12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਮੁਹਾਲੀ ਦੀਆਂ ਟੁੱਟੀਆਂ ਸੜਕਾਂ ਨੇ ਵਿਕਾਸ ਦੇ ਦਾਅਵਿਆਂ ’ ਤੇ ਖੜ੍ਹੇ ਕੀਤੇ ਸਵਾਲ - ਬੇਦੀ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਸਾਰੀਆਂ ਖ਼ਰਾਬ ਸੜਕਾਂ ਦੀ ਮੁਰੰਮਤ ਕਰਵਾਉਣ ਦੀ ਕੀਤੀ ਮੰਗ

ਐੱਸ. ਏ.

ਮੁਹਾਲੀ ਸ਼ਹਿਰ ਦੀਆਂ ਖਸਤਾ ਹਾਲ ਸੜਕਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ। ਅਜੀਤ ਤਸਵੀਰ 12-09-2026
ਐੱਸ. ਏ. ਐੱਸ. ਨਗਰ, 11 ਸਤੰਬਰ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸ਼ਹਿਰ ਦੀਆਂ ਖ਼ਰਾਬ ਹੋ ਚੁੱਕੀਆਂ ਸੜਕਾਂ ਨੂੰ ਲੈ ਕੇ ਪੰਜਾਬ ਸਰਕਾਰ, ਗਮਾਡਾ ਅਤੇ ਨਗਰ ਨਿਗਮ ਦੀ ਕਾਰਗੁਜਾਰੀ ‘ਤੇ ਸਵਾਲ ਖੜ੍ਹੇ ਕਰਦਿਆਂ ਮੰਗ ਕੀਤੀ ਕਿ ਸਰਦੀਆਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਸ਼ਹਿਰ ਦੀਆਂ ਸਾਰੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਮੁਹਾਲੀ ਨੂੰ ਇਕ ਆਧੁਨਿਕ ਅਤੇ ਸੁਚੱਜੇ ਢਾਂਚੇ ਵਾਲੇ ਸ਼ਹਿਰ ਵਜੋਂ ਵਿਕਸਿਤ ਕਰਨ ਦੇ ਸੁਪਨੇ ਲੋਕਾਂ ਨੇ ਦੇਖੇ ਸਨ, ਪਰ ਅੱਜ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਇਨ੍ਹਾਂ ਉਮੀਦਾਂ ਤੋਂ ਉਲਟ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਥਾਨਕ ਫੇਜ਼-3ਬੀ2, ਬਲੌਂਗੀ, ਟੀ. ਡੀ. ਆਈ., ਸੈਂਟਰਲ ਮੁਹਾਲੀ, ਫੇਜ਼-5 ਤੇ ਫੇਜ਼-7 ਸਮੇਤ ਹੋਰਨਾਂ ਸੈਕਟਰਾਂ ਤੇ ਫੇਜ਼ਾਂ ‘ਚ ਕਈ ਥਾਵਾਂ ‘ਤੇ ਸੜਕਾਂ ‘ਤੇ ਵੱਡੇ-ਵੱਡੇ ਟੋਏ ਪਏ ਹੋਏ ਹਨ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸੜਕਾਂ ਦੀ ਜ਼ਿੰਮੇਵਾਰੀ ਨਗਰ ਨਿਗਮ ਅਧੀਨ ਆਉਂਦੀ ਹੈ, ਉਨ੍ਹਾਂ ਦੀ ਹਾਲਤ ਵੀ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਫੇਜ਼-5 ਦੀ ਮਾਰਕੀਟ ਦੇ ਪਿਛਲੇ ਪਾਸੇ ਅਤੇ ਫੇਜ਼-3ਬੀ2 ਦੀ ਮਾਰਕੀਟ ਦੇ ਪਿਛਲੇ ਪਾਸੇ ਸਮੇਤ ਕਈ ਇਲਾਕਿਆਂ ‘ਚ ਸੜਕਾਂ ਕਾਫ਼ੀ ਟੁੱਟੀਆਂ ਹੋਈਆਂ ਹਨ, ਜਿਸ ਕਾਰਨ ਆਪਣੇ ਕੰਮਾਂਕਾਰਾਂ ‘ਤੇ ਜਾਣ ਵਾਲੇ ਵਿਅਕਤੀਆਂ, ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਸਮੇਤ ਹਰ ਵਰਗ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਟੋਇਆਂ ਅਤੇ ਧੂੜ-ਮਿੱਟੀ ਕਾਰਨ ਦੋ-ਪਹੀਆ ਵਾਹਨ ਚਾਲਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਹੁੰਦੀ ਹੈ। ਬੇਦੀ ਨੇ ਅੱਗੇ ਕਿਹਾ ਕਿ ਜਦੋਂ ਲੋਕ ਗਮਾਡਾ ਜਾਂ ਨਗਰ ਨਿਗਮ ਕੋਲ ਆਪਣੀਆਂ ਸਮੱਸਿਆਵਾਂ ਲੈ ਕੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਤਸੱਲੀਬਖ਼ਸ਼ ਜਵਾਬ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਗਮਾਡਾ ਨੇ ਪਿਛਲੇ ਦਿਨੀਂ ਹੀ ਮੁਹਾਲੀ ਦੀਆਂ ਜ਼ਮੀਨਾਂ ਵੇਚ ਕੇ ਕਰੋੜਾਂ/ਅਰਬਾਂ ਰੁ. ਕਮਾਏ ਹਨ ਅਤੇ ਜੇਕਰ ਇਸ ‘ਚੋਂ ਕੁਝ ਰਾਸ਼ੀ ਮੁਹਾਲੀ ਦੇ ਬੁਨਿਆਦੀ ਢਾਂਚੇ ਦੇ ਸੁਧਾਰ ‘ਤੇ ਖ਼ਰਚੀ ਜਾਵੇ ਤਾਂ ਮੁਹਾਲੀ ਦੀ ਕਾਇਆ ਪਲਟ ਹੋ ਸਕਦੀ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮੁਹਾਲੀ ਦੇ ਢਾਂਚੇ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਅਤੇ ਸਰਦੀਆਂ ਤੋਂ ਪਹਿਲਾਂ-ਪਹਿਲਾਂ ਸਾਰੀਆਂ ਖ਼ਰਾਬ ਸੜਕਾਂ ‘ਤੇ ਪ੍ਰੀਮਿਕਸ ਪਾ ਕੇ ਉਨ੍ਹਾਂ ਦੀ ਮੁਰੰਮਤ ਕਰਵਾਈ ਜਾਵੇ।
ਪਿਛਲੀ ਖ਼ਬਰ ਕੇਵਲ ਭਾਜਪਾ ਹੀ ਸੂਬੇ ਨੂੰ ਰੰਗਲਾ ਪੰਜਾਬ ਬਣਾ ਸਕਦੀ ਹੈ - ਰਣਜੀਤ ਸਿੰਘ ਗਿੱਲ ਸਰਕਾਰੀ ਹਸਪਤਾਲ ’ਚੋਂ ਅਲਟਰਾ ਸਾਊਂਡ ਮਸ਼ੀਨ... ਅਗਲੀ ਖ਼ਬਰ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਸੇਂਟ ਸੋਲਜਰ ਇੰਟਰਨੈਸ਼ਨਲ ਸਕੂਲ ਦੇ ਐਥਲੀਟਾਂ ਨੇ ਜਿੱਤੇ 34 ਤਗਮੇ ਸੋਨੇ ਦੇ 11, ਚਾਂਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।