16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਰਿਆਤ - ਬਾਹਰਾ ਯੂਨੀਵਰਸਿਟੀ ਵਿਖੇ ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਕਾਨਫ਼ਰੰਸ ਕਰਵਾਈ ਮਾਹਿਰਾਂ ਨੇ ਤਣਾਅ ਪ੍ਰਬੰਧਨ, ਭਾਵਨਾਤਮਿਕ ਮਜ਼ਬੂਤੀ ਅਤੇ ਨਸ਼ਿਆਂ ਦੀ ਰੋਕਥਾਮ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਐੱਸ. ਏ.

ਅਜੀਤ ਡੈਸਕ 16-10-2026
ਐੱਸ. ਏ. ਐੱਸ. ਨਗਰ, 15 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਰਿਆਤ-ਬਾਹਰਾ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ‘ਚ ਮਾਨਸਿਕ ਸਿਹਤ ਅਤੇ ਤੰਦਰੁਸਤੀ ਪ੍ਰਤੀ ਜਾਗਰੂਕਤਾ ਪੈਦਾ ਕਰਨ, ਤਣਾਅ ਨਾਲ ਨਜਿੱਠਣ, ਭਾਵਨਾਤਮਕ ਮਜ਼ਬੂਤੀ ਵਿਕਸਿਤ ਕਰਨ ਅਤੇ ਨਸ਼ਿਆਂ ਦੀ ਦੁਰਵਰਤੋਂ ਦੀ ਰੋਕਥਾਮ ਦੇ ਉਦੇਸ਼ ਨਾਲ ‘ਮਾਨਸਿਕ ਸਿਹਤ ਅਤੇ ਤੰਦਰੁਸਤੀ-ਸੁਚੇਤ ਸੰਵਾਦ’ ਵਿਸ਼ੇ ‘ਤੇ ਇਕ ਰੋਜ਼ਾ ਕਾਨਫ਼ਰੰਸ ਕਰਵਾਈ ਗਈ। ਵਿਦਿਆਰਥੀ ਭਲਾਈ ਵਿਭਾਗ ਅਤੇ ਸਕੂਲ ਆਫ਼ ਲਾਈਫ਼ ਸਾਇੰਸਿਜ਼ ਵਲੋਂ ਰੈੱਡ ਰਿਬਨ ਕਲੱਬ ਅਤੇ ਪੰਜਾਬ ਯੂਥ ਸਰਵਿਸਿਜ਼ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਸਮੇਂ ਦੀ ਸੁਚੱਜੀ ਵਰਤੋਂ, ਜ਼ਿੰਮੇਵਾਰੀਆਂ ਨੂੰ ਤਰਜ਼ੀਹ ਦੇਣ ਅਤੇ ਤਣਾਅ ਘਟਾਉਣ ਲਈ ਵਿਵਹਾਰਕ ਤਰੀਕੇ ਅਪਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸ ਤੋਂ ਬਾਅਦ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਦੁਹਰਾਈ, ਜਦਕਿ ਪ੍ਰੋ. ਵਾਈਸ-ਚਾਂਸਲਰ ਡਾ. ਸਤੀਸ਼ ਕੁਮਾਰ ਨੇ ਮਾਨਸਿਕ ਸਿਹਤ ਨਾਲ ਜੁੜੇ ਮੁੱਦਿਆਂ ‘ਤੇ ਖੁੱਲ੍ਹ ਕੇ ਸਾਰਥਿਕ ਗੱਲਬਾਤ ਕਰਨ ਦੀ ਲੋੜ ‘ਤੇ ਚਾਨਣਾ ਪਾਇਆ। ਇਸੇ ਦੌਰਾਨ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਡਾ. ਸਿਮਰਜੀਤ ਕੌਰ ਨੇ ਕਿਹਾ ਕਿ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਲਈ ਮਾਹਿਰਾਂ ਦੀ ਸਹਾਇਤਾ ਲੈਣਾ ਕਮਜ਼ੋਰੀ ਨਹੀਂ, ਸਗੋਂ ਹਿੰਮਤ ਅਤੇ ਮਜ਼ਬੂਤੀ ਦੀ ਨਿਸ਼ਾਨੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲ ਕਰਨ ਅਤੇ ਲੋੜ ਪੈਣ ‘ਤੇ ਸਮੇਂ ਸਿਰ ਮਾਹਿਰਾਂ ਦੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ। ਇਸੇ ਦੌਰਾਨ ਕਲੀਅਰਮੈਡੀ ਬਾਹਰਾ ਹਸਪਤਾਲ ਦੀ ਏਕੀਕ੍ਰਿਤ ਮਨੋਚਿਕਿਤਸਕ ਡਾ. ਪੀ. ਵੈਸ਼ਾਲੀ ਨੇ ਪੜ੍ਹਾਈ ਦੇ ਦਬਾਅ ਅਤੇ ਭਾਵਨਾਤਮਕ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕੀਤੇ, ਜਦਕਿ ਮਾਈਂਡਬਲਿਸ ਹਸਪਤਾਲ ਊਨਾ ਦੇ ਸਲਾਹਕਾਰ ਮਨੋਚਿਕਿਤਸਕ ਡਾ. ਸ਼ਿਵਮ ਤਿਆਗੀ ਨੇ ਚਿੰਤਾ ਅਤੇ ਤਣਾਅ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਈ. ਐਸ. ਆਈ. ਹਸਪਤਾਲ ਪਰਵਾਣੂ ਦੇ ਕਲੀਨਿਕਲ ਮਨੋਵਿਗਿਆਨੀ ਡਾ. ਲਲਿਤ ਵਰਮਾ ਨੇ ਨਸ਼ਿਆਂ ਦੀ ਦੁਰਵਰਤੋਂ ਦੀ ਰੋਕਥਾਮ ਅਤੇ ਇਸ ਸੰਬੰਧੀ ਜਾਗਰੂਕਤਾ ਦੀ ਮਹੱਤਤਾ ਨੂੰ ਉਜਾਗਰ ਕੀਤਾ। ਕਾਨਫ਼ਰੰਸ ਦੌਰਾਨ ਹੋਏ ਵਿਚਾਰ-ਵਟਾਂਦਰੇ ‘ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦਾ ਕਤਲ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਵਿਰੁੱਧ ਸਰਕਾਰੀ ਮੁਹਿੰਮ ’ ਤੇ ਵੱਡਾ ਸਵਾਲੀਆ ਨਿਸ਼ਾ... ਅਗਲੀ ਖ਼ਬਰ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਬੰਗਾਲਾ ਬਸਤੀ ਵਿਚ ਬੱਚਿਆਂ ਨੂੰ ਵੰਡੀ ਗਈ ਸਟੇਸ਼ਨਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।