ਪੰਜਾਬ ਵਿਚ ਜਨਤਾ ਦਲ ( ਯੂ ) ਨੇ ਸ਼੍ਰੋਮਣੀ ਅਕਾਲੀ ਦਲ ( ਸ੍ਰੀ ਆਨੰਦਪੁਰ ਸਾਹਿਬ ) ਨਾਲ ਕੀਤਾ ਗੱਠਜੋੜ
ਚੰਡੀਗੜ੍ਹ, 23 ਸਤੰਬਰ(ਸੁਖਵਿੰਦਰ ਸਿੰਘ ਸ਼ਾਨ)- ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜਨਤਾ ਦਲ (ਯੂਨਾਈਟਿਡ) ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ‘ਸ੍ਰੀ ਆਨੰਦਪੁਰ ਸਾਹਿਬ’ ਨਾਲ ਮਿਲ ਕੇ ਲੜੇਗਾ। ਅੱਜ ਇੱਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਜਨਤਾ ਦਲ (ਯੂਨਾਈਟਿਡ) ਪੰਜਾਬ ਸੂਬਾ ਪ੍ਰਧਾਨ ਮਲਵਿੰਦਰ ਸਿੰਘ ਬੈਨੀਪਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਦੋਵਾਂ ਪਾਰਟੀਆਂ ਦੇ ਸਿਆਸੀ ਗਠਜੋੜ ਦਾ ਐਲਾਨ ਕੀਤਾ।
ਜ
ਜੇ.ਡੀ.ਯੂ ਦੇ ਪੰਜਾਬ ਪ੍ਰਧਾਨ ਮਲਵਿੰਦਰ ਸਿੰਘ ਬੈਨੀਪਾਲ ਅਤੇ ਹਰਬੀਰ ਸਿੰਘ ਢੀਂਡਸਾ ਅਤੇ ਹੋਰ ਬੀਬਾ ਮਮਤਾ ਦੱਤ ਅਤੇ ਦਵਿੰਦਰ ਰਾਜਪੂਤ ਨੂੰ ਪਾਰਟੀ ’ਚ ਸ਼ਾਮਿਲ ਕਰਦੇ ਹੋਏ। ਤਸਵੀਰ : ਗੁਰਿੰਦਰ ਸਿੰਘ
24-09-2026
ਚੰਡੀਗੜ੍ਹ, 23 ਸਤੰਬਰ(ਸੁਖਵਿੰਦਰ ਸਿੰਘ ਸ਼ਾਨ)- ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜਨਤਾ ਦਲ (ਯੂਨਾਈਟਿਡ) ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ‘ਸ੍ਰੀ ਆਨੰਦਪੁਰ ਸਾਹਿਬ’ ਨਾਲ ਮਿਲ ਕੇ ਲੜੇਗਾ। ਅੱਜ ਇੱਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਜਨਤਾ ਦਲ (ਯੂਨਾਈਟਿਡ) ਪੰਜਾਬ ਸੂਬਾ ਪ੍ਰਧਾਨ ਮਲਵਿੰਦਰ ਸਿੰਘ ਬੈਨੀਪਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਦੋਵਾਂ ਪਾਰਟੀਆਂ ਦੇ ਸਿਆਸੀ ਗਠਜੋੜ ਦਾ ਐਲਾਨ ਕੀਤਾ। ਇਸ ਸਮੇਂ ਮਰਹੂਮ ਅਦਾਕਾਰ ਤੇ ਸਿਆਸਤਦਾਨ ਸਵਰਗੀ ਸੁਨੀਲ ਦੱਤ ਦੀ ਭਤੀਜੀ ਮਮਤਾ ਦੱਤ ਦਾ ਜਨਤਾ ਦਲ (ਯੂ) ਪੰਜਾਬ ਵਿਚ ਸ਼ਾਮਲ ’ਤੇ ਸੂਬਾ ਪ੍ਰਧਾਨ ਨੇ ਪਾਰਟੀ ਵਿਚ ਸਵਾਗਤ ਕੀਤਾ। ਮੀਡੀਆ ਨੂੰ ਸੰਬੋਧਨ ਕਰਦਿਆਂ ਜੇ.ਡੀ.ਯੂ ਪੰਜਾਬ ਦੇ ਸੂਬਾ ਪ੍ਰਧਾਨ ਸ. ਮਲਵਿੰਦਰ ਸਿੰਘ ਬੈਨੀਪਾਲ ਅਤੇ ਸ਼੍ਰੋਮਣੀ ਅਕਾਲੀ ਦਲ ‘ਸ੍ਰੀ ਆਨੰਦਪੁਰ ਸਾਹਿਬ’ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਨੇ ਕਿਹਾ ਕਿ ਇਸ ਗਠਜੋੜ ਦਾ ਮਕਸਦ ਇਕੋ ਜਿਹੀ ਸੋਚ ਰੱਖਣ ਵਾਲੀਆਂ ਤਾਕਤਾਂ ਨੂੰ ਇਕ ਮੰਚ ’ਤੇ ਲਿਆਉਣਾ ਹੈ ਅਤੇ ਪੰਜਾਬ ਵਿਚ ਸਾਂਝੇ ਸਿਆਸੀ ਮੰਚ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਪੰਜਾਬ ਅਤੇ ਸੂਬੇ ਦੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਉਠਾਉਣ ਦੇ ਨਾਲ-ਨਾਲ ਸੂਬੇ ਭਰ ਵਿਚ ਆਪਣਾ ਸੰਗਠਨ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨਗੀਆਂ। ਸ਼੍ਰੋਮਣੀ ਅਕਾਲੀ ਦਲ ‘ਸ੍ਰੀ ਆਨੰਦਪੁਰ ਸਾਹਿਬ’ ਦੇ ਪ੍ਰਧਾਨ ਦਵਿੰਦਰ ਸਿੰਘ ਅਤੇ ਜਨਰਲ ਸਕੱਤਰ ਗੁਰਦਰਸ਼ਨ ਨੇ ਕਿਹਾ ਕਿ ਜਨਤਾ ਦਲ (ਯੂ) ਨਾਲ ਮਿਲ ਕੇ ਚੋਣਾ ਲੜਨ ਦਾ ਸਮਝੌਤਾ ਕੀਤਾ ਗਿਆ, ਪਰ ਸੀਟਾਂ ਦੀ ਵੰਡ ਅਜੇ ਨਹੀਂ ਕੀਤੀ ਗਈ। ਉਦਯੋਗਪਤੀ ਕੰਵਰ ਹਰਬੀਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਵਿਚ ਰਾਜ ਪ੍ਰਬੰਧ ਠੀਕ ਕਰਕੇ ਹੀ ਤਰੱਕੀ ਹੋ ਸਕਦੀ ਹੈ। ਜਨਤਾ ਦਲ (ਯੂ) ਵਿਚ ਸ਼ਾਮਿਲ ਹੋਈ ਬੀਬਾ ਮਮਤਾ ਦੱਤ ਕਾਰਪੋਰੇਟ ਖੇਤਰ ਵਿਚ ਕੰਮ ਕਰ ਚੁੱਕੀ ਹੈ ਅਤੇ ਪਿਛਲੇ ਕਰੀਬ ਇਕ ਦਹਾਕੇ ਤੋਂ ਪਸ਼ੂ ਭਲਾਈ ਦੇ ਖੇਤਰ ਵਿਚ ਸਰਗਰਮ ਹੈ। ਉਹ ਦੱਤ ਫਾਊਂਡੇਸ਼ਨ ਫਾਰ ਸੋਸ਼ਲ ਵੈੱਲਫੇਅਰ ਦੀ ਸੰਸਥਾਪਕ ਹੈ ਅਤੇ ਪਸ਼ੂ ਭਲਾਈ ਦੇ ਨਾਲ-ਨਾਲ ਸਮਾਜਿਕ ਭਲਾਈ ਨਾਲ ਜੁੜੇ ਵੱਖ-ਵੱਖ ਕੰਮਾਂ ਵਿਚ ਸਰਗਰਮ ਰਹੀ ਹੈ। ਬੀਬਾ ਮਮਤਾ ਦੱਤ ਨੇ ਕਿਹਾ ਕਿ ਉਨ੍ਹਾਂ ਦਾ ਹਮੇਸ਼ਾ ਮੰਨਣਾ ਰਿਹਾ ਹੈ ਕਿ ਸਮਾਜ ਵਿਚ ਸਾਰਥਿਕ ਬਦਲਾਅ ਸਰਗਰਮ ਭਾਗੀਦਾਰੀ ਅਤੇ ਲੋਕ ਸੇਵਾ ਰਾਹੀਂ ਹੀ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ.ਡੀ.ਯੂ ਨਾਲ ਜੁੜ ਕੇ ਉਹ ਇਨ੍ਹਾਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਅਤੇ ਜਨਤਕ ਜੀਵਨ ਵਿਚ ਉਸਾਰੂ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਨਗੇ। ਸਮਾਜਿਕ ਕਾਰਕੁਨ ਅਤੇ ਵਕੀਲ ਦਵਿੰਦਰ ਰਾਜਪੂਤ ਵੀ ਪਾਰਟੀ ਵਿਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਇਕ ਆਜ਼ਾਦ ਉਮੀਦਵਾਰ ਵਜੋਂ ਲੜੀਆਂ ਸਨ। ਇਸ ਮੌਕੇ ’ਤੇ ਜੇ.ਡੀ.ਯੂ, ਪੰਜਾਬ ਦੇ ਜਨਰਲ ਸਕੱਤਰ (ਸੰਗਠਨ) ਸੰਜੀਵ ਕੁਮਾਰ, ਰਾਹੁਲ ਘਈ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਜੇਡੀਯੂ ਪੰਜਾਬ ਯੂਥ), ਵਾਈਸ ਪ੍ਰੈਜ਼ੀਡੈਂਟ ਗੁਰਪਾਲ ਸਿੰਘ ਹੁੰਦਲ, ਜਨਰਲ ਸਕੱਤਰ ਰਾਜਨਦੀਪ ਸਿੰਘ ਮੱਕੜ, ਸਕੱਤਰ ਜਨਰਲ ਇੰਦਰਜੀਤ ਸਿੰਘ ਆਹਲੂਵਾਲੀਆ ਅਤੇ ਜਸਪਾਲ ਸਿੰਘ ਟਾਈਗਰ, ਸਕੱਤਰ ਸੰਜੀਵ ਚੋਪੜਾ, ਐੱਸ.ਡੀ.ਐੱਸ.ਐੱਸ ਤੋਂ ਦੀਦਾਰ ਸਿੰਘ ਸਹੌੜਾ ਅਤੇ ਹੋਰ ਅਹੁਦੇਦਾਰ ਵੀ ਮੌਜੂਦ ਸਨ।