ਐੱਸ. ਏ. ਐੱਸ. ਨਗਰ, 10 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਲੋਂ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਅਤੇ ਅਧਿਆਪਨ ਦੇ ਖੇਤਰ ‘ਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੌਮਾਂਤਰੀ ਟੀਚਿੰਗ ਐਕਸੀਲੈਂਸ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ 20 ਤੋਂ ਵੱਧ ਦੇਸ਼ਾਂ ਦੇ 40 ਤੋਂ ਵੱਧ ਸਿੱਖਿਆ ਮਾਹਿਰਾਂ ਅਤੇ ਅਕਾਦਮਿਕ ਪੇਸ਼ੇਵਰਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੌਰਾਨ ਵੱਖ-ਵੱਖ ਦੇਸ਼ਾਂ ਦੇ ਸਿੱਖਿਆ ਮਾਹਿਰਾਂ ਨੇ ਅਧਿਆਪਨ ਦੀਆਂ ਆਧੁਨਿਕ ਵਿਧੀਆਂ, ਸਿੱਖਿਆ ‘ਚ ਤਕਨੀਕੀ ਨਵੀਨਤਾ, ਵਿਸ਼ਵ ਪੱਧਰੀ ਅਕਾਦਮਿਕ ਅਭਿਆਸਾਂ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ‘ਚ ਅਧਿਆਪਕਾਂ ਦੀ ਭੂਮਿਕਾ ਬਾਰੇ ਵਿਚਾਰ-ਚਰਚਾ ਕੀਤੀ ਗਈ। ਇਸ ਦੌਰਾਨ ਕਰਵਾਏ ਗਏ ਇੰਟਰਐਕਟਿਵ ਸੈਸ਼ਨਾਂ ਅਤੇ ਵਿਚਾਰ-ਵਟਾਂਦਰਿਆਂ ਰਾਹੀਂ ਭਾਗੀਦਾਰਾਂ ਨੂੰ ਆਪਣੇ ਤਜ਼ਰਬੇ ਸਾਂਝੇ ਕਰਨ ਅਤੇ ਸਿੱਖਿਆ ਦੇ ਖੇਤਰ ‘ਚ ਨਵੀਆਂ ਸੰਭਾਵਨਾਵਾਂ ‘ਤੇ ਚਰਚਾ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ਸਿੱਖਿਆ ਦੇ ਖੇਤਰ ‘ਚ ਉੱਤਮਤਾ ਹਾਸਿਲ ਕਰਨ ਲਈ ਸੰਸਥਾਵਾਂ ਦਾ ਵਿਸ਼ਵ ਪੱਧਰੀ ਅਕਾਦਮਿਕ ਰੁਝਾਨਾਂ ਨਾਲ ਜੁੜਨਾ ਅਤੇ ਨਿਰੰਤਰ ਸਿੱਖਣ ਦੀ ਪ੍ਰਕਿਰਿਆ ਨੂੰ ਅਪਣਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਟੀਚਿੰਗ ਐਕਸੀਲੈਂਸ ਪ੍ਰੋਗਰਾਮ ਵੱਖ-ਵੱਖ ਦੇਸ਼ਾਂ ਦੇ ਸਿੱਖਿਆ ਮਾਹਿਰਾਂ ਨੂੰ ਇਕ ਮੰਚ ‘ਤੇ ਲਿਆਉਣ, ਵਿਚਾਰਾਂ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਅਤੇ ਭਵਿੱਖ ‘ਚ ਅਕਾਦਮਿਕ ਸਹਿਯੋਗ ਦੇ ਨਵੇਂ ਮੌਕੇ ਪੈਦਾ ਕਰਨ ਵੱਲ ਇਕ ਮਹੱਤਵਪੂਰਨ ਉਪਰਾਲਾ ਹੈ। ਇਸੇ ਦੌਰਾਨ ਸੀ. ਜੀ. ਸੀ. ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਰਛਪਾਲ ਸਿੰਘ ਧਾਲੀਵਾਲ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਅੰਤਰਰਾਸ਼ਟਰੀ ਸਹਿਯੋਗ, ਅਕਾਦਮਿਕ ਐਕਸਚੇਂਜ ਪ੍ਰੋਗਰਾਮਾਂ, ਗਲੋਬਲ ਇੰਟਰਨਸ਼ਿਪਾਂ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਭਾਈਵਾਲੀਆਂ ਰਾਹੀਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਿਸ਼ਵ ਪੱਧਰੀ ਸਿੱਖਣ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਯੂਨੀਵਰਸਿਟੀ ਦੇ 70 ਤੋਂ ਵੱਧ ਦੇਸ਼ਾਂ ਅਤੇ 5 ਮਹਾਂਦੀਪਾਂ ‘ਚ 300 ਤੋਂ ਵੱਧ ਅੰਤਰਰਾਸ਼ਟਰੀ ਸਹਿਯੋਗ ਹਨ। ਇਸ ਤਰ੍ਹਾਂ ਕੌਮਾਂਤਰੀ ਟੀਚਿੰਗ ਐਕਸੀਲੈਂਸ ਪ੍ਰੋਗਰਾਮ ਨੇ ਵੱਖ-ਵੱਖ ਸੱਭਿਆਚਾਰਾਂ ਅਤੇ ਅਕਾਦਮਿਕ ਪਿਛੋਕੜਾਂ ਵਾਲੇ ਸਿੱਖਿਆ ਮਾਹਿਰਾਂ ਵਿਚਕਾਰ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਅਧਿਆਪਨ ਦੀ ਗੁਣਵੱਤਾ ‘ਚ ਸੁਧਾਰ ਅਤੇ ਵਿਸ਼ਵ ਪੱਧਰੀ ਸਿੱਖਿਆ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਰਾਹ ਖੋਲ੍ਹੇ ਹਨ।