸ਼ਹਿਰ ਨੂੰ ਪੂਰੀ ਤਰਾਂ ਨਾਲ ਬੰਦ ਕੀਤਾ ਜਾਵੇਗਾ ਅਤੇ ਸਿਹਤ ਮੰਤਰੀ ਦੀ ਕੋਠੀ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ। ਇਸਤੋਂ ਇਲਾਵਾ ਪੂਰੇ ਪੰਜਾਬ ’ਚ 108 ਐਂਬੂਲੈਂਸ ਸੇਵਾ ਦਾ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ, ਜਿਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਦੀ ਹੋਵੇਗੀ।