ਚੰਡੀਗੜ੍ਹ, 7 ਸਤੰਬਰ (ਮਾਰਕੰਡਾ)- ਪੀ.ਜੀ.ਆਈ ਚੰਡੀਗੜ੍ਹ ਦੇ ਐਨ.ਆਈ.ਐਨ.ਈ ਆਡੀਟੋਰੀਅਮ ਵਿਖੇ 63ਵਾਂ ਸੰਸਥਾਨ ਸਥਾਪਨਾ ਦਿਵਸ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਦੀ ਤੌਰ ਪ੍ਰੋ. ਅਜੀਤ ਕੁਮਾਰ ਚਤੁਰਵੇਦੀ ਉਪ-ਕੁਲਪਤੀ ਬਨਾਰਸ ਹਿੰਦੂ ਯੂਨੀਵਰਸਿਟੀ ਵਾਰਾਣਸੀ ਪਹੁੰਚੇ। ਜਿਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਡਾਕਟਰਾਂ ਦੀਆਂ ਯੋਗਤਾਵਾਂ ਨੂੰ ਵਧਾ ਕੇ, ਵਧੇਰੇ ਗਿਆਨ, ਕੁਸ਼ਲਤਾ ਅਤੇ ਪਹੁੰਚ ਨੂੰ ਸਮਰੱਥ ਕਰਕੇ ਸਿਹਤ ਸੰਭਾਲ ਨੂੰ ਬੁਨਿਆਦੀ ਤੌਰ ’ਤੇ ਬਦਲਿਆ ਜਾ ਸਕਦਾ ਹੈ। ਸਥਾਪਨਾ ਦਿਵਸ ਸਮਾਰੋਹ ਵਿਚ ਡਾ. ਅਲਕਾ ਰਾਓ ਡਾਇਰੈਕਟਰ ਆਈ.ਐਮ.ਟੈੱਕ ਚੰਡੀਗੜ੍ਹ, ਪ੍ਰੋ. ਯੋਗੇਸ਼ ਚਾਵਲਾ ਸਾਬਕਾ ਡਾਇਰੈਕਟਰ ਪੀ.ਜੀ.ਆਈ, ਪ੍ਰੋ. ਸੰਜੇ ਜੈਨ ਡੀਨ (ਅਕਾਦਮਿਕ), ਪ੍ਰੋ. ਸੰਜੀਵ ਹਾਂਡਾ ਡੀਨ (ਖੋਜ), ਪ੍ਰੋ. ਅਸ਼ੋਕ ਕੁਮਾਰ ਮੈਡੀਕਲ ਸੁਪਰਡੈਂਟ-ਕਮ-ਮੁਖੀ ਹਸਪਤਾਲ ਪ੍ਰਸ਼ਾਸਨ ਵਿਭਾਗ, ਰਵਿੰਦਰ ਸਿੰਘ ਵਿੱਤੀ ਸਲਾਹਕਾਰ ਸਮੇਤ ਸੀਨੀਅਰ ਫੈਕਲਟੀ, ਰੈਜ਼ੀਡੈਂਟ ਡਾਕਟਰ, ਨਰਸਿੰਗ ਅਫ਼ਸਰ ਅਤੇ ਪੀ.ਜੀ.ਆਈ ਭਾਈਚਾਰੇ ਦੇ ਹੋਰ ਮੈਂਬਰ ਵੀ ਸ਼ਾਮਿਲ ਸਨ। ਪ੍ਰੋ. ਅਜੀਤ ਕੁਮਾਰ ਨੇ ਕਿਹਾ ਕਿ ਏਆਈ ਇਕ ਤਕਨੀਕੀ ਨਵੀਨਤਾ ਤੋਂ ਪਰੇ ਹੋ ਕੇ ਸਿਹਤ ਸੰਭਾਲ, ਖੋਜ ਅਤੇ ਫੈਸਲਾ ਲੈਣ ਵਿਚ ਡੂੰਘਾਈ ਨਾਲ ਪ੍ਰਵੇਸ਼ ਕਰ ਚੁੱਕਾ ਹੈ। ਏਆਈ ਨੇ ਬਾਜ਼ਾਰ ਵਿਚ ਬਹੁਤ ਡੂੰਘੀ ਪ੍ਰਵੇਸ਼ ਕਰ ਲਿਆ ਹੈ। ਏਆਈ ਡਾਕਟਰਾਂ ਨੂੰ ਕਲੀਨਿਕਲ ਰਿਕਾਰਡਾਂ, ਪੈਥੋਲੋਜੀ ਰਿਪੋਰਟਾਂ ਅਤੇ ਵਿਗਿਆਨਕ ਸਾਹਿਤ ਤੋਂ ਜਾਣਕਾਰੀ ਕੱਢਣ ਵਿਚ ਸਹਾਇਤਾ ਕਰ ਰਿਹਾ ਹੈ।ਇਸ ਤੋਂ ਪਹਿਲਾ ਪ੍ਰੋ. ਵਿਵੇਕ ਲਾਲ ਡਾਇਰੈਕਟਰ ਪੀ.ਜੀ.ਆਈ ਨੇ ਸੰਸਥਾ ਦੇ ਸ਼ਾਨਦਾਰ ਵਿਸਥਾਰ, ਵਧਦੀ ਮਰੀਜ਼ ਸਮਰੱਥਾ, ਕਿਫਾਇਤੀ ਸਿਹਤ ਸੰਭਾਲ ਪਹਿਲਕਦਮੀਆਂ ਅਤੇ ਘਟਦੀ ਉਡੀਕ ਸੂਚੀਆਂ ’ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਦੋ ਵੱਡੇ ਕੇਂਦਰਾਂ ਦਾ ਉਦਘਾਟਨ ਕਰਕੇ ਪੀ.ਜੀ.ਆਈ ਦੀਆਂ ਬਾਂਹਾ ਨੂੰ ਇਕ ਹੁਲਾਰਾ ਦਿੱਤਾ। ਐਡਵਾਂਸਡ ਮਦਰ ਐਂਡ ਚਾਈਲਡ ਸੈਂਟਰ ਅਤੇ ਐਡਵਾਂਸਡ ਨਿਊਰੋਸਾਇੰਸ ਸੈਂਟਰ ਨੇ ਸਿੱਧੇ ਤੌਰ ’ਤੇ 800 ਬਿਸਤਰੇ ਮਿਲੇ। ਜੋ ਹੁਣ 2,200 ਬਿਸਤਰਿਆਂ ਤੋਂ ਮਰੀਜ਼ਾਂ ਦੀ ਦੇਖਭਾਲ ਲਈ 3,000 ਬਿਸਤਰੇ ਹੋ ਚੁੱਕੇ ਹਨ। ਇਸੇ ਮੌਕੇ ਮੁੱਖ ਮਹਿਮਾਨ ਪ੍ਰੋ. ਅਜੀਤ ਕੁਮਾਰ ਚਤੁਰਵੇਦੀ ਦੀ ਹਾਜ਼ਰੀ ਵਿਚ ਪ੍ਰੋਫੈਸਰ ਵਿਵੇਕ ਲਾਲ, ਡੀਨ (ਅਕਾਦਮਿਕ) ਪ੍ਰੋ. ਸੰਜੇ ਜੈਨ ਅਤੇ ਡੀਨ (ਖੋਜ) ਪ੍ਰੋਫੈਸਰ ਸੰਜੀਵ ਹਾਂਡਾ ਨੇ ਪੀ.ਜੀ.ਆਈ ਦੇ ਪੈਂਤੀ ਕਰਮਚਾਰੀਆਂ ਜਿਨ੍ਹਾਂ ਵਿਚ ਅਲੇਲ ਸਿੰਘ ਨੇਗੀ, ਸੁਸ਼ੀਲ ਕੁਮਾਰ, ਭੂਰਾਮ ਸਿੰਘ, ਸਤੇ ਸਿੰਘ, ਪ੍ਰਤਾਪ ਚੰਦ, ਦੁਰਗਾ ਸਿੰਘ, ਕਿਰਨ ਪਾਲ, ਵਿਨੋਦ ਕੁਮਾਰ, ਧਨ ਸਿੰਘ, ਦੀਪਕ, ਸੋਨੂੰ, ਕਾਲੀ ਦਾਸ, ਰਾਜਿੰਦਰ ਸਿੰਘ, ਸੁਰਿੰਦਰ ਕੁਮਾਰ, ਪਰਮਜੀਤ ਸਿੰਘ, ਅਸ਼ੋਕ ਕੁਮਾਰ, ਰਵਜੀਤ ਸਿੰਘ, ਲਲਿਤਾ ਅਰੋੜਾ, ਅਸ਼ਵਨੀ ਕੁਮਾਰ, ਮਨਦੀਪ ਸੈਣੀ, ਓਮਿੰਦਰ ਕੁਮਾਰ, ਰਜਨੀ ਗੁਪਤਾ, ਰੀਤਾ, ਜੋਤੀ, ਮਨਪ੍ਰੀਤ ਕੌਰ, ਰਜਨੀ, ਰਾਜੇਸ਼, ਲਲਿਤ ਚੰਦ ਪੰਤ, ਸਚਿਨ ਸ਼ਰਮਾ, ਸ਼ਵੇਤਾ, ਵਿਵੇਕ ਕੁਮਾਰ, ਸੁਰਭੀ ਸ਼ਰਮਾ, ਸੌਰਭ ਸ਼ਰਮਾ, ਅੰਬਿਕਾ ਸੈਣੀ, ਆਨੰਦ ਯਾਦਵ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ। ਪੀ.ਜੀ.ਆਈ ਦੇ ਸੰਜੀਵ ਹਾਂਡਾ ਡੀਨ (ਖੋਜ) ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।