25 ਸਾਲਾਂ ਤੋਂ ਵੱਧ ਸਮਰਪਿਤ ਸੇਵਾਵਾਂ ਲਈ ਨਿਵੇਦਿਤਾ ਸ਼ਰਮਾ ਦਾ ਵਿਸ਼ੇਸ਼ ਸਨਮਾਨ
ਮਾਜਰੀ, 12 ਸਤੰਬਰ (ਕੁਲਵੰਤ ਸਿੰਘ ਧੀਮਾਨ)-ਸਿੱਖਿਆ ਦੇ ਖੇਤਰ ‘ਚ ਪਿਛਲੇ 25 ਸਾਲਾਂ ਤੋਂ ਵੱਧ ਸਮੇਂ ਤੋਂ ਨਿਰੰਤਰ ਸਮਰਪਿਤ ਅਤੇ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੀ ਲਕਸ਼ਮੀ ਤਾਰਾ ਰਾਠੌਰ ਸਕੂਲ ਮਾਜਰੀ-ਸਿਆਲਬਾ ਦੀ ਪ੍ਰਿੰ. ਨਿਵੇਦਿਤਾ ਸ਼ਰਮਾ ਨੂੰ ‘ਅਧਿਆਪਕ ਦਿਵਸ’ ਮੌਕੇ ਇਕ ਵਕਾਰੀ ਰਾਸ਼ਟਰੀ ਸੰਗਠਨ ਆਲ ਇੰਡੀਆ ਪ੍ਰਿੰਸੀਪਲ ਐਸੋਸੀਏਸ਼ਨ ਵਲੋਂ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਮਾਜਰੀ, 12 ਸਤੰਬਰ (ਕੁਲਵੰਤ ਸਿੰਘ ਧੀਮਾਨ)-ਸਿੱਖਿਆ ਦੇ ਖੇਤਰ ‘ਚ ਪਿਛਲੇ 25 ਸਾਲਾਂ ਤੋਂ ਵੱਧ ਸਮੇਂ ਤੋਂ ਨਿਰੰਤਰ ਸਮਰਪਿਤ ਅਤੇ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੀ ਲਕਸ਼ਮੀ ਤਾਰਾ ਰਾਠੌਰ ਸਕੂਲ ਮਾਜਰੀ-ਸਿਆਲਬਾ ਦੀ ਪ੍ਰਿੰ. ਨਿਵੇਦਿਤਾ ਸ਼ਰਮਾ ਨੂੰ ‘ਅਧਿਆਪਕ ਦਿਵਸ’ ਮੌਕੇ ਇਕ ਵਕਾਰੀ ਰਾਸ਼ਟਰੀ ਸੰਗਠਨ ਆਲ ਇੰਡੀਆ ਪ੍ਰਿੰਸੀਪਲ ਐਸੋਸੀਏਸ਼ਨ ਵਲੋਂ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੇ ਸਿੱਖਿਆ ਦੇ ਖੇਤਰ ‘ਚ ਪਾਏ ਗਏ ਵਿਲੱਖਣ ਯੋਗਦਾਨ, ਅਣਥੱਕ ਮਿਹਨਤ, ਦੂਰਦਰਸ਼ੀ ਸੋਚ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਮਾਨਤਾ ਦਿੰਦਾ ਹੈ। ਦੱਸਣਾ ਬਣਦਾ ਹੈ ਕਿ ਪ੍ਰਿੰ. ਨਿਵੇਦਿਤਾ ਸ਼ਰਮਾ ਦੀ ਅਗਵਾਈ ਹੇਠ ਲਕਸ਼ਮੀ ਤਾਰਾ ਰਾਠੌਰ ਸਕੂਲ ਮਾਜਰੀ-ਸਿਆਲਬਾ ‘ਚ ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਦੇ ਨਾਲ-ਨਾਲ ਸਮਾਜਿਕ, ਸੱਭਿਆਚਾਰਕ, ਨੈਤਿਕ, ਰਚਨਾਤਮਕ ਅਤੇ ਭਾਵਨਾਤਮਕ ਵਿਕਾਸ ਨੂੰ ਵੀ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਪ੍ਰਿੰ. ਸ਼ਰਮਾ ਸਿੱਖਿਆ ਨੂੰ ਇਕ ਅਜਿਹੀ ਪ੍ਰਕਿਰਿਆ ਮੰਨਦੇ ਹਨ, ਜਿਸ ਰਾਹੀਂ ਬੱਚੇ ਨੂੰ ਸਿਰਫ਼ ਪ੍ਰੀਖਿਆਵਾਂ ਲਈ ਨਹੀਂ, ਸਗੋਂ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੀ ਕਾਰਜਸ਼ੈਲੀ ‘ਚ ਅਨੁਸ਼ਾਸਨ, ਸੰਵੇਦਨਸ਼ੀਲਤਾ, ਨਵੀਂ ਸੋਚ ਅਤੇ ਟੀਮ ਵਰਕ ਦਾ ਸੁਮੇਲ ਨਜ਼ਰ ਆਉਂਦਾ ਹੈ। ਉਹ ਹੋਰਨਾਂ ਅਧਿਆਪਕਾਂ ਨੂੰ ਵੀ ਲਗਾਤਾਰ ਨਵੀਆਂ ਸਿੱਖਿਆ ਪ੍ਰਣਾਲੀਆਂ ਅਪਣਾਉਣ, ਤਕਨਾਲੋਜੀ ਦੀ ਸਹੀ ਵਰਤੋਂ ਕਰਨ ਅਤੇ ਵਿਦਿਆਰਥੀ-ਕੇਂਦਰਿਤ ਅਧਿਆਪਨ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖਿਆ ਦੇ ਖੇਤਰ ‘ਚ ਮਿਲਣ ਵਾਲਾ ਹਰ ਸਨਮਾਨ ਉਨ੍ਹਾਂ ਲਈ ਹੋਰ ਵੱਧ ਜ਼ਿੰਮੇਵਾਰੀ ਲੈ ਕੇ ਆਉਂਦਾ ਹੈ। ਉਹ ਇਸ ਮਾਨਤਾ ਨੂੰ ਆਪਣੇ ਸਾਥੀ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦੀ ਸਾਂਝੀ ਮਿਹਨਤ ਦਾ ਨਤੀਜਾ ਮੰਨਦੇ ਹਨ। ਇਸ ਮੌਕੇ ਸਕੂਲ ਨਾਲ ਜੁੜੇ ਅਧਿਆਪਕਾਂ, ਮਾਪਿਆਂ, ਵਿਦਿਆਰਥੀਆਂ ਅਤੇ ਸਿੱਖਿਆ ਪ੍ਰੇਮੀਆਂ ਵਲੋਂ ਵੀ ਪ੍ਰਿੰ. ਨਿਵੇਦਿਤਾ ਸ਼ਰਮਾ ਨੂੰ ਇਸ ਵਕਾਰੀ ਸਨਮਾਨ ਲਈ ਵਧਾਈ ਦਿੱਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਕਾਮਨਾ ਕੀਤੀ ਕਿ ਪ੍ਰਿੰ. ਸ਼ਰਮਾ ਇਸੇ ਤਰ੍ਹਾਂ ਆਪਣੀਆਂ ਸਮਰਪਿਤ ਸੇਵਾਵਾਂ ਰਾਹੀਂ ਸਿੱਖਿਆ ਦੇ ਖੇਤਰ ‘ਚ ਨਵੀਆਂ ਮਿਸਾਲਾਂ ਕਾਇਮ ਕਰਦੇ ਰਹਿਣਗੇ ਅਤੇ ਹਜ਼ਾਰਾਂ ਵਿਦਿਆਰਥੀਆਂ ਦੇ ਜੀਵਨ ਨੂੰ ਰੌਸ਼ਨ ਕਰਨ ‘ਚ ਬਣਦਾ ਯੋਗਦਾਨ ਪਾਉਂਦੇ ਰਹਿਣਗੇ।