ਅਹਿਮ - ਮੱਦ ਨੰਬਰ 66 ਨੂੰ ਲੈ ਕੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਦਾ ਇਤਰਾਜ਼
ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਮੰਗ
ਲੁਧਿਆਣਾ, 28 ਨਵੰਬਰ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ 23 ਨਵੰਬਰ ਨੂੰ ਹੋਈ ਮੀਟਿੰਗ ਦੌਰਾਨ ਪਾਸ ਕੀਤੀ ਮੱਦ ਨੰਬਰ 66 ਨੂੰ ਲੈ ਕੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਗੰਭੀਰ ਇਤਰਾਜ਼ ਚੁੱਕੇ ਹਨ। ਉਨ੍ਹਾਂ ਕੰਪਨੀ ਨੂੰ ਕੰਸਲਟੈਂਟ ਵਜੋਂ ਰੱਖਣ ਅਤੇ ਹਰ ਛੇ ਮਹੀਨੇ ਬਾਅਦ ਲਗਾਤਾਰ ਐਕਸਟੈਨਸ਼ਨ ਦੇਣ ਦੀ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕਰਦਿਆਂ ਮਤੇ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ।
ਲੁਧਿਆਣਾ, 28 ਨਵੰਬਰ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ 23 ਨਵੰਬਰ ਨੂੰ ਹੋਈ ਮੀਟਿੰਗ ਦੌਰਾਨ ਪਾਸ ਕੀਤੀ ਮੱਦ ਨੰਬਰ 66 ਨੂੰ ਲੈ ਕੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਗੰਭੀਰ ਇਤਰਾਜ਼ ਚੁੱਕੇ ਹਨ। ਉਨ੍ਹਾਂ ਕੰਪਨੀ ਨੂੰ ਕੰਸਲਟੈਂਟ ਵਜੋਂ ਰੱਖਣ ਅਤੇ ਹਰ ਛੇ ਮਹੀਨੇ ਬਾਅਦ ਲਗਾਤਾਰ ਐਕਸਟੈਨਸ਼ਨ ਦੇਣ ਦੀ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕਰਦਿਆਂ ਮਤੇ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ। ਰਾਕੇਸ਼ ਪਰਾਸ਼ਰ ਵਲੋਂ ਨਿਗਮ ਪ੍ਰਸ਼ਾਸਨ ਨੂੰ ਲਿਖੇ ਪੱਤਰ ਅਨੁਸਾਰ ਸਬੰਧਿਤ ਕੰਪਨੀ ਨੂੰ ਪਹਿਲਾਂ ਛੇ ਮਹੀਨਿਆਂ ਲਈ ਕੰਸਲਟੈਂਟ ਵਜੋਂ ਰੱਖਿਆ ਗਿਆ ਸੀ, ਪਰ ਇਸਤੋਂ ਬਾਅਦ ਹਰ ਛੇ ਮਹੀਨੇ ਬਾਅਦ ਉਸ ਦੀ ਮਿਆਦ ਵਧਾਈ ਜਾ ਰਹੀ ਹੈ। ਉਨ੍ਹਾਂ ਇਸ ਪ੍ਰਕਿਰਿਆ ’ਤੇ ਇਤਰਾਜ਼ ਜਤਾਉਂਦਿਆਂ ਸਵਾਲ ਕੀਤਾ ਹੈ ਕਿ ਜਦੋਂ ਕੰਪਨੀ ਨੂੰ ਸੀਮਤ ਸਮੇਂ ਲਈ ਕੰਸਲਟੈਂਟ ਨਿਯੁਕਤ ਕੀਤਾ ਗਿਆ ਸੀ ਤਾਂ ਵਾਰ-ਵਾਰ ਐਕਸਟੈਨਸ਼ਨ ਦੇ ਫ਼ੈਸਲੇ ਦਾ ਆਧਾਰ ਕੀ ਹੈ ਅਤੇ ਇਸ ਸਬੰਧੀ ਪੂਰੀ ਜਾਣਕਾਰੀ ਕਮੇਟੀ ਸਾਹਮਣੇ ਕਿਉਂ ਨਹੀਂ ਰੱਖੀ ਗਈ। ਉਨ੍ਹਾਂ ਵਲੋਂ ਵਰਕਸ਼ਾਪ ਸ਼ਾਖਾ ਦੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਚੁੱਕੇ ਗਏ ਹਨ। ਉਨ੍ਹਾਂ ਇਤਰਾਜ਼ ਜਤਾਇਆ ਕਿ ਮੱਦ ਨੰਬਰ 66 ਨੂੰ ਸਹੀ ਵਿਸ਼ੇ ਅਤੇ ਪੂਰੀ ਜਾਣਕਾਰੀ ਨਾਲ ਪੇਸ਼ ਕਰਨ ਦੀ ਬਜਾਏ ਅੰਗਰੇਜ਼ੀ ਭਾਸ਼ਾ ਵਿਚ ਇਸ ਤਰ੍ਹਾਂ ਰੱਖਿਆ ਗਿਆ, ਜਿਸ ਨਾਲ ਵਿੱਤ ਤੇ ਠੇਕਾ ਕਮੇਟੀ ਦੇ ਮੈਂਬਰਾਂ ਨੂੰ ਮਾਮਲੇ ਦੀ ਅਸਲ ਸਥਿਤੀ ਸਮਝਣ ਵਿਚ ਮੁਸ਼ਕਲ ਆਈ। ਉਨ੍ਹਾਂ ਦੋਸ਼ ਲਾਇਆ ਕਿ ਮੱਦ ਪੇਸ਼ ਕਰਨ ਦੇ ਢੰਗ ਰਾਹੀਂ ਕਮੇਟੀ ਮੈਂਬਰਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਅਨੁਸਾਰ ਮੀਟਿੰਗ ਦੌਰਾਨ ਨਿਗਮ ਅਧਿਕਾਰੀਆਂ ਵਲੋਂ ਨਾ ਤਾਂ ਇਸ ਮਾਮਲੇ ਬਾਰੇ ਕੋਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਨਾ ਹੀ ਕੋਈ ਚਰਚਾ ਕਰਵਾਈ ਗਈ, ਜਿਸ ਕਾਰਨ ਮੱਦ ਦੇ ਮਹੱਤਵਪੂਰਨ ਪਹਿਲੂ ਕਮੇਟੀ ਸਾਹਮਣੇ ਸਪਸ਼ਟ ਨਹੀਂ ਹੋ ਸਕੇ। ਉਨ੍ਹਾਂ ਮੰਗ ਕੀਤੀ ਕਿ ਮੱਦ ਨੰਬਰ 66 ਦੇ ਫ਼ੈਸਲੇ ’ਤੇ ਮੁੜ ਵਿਚਾਰ ਕੀਤਾ ਜਾਵੇ। ਕੰਪਨੀ ਨੂੰ ਦਿੱਤੀਆਂ ਜਾ ਰਹੀਆਂ ਐਕਸਟੈਨਸ਼ਨਾਂ ਦਾ ਆਧਾਰ ਅਤੇ ਪੂਰਾ ਰਿਕਾਰਡ ਸਾਹਮਣੇ ਲਿਆਂਦਾ ਜਾਵੇ ਅਤੇ ਵਰਕਸ਼ਾਪ ਸ਼ਾਖਾ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਸਮੀਖਿਆ ਕੀਤੀ ਜਾਵੇ ਤਾਂ ਜੋ ਕਮੇਟੀ ਵਿਚ ਫ਼ੈਸਲੇ ਪੂਰੀ ਜਾਣਕਾਰੀ, ਪਾਰਦਰਸ਼ਤਾ ਅਤੇ ਨਿਯਮਾਂ ਅਨੁਸਾਰ ਲਏ ਜਾ ਸਕਣ।