ਐੱਸ. ਏ. ਐੱਸ. ਨਗਰ, 20 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)- ਸੈਕਟਰ 70 ਦੀਆਂ ਵੱਖ-ਵੱਖ ਵੈੱਲਫੇਅਰ ਐਸੋਸੀਏਸ਼ਨਾਂ ਅਤੇ ਰੈਜ਼ੀਡੈਂਟ ਜਥੇਬੰਦੀਆਂ ਦਾ ਇਕ ਵਫ਼ਦ ਸੈਕਟਰ 70 ਦੇ ਫਲੈਟਾਂ ਦੇ ਨੇੜੇ ਪ੍ਰਸਤਾਵਿਤ ਬਹੁ-ਮੰਜ਼ਿਲਾ ਇਮਾਰਤ ਦੀ ਉਸਾਰੀ ਰੋਕਣ ਦੀ ਮੰਗ ਨੂੰ ਲੈ ਕੇ ਗਮਾਡਾ ਦੇ ਚੀਫ਼ ਐਡਮਿਨਿਸਟਰੇਟਰ (ਸੀ.ਏ.) ਨੂੰ ਮਿਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ਇਸ ਮੌਕੇ ਵਫ਼ਦ ਵਲੋਂ ਗਮਾਡਾ ਦੇ ਸੀ.ਏ. ਨੂੰ ਮੰਗ ਪੱਤਰ ਸੌਂਪ ਕੇ ਸੀ.ਏ. ਗਮਾਡਾ ਦੇ ਧਿਆਨ ਵਿਚ ਲਿਆਂਦਾ ਕਿ ਸੈਕਟਰ 70 ਪਹਿਲਾਂ ਹੀ ਬਹੁਤ ਸੰਘਣੀ ਆਬਾਦੀ ਵਾਲਾ ਇਲਾਕਾ ਹੈ ਅਤੇ ਇਥੇ ਲਗਭਗ 26,000 ਲੋਕ ਵੱਸਦੇ ਹਨ ਅਤੇ ਇਥੇ ਪਹਿਲਾਂ ਤੋਂ ਮੌਜੂਦ ਬਹੁ-ਮੰਜ਼ਿਲਾ ਸੁਸਾਇਟੀਆਂ, ਪਿੰਡ ਮਟੌਰ ਅਤੇ ਹੋਰ ਰਿਹਾਇਸ਼ੀ ਇਲਾਕਿਆਂ ਕਾਰਨ ਇਥੇ ਆਬਾਦੀ ਦਾ ਦਬਾਅ ਕਾਫ਼ੀ ਜ਼ਿਆਦਾ ਹੋਣ ਕਾਰਨ ਨਵੇਂ ਨਕਸ਼ੇ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਸੈਕਟਰ ਦੀ ਮੌਜੂਦਾ ਆਬਾਦੀ, ਟ੍ਰੈਫ਼ਿਕ, ਪਾਰਕਿੰਗ, ਸੀਵਰੇਜ, ਡਰੇਨੇਜ, ਪੀਣ ਵਾਲੇ ਪਾਣੀ, ਬਿਜਲੀ, ਕੂੜਾ ਪ੍ਰਬੰਧਨ, ਫਾਇਰ ਸੇਫ਼ਟੀ ਅਤੇ ਵਾਤਾਵਰਨ ’ਤੇ ਪੈਣ ਵਾਲੇ ਪ੍ਰਭਾਵ ਦਾ ਵਿਸਥਾਰ ਨਾਲ ਅਧਿਐਨ ਕਰਵਾਇਆ ਜਾਵੇ। ਇਸ ਮੌਕੇ ਕੌਂਸਲਰ ਗੁਰਜੀਤ ਸਿੰਘ, ਸੰਤੋਖ ਸਿੰਘ, ਚਰਨਜੀਤ ਸਿੰਘ, ਮਨਜੀਤ ਸਿੰਘ, ਆਰ.ਪੀ. ਕੰਬੋਜ, ਆਰ.ਕੇ. ਗੁਪਤਾ, ਸੁਖਦੇਵ ਸਿੰਘ, ਇੰਦਰਜੀਤ ਸਿੰਘ ਆਦਿ ਸਮੇਤ ਸੈਕਟਰ 70 ਦੀਆਂ ਹੋਰ ਵੈੱਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਹਾਜ਼ਰ ਸਨ।