ਹਲਕਾ ਗਿੱਲ ਦੀ ਸਿਆਸਤ ’ਚ ਵੱਡੇ ਫੇਰਬਦਲ ਦੀ ਖੁੰਡ ਚਰਚਾ ਤੇਜ਼, ਟਿਕਟਾਂ ਦੇ ਦਾਅਵੇਦਾਰਾਂ ਵਿੱਢੀਆਂ ਸਰਗਰਮੀਆਂ
ਸੰਗੋਵਾਲ ਦੀ ਟਿਕਟ ਨੂੰ ਲੈ ਕੇ ਕਿਆਸਰਾਈਆਂ, ਨੌਜਵਾਨ ਵਲੰਟੀਅਰ ਤੇ ਅਕਾਲੀ ਆਗੂ ਦੀ ਸਰਗਰਮੀ ਨੇ ਵਧਾਈ ਸਿਆਸੀ ਹਲਚਲ
ਫੁੱਲਾਂਵਾਲ, 26 ਨਵੰਬਰ (ਮਨਜੀਤ ਸਿੰਘ ਦੁੱਗਰੀ)-ਵਿਧਾਨ ਸਭਾ ਹਲਕਾ ਗਿੱਲ ਦੀ ਸਿਆਸਤ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣੇ ਤੋਂ ਹੀ ਵੱਡੇ ਫੇਰਬਦਲ ਦੀ ਖੂੰਡ ਚਰਚਾ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਸਿਆਸੀ ਹਲਕਿਆਂ ਤੱਕ ਆਮ ਹੋਣ ਲੱਗੀ ਹੈ। ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਟਿਕਟ ਨੂੰ ਲੈ ਕੇ ਲੱਗ ਰਹੇ ਕਿਆਸਰਾਈਆਂ ਦੇ ਚੱਲਦਿਆਂ ਵੱਖ-ਵੱਖ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਨੇ ਹਲਕੇ ’ਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।
ਚ
ਚਰਨਦੀਪ ਸਿੰਘ ਚੰਨੀ
27-11-2026
ਫੁੱਲਾਂਵਾਲ, 26 ਨਵੰਬਰ (ਮਨਜੀਤ ਸਿੰਘ ਦੁੱਗਰੀ)-ਵਿਧਾਨ ਸਭਾ ਹਲਕਾ ਗਿੱਲ ਦੀ ਸਿਆਸਤ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣੇ ਤੋਂ ਹੀ ਵੱਡੇ ਫੇਰਬਦਲ ਦੀ ਖੂੰਡ ਚਰਚਾ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਸਿਆਸੀ ਹਲਕਿਆਂ ਤੱਕ ਆਮ ਹੋਣ ਲੱਗੀ ਹੈ। ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਟਿਕਟ ਨੂੰ ਲੈ ਕੇ ਲੱਗ ਰਹੇ ਕਿਆਸਰਾਈਆਂ ਦੇ ਚੱਲਦਿਆਂ ਵੱਖ-ਵੱਖ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਨੇ ਹਲਕੇ ’ਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਹਲਕੇ ਵਿਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵਲੋਂ ਸੰਗੋਵਾਲ ਦੀ ਟਿਕਟ ਬਾਰੇ ਕੋਈ ਅੰਤਿਮ ਫ਼ੈਸਲਾ ਲੈਣ ਤੋਂ ਪਹਿਲਾਂ ਵੱਖ - ਵੱਖ ਪੱਧਰਾਂ ’ਤੇ ਸਿਆਸੀ ਸਮੀਕਰਨਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਲੰਘੇ ਸਮੇਂ ਖੇਤੀਬਾੜੀ ਯੂਨੀਵਰਸਿਟੀ ਦੇ ਕੈਂਪਸ ਤੋਂ ਚਰਚਾ ਵਿਚ ਆਏ ਇਕ ਨੌਜਵਾਨ ਵਲੰਟੀਅਰ ਨੇ ਹਲਕੇ ਦੇ ਪਿੰਡਾਂ ਵਿਚ ਮੀਟਿੰਗਾਂ ਕਰਕੇ ਆਪਣੀ ਹੋਂਦ ਬਣਾਉਣ ਲਈ ਸਰਗਰਮੀਆਂ ਵਿੱਢੀਆਂ ਹੋਈਆਂ ਹਨ। ਦੂਜੇ ਪਾਸੇ, ਪਾਰਟੀ ਹਾਈਕਮਾਂਡ ਵਲੋਂ ਇਕ ਕੱਦਵਾਰ ਅਕਾਲੀ ਆਗੂ ਉਪਰ ਵੀ ਡੋਰੇ ਪਾਏ ਜਾਣ ਦੀਆਂ ਚਰਚਾਵਾਂ ਹਨ। ਹਲਕਾ ਗਿੱਲ ਦੀ ਸਿਆਸਤ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਦੀ ਭੂਮਿਕਾ ਵੀ ਅਹਿਮ ਮੰਨੀ ਜਾ ਰਹੀ ਹੈ। ਸਾਲ 2012 ਵਿਚ ਹੋਂਦ ਵਿਚ ਆਏ ਇਸ ਹਲਕੇ ਤੋਂ ਉਹ ਵਿਧਾਇਕ ਰਹਿ ਚੁੱਕੇ ਹਨ। ਮੌਜੂਦਾ ਸਮੇਂ ਉਹ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਉਮੀਦਵਾਰ ਵਜੋਂ ਹਲਕੇ ਵਿਚ ਚੋਣ ਪ੍ਰਚਾਰ ਕਰ ਰਹੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਰਿਟਾਇਰਡ ਜੱਜ ਹਰਪ੍ਰੀਤ ਸਿੰਘ ਸਿੰਮਕ ਨੂੰ ਹਲਕੇ ਵਿਚ ਸਰਗਰਮ ਰੱਖਿਆ ਜਾ ਰਿਹਾ ਹੈ। ਅਕਾਲੀ-ਭਾਜਪਾ ਗੱਠਜੋੜ ਤੋਂ ਬਾਅਦ ਇਹ ਸਵਾਲ ਵੀ ਸਿਆਸੀ ਚਰਚਾ ਵਿਚ ਹੈ ਕਿ ਹਲਕਾ ਗਿੱਲ ਦੀ ਸੀਟ ਕਿਸ ਪਾਰਟੀ ਦੇ ਹਿੱਸੇ ਆਵੇਗੀ। ਜੇਕਰ ਇਸ ਸੀਟ ਦੀ ਵੰਡ ਨੂੰ ਲੈ ਕੇ ਕੋਈ ਨਵਾਂ ਸਮੀਕਰਨ ਬਣਦਾ ਹੈ ਤਾਂ ਇਸ ਦਾ ਅਸਰ ਉਮੀਦਵਾਰਾਂ ਦੀ ਚੋਣ ਅਤੇ ਚੋਣ ਮੁਹਿੰਮ ‘ਤੇ ਪੈਣਾ ਸੁਭਾਵਿਕ ਹੈ। 2022 ਵਿਚ ਭਾਜਪਾ ਵਲੋਂ ਚੋਣ ਲੜਦਿਆਂ ਸੁੱਚਾ ਰਾਮ ਲਿੱਧੜ ਨੇ 13 ਹਜ਼ਾਰ ਦੇ ਕਰੀਬ ਵੋਟਾਂ ਪ੍ਰਾਪਤ ਕੀਤੀਆਂ ਸਨ, ਜਦਕਿ ਇਸ ਵਾਰ ਪਾਰਟੀ ਨਾਲ ਜੁੜੇ ਕੁੱਝ ਨਵੇਂ ਚਿਹਰੇ ਇਲਾਕੇ ਵਿਚ ਸਰਗਰਮ ਦਿਖਾਈ ਦੇ ਰਹੇ ਹਨ। ਕਾਂਗਰਸ ਦੀ ਗੱਲ ਕਰੀਏ ਤਾਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਹਲਕੇ ਵਿਚ ਕੁੱਝ ਵਿਰੋਧਤਾ ਦੀ ਚਰਚਾ ਹੈ। ਇਸ ਦੇ ਨਾਲ ਹੀ ਪਾਰਟੀ ਦੇ ਹੋਰ ਵਰਕਰ ਵੀ ਟਿਕਟ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਵਿਚ ਰੁੱਝੇ ਹੋਏ ਹਨ, ਜਿਸ ਕਾਰਨ ਕਾਂਗਰਸ ਅੰਦਰ ਵੀ ਉਮੀਦਵਾਰ ਦੀ ਚੋਣ ਨੂੰ ਲੈ ਕੇ ਮੁਕਾਬਲਾ ਦਿਲਚਸਪ ਬਣਨ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੁਨਰ ਸੁਰਜੀਤ ਪਾਰਟੀ ਵਲੋਂ ਅਜੇ ਤੱਕ ਕੋਈ ਕੱਦਵਾਰ ਆਗੂ ਹਲਕੇ ਵਿਚ ਸਰਗਰਮ ਨਜ਼ਰ ਨਹੀਂ ਆ ਰਿਹਾ, ਜਦਕਿ ਬਹੁਜਨ ਸਮਾਜ ਪਾਰਟੀ ਦੇ ਵਰਕਰ ਵੀ ਗੱਠਜੋੜ ਜਾਂ ਸਮਝੌਤੇ ਬਾਰੇ ਸਥਿਤੀ ਸਪਸ਼ਟ ਹੋਣ ਦੀ ਉਡੀਕ ਕਰ ਰਹੇ ਹਨ। ਅਜਿਹੇ ਹਾਲਾਤਾਂ ਵਿਚ ਸਾਰੀਆਂ ਪਾਰਟੀਆਂ ਦੀ ਨਜ਼ਰ ਆਪਣੇ-ਆਪਣੇ ਸਿਆਸੀ ਆਧਾਰ ਨੂੰ ਮਜ਼ਬੂਤ ਕਰਨ ਅਤੇ ਵੋਟਰਾਂ ਤੱਕ ਪਹੁੰਚ ਬਣਾਉਣ ‘ਤੇ ਟਿਕੀ ਹੋਈ ਹੈ। ਸਾਲ 2022 ਵਿਚ ਹਲਕਾ ਗਿੱਲ ਵਿਚ ਪੰਜ ਕੋਨਾ ਮੁਕਾਬਲਾ ਹੋਇਆ ਸੀ। ਇਸ ਵਾਰ ਵੀ ਮੁਕਾਬਲਾ ਪੰਜ ਕੋਨਾ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਫ਼ਿਲਹਾਲ ਹਲਕੇ ਦੇ ਪਿੰਡਾਂ ਦੀਆਂ ਸੱਥਾਂ ਵਿਚ ਚੱਲ ਰਹੀ ਖੂੰਡ ਚਰਚਾ ਦਾ ਕੇਂਦਰ ਇਹੋ ਹੈ ਕਿ ਆਖ਼ਰ ਕਿਹੜੀ ਪਾਰਟੀ ਕਿਸ ਉਮੀਦਵਾਰ ’ਤੇ ਦਾਅ ਖੇਡਦੀ ਹੈ ਅਤੇ ਕਿਹੜਾ ਆਗੂ ਕਿਸ ਸਿਆਸੀ ਧੜੇ ਨਾਲ ਖੜ੍ਹਦਾ ਹੈ। ਸਿਆਸੀ ਸਰਗਰਮੀਆਂ ਦੇ ਇਸ ਦੌਰ ਵਿਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਮੌਜੂਦਾ ਵਿਧਾਇਕ ਸੰਗੋਵਾਲ ਆਪਣੀ ਟਿਕਟ ਬਚਾ ਸਕਣਗੇ ਜਾਂ ਹਾਈਕਮਾਂਡ ਕਿਸੇ ਨਵੇਂ ਚਿਹਰੇ ਨੂੰ ਮੌਕਾ ਦੇਵੇਗੀ। ਇਨ੍ਹਾਂ ਸਵਾਲਾਂ ਦੇ ਜਵਾਬ ਸਾਹਮਣੇ ਆਉਣ ਨਾਲ ਹੀ ਹਲਕਾ ਗਿੱਲ ਦੀ ਚੋਣ ਸਿਆਸਤ ਦੀ ਅਸਲ ਤਸਵੀਰ ਸਪਸ਼ਟ ਹੋ ਸਕੇਗੀ।