17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਚੋਣਾਂ ਤੋਂ ਪਹਿਲਾਂ ਸੜਕਾਂ ਦੇ ਕੰਮਾਂ ’ਤੇ ਬਰੇਕਾਂ ਲੱਗਣ ਦਾ ਖ਼ਦਸ਼ਾ ਲੁੱਕ ਦੀ ਕੀਮਤ 45 ਹਜ਼ਾਰ ਤੋਂ ਵਧ ਕੇ 1 ਲੱਖ ਰੁ . ਪ੍ਰਤੀ ਟਨ ਪੁੱਜੀ

ਐੱਸ. ਏ.

‘ਅਜੀਤ’ ਨਾਲ ਗੱਲਬਾਤ ਕਰਦਾ ਹੋਇਆ ਸਰਕਾਰੀ ਠੇਕੇਦਾਰਾਂ ਦਾ ਵਫ਼ਦ। ਅਜੀਤ ਤਸਵੀਰ 17-10-2026
ਐੱਸ. ਏ. ਐੱਸ. ਨਗਰ, 16 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਦੇ ਕੰਮ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਲੁੱਕ ਦੀ ਕਿੱਲਤ ਅਤੇ ਨਿਰਮਾਣ ਸਮੱਗਰੀ ਦੀਆਂ ਵਧੀਆਂ ਕੀਮਤਾਂ ਕਾਰਨ ਠੇਕੇਦਾਰਾਂ ਲਈ ਪੁਰਾਣੀਆਂ ਦਰਾਂ ‘ਤੇ ਕੰਮ ਮੁਕੰਮਲ ਕਰਨਾ ਔਖਾ ਹੋ ਰਿਹਾ ਹੈ। ਜੇਕਰ ਸਮੱਸਿਆ ਦਾ ਸਮੇਂ ਸਿਰ ਹੱਲ ਨਾ ਨਿਕਲਿਆ ਤਾਂ ਪਿੰਡਾਂ ਦੀਆਂ ਲਿੰਕ ਸੜਕਾਂ ਤੋਂ ਲੈ ਕੇ ਸ਼ਹਿਰਾਂ ਦੀਆਂ ਸੜਕਾਂ ਦੇ ਵਿਕਾਸ ਕਾਰਜ ਵੀ ਪ੍ਰਭਾਵਿਤ ਹੋ ਸਕਦੇ ਹਨ, ਜਿਸ ਨਾਲ ਚੋਣਾਂ ਤੋਂ ਪਹਿਲਾਂ ਸਰਕਾਰ ਲਈ ਸਿਆਸੀ ਚੁਣੌਤੀਆਂ ਵਧਣ ਦੀ ਸੰਭਾਵਨਾ ਹੈ। ਮੁਹਾਲੀ ਸਮੇਤ ਹੋਰਨਾਂ ਇਲਾਕਿਆਂ ਦੇ ਠੇਕੇਦਾਰਾਂ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਸੜਕਾਂ ਦੇ ਨਿਰਮਾਣ ਲਈ ਟੈਂਡਰ ਲਏ ਸਨ, ਉਸ ਸਮੇਂ ਲੁੱਕ ਅਤੇ ਹੋਰ ਨਿਰਮਾਣ ਸਮੱਗਰੀ ਦੀਆਂ ਕੀਮਤਾਂ ਕਾਫ਼ੀ ਘੱਟ ਸਨ। ਹੁਣ ਲੁੱਕ ਦੀ ਕੀਮਤ ਲਗਭਗ 45 ਹਜ਼ਾਰ ਰੁ. ਪ੍ਰਤੀ ਮੀਟ੍ਰਿਕ ਟਨ ਤੋਂ ਵਧ ਕੇ ਕਰੀਬ 1 ਲੱਖ ਰੁ. ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਰੇਤ, ਬਜਰੀ, ਰੋੜੀ ਅਤੇ ਡੀਜ਼ਲ ਮਹਿੰਗੇ ਹੋਣ ਕਾਰਨ ਨਿਰਮਾਣ ਲਾਗਤ ‘ਚ ਵੀ ਵੱਡਾ ਵਾਧਾ ਹੋਇਆ ਹੈ। ਠੇਕੇਦਾਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਵਧੀਆਂ ਕੀਮਤਾਂ ਦੇ ਅਨੁਸਾਰ ਠੇਕਿਆਂ ਦੀਆਂ ਦਰਾਂ ‘ਚ ਸੋਧ ਨਾ ਕੀਤੀ ਤਾਂ ਉਨ੍ਹਾਂ ਨੂੰ ਵਿੱਤੀ ਨੁਕਸਾਨ ਝੱਲਣਾ ਪੈ ਸਕਦਾ ਹੈ। ਠੇਕੇਦਾਰਾਂ ਅਨੁਸਾਰ ਰਿਫਾਇਨਰੀਆਂ ਤੋਂ ਲੁੱਕ ਦਾ ਇਕ ਟਰੱਕ ਪ੍ਰਾਪਤ ਕਰਨ ਲਈ 15 ਤੋਂ 20 ਦਿਨਾਂ ਤੱਕ ਉਡੀਕ ਕਰਨੀ ਪੈ ਰਹੀ ਹੈ, ਜਦਕਿ ਸਪਲਾਈ ਮਿਲਣ ‘ਤੇ ਮਾਲ ਦੋ-ਤਿੰਨ ਦਿਨਾਂ ‘ਚ ਹੀ ਖ਼ਤਮ ਹੋ ਜਾਂਦਾ ਹੈ। ਕਈ ਸੜਕਾਂ ‘ਤੇ ਪੱਥਰ ਵਿਛਾਉਣ ਅਤੇ ਮੁੱਢਲੀ ਪਰਤ ਪਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ, ਪਰ ਲੁੱਕ ਦੀ ਅੰਤਿਮ ਪਰਤ ਪਾਉਣੀ ਬਾਕੀ ਹੈ। ਸਪਲਾਈ ‘ਚ ਦੇਰੀ ਕਾਰਨ ਇਹ ਕੰਮ ਅਧੂਰੇ ਰਹਿਣ ਦਾ ਖ਼ਦਸ਼ਾ ਹੈ। ਠੇਕੇਦਾਰਾਂ ਮੁਤਾਬਿਕ 15 ਨਵੰਬਰ ਤੱਕ ਕੰਮ ਪੂਰੇ ਕਰਨ ਦਾ ਦਬਾਅ ਹੈ, ਪਰ ਮੌਜੂਦਾ ਹਾਲਾਤ ‘ਚ ਨਿਰਧਾਰਤ ਸਮੇਂ ਅੰਦਰ ਟੀਚੇ ਹਾਸਿਲ ਕਰਨਾ ਮੁਸ਼ਕਿਲ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਿਰਮਾਣ ਸਮੱਗਰੀ ਦੀਆਂ ਵਧੀਆਂ ਕੀਮਤਾਂ ਦੇ ਮੱਦੇਨਜ਼ਰ ਠੇਕਿਆਂ ਦੀਆਂ ਦਰਾਂ ‘ਚ ਸੋਧ ਕੀਤੀ ਜਾਵੇ, ਕੰਮ ਪੂਰੇ ਕਰਨ ਲਈ ਸਮਾਂ-ਸੀਮਾ ਵਧਾਈ ਜਾਵੇ ਅਤੇ ਬਕਾਇਆ ਬਿੱਲਾਂ ਦੀ ਤੁਰੰਤ ਅਦਾਇਗੀ ਕੀਤੀ ਜਾਵੇ। ਇਸ ਮੌਕੇ ਜਸਵੰਤ ਰਾਏ ਵਰਮਾ, ਬਲਵਿੰਦਰ ਸਿੰਘ ਧਨੋਆ, ਆਰ. ਆਰ. ਬਿਲਡਰਜ਼, ਵਿਨੋਦ ਵਰਮਾ, ਚੇਚੀ ਕੰਸਟਰੱਕਸ਼ਨ, ਰਾਜ ਕੁਮਾਰ, ਰਾਕੇਸ਼ ਸਿੰਘ, ਗੌਤਮ ਕਲੂਚਾ, ਕੰਪੀਟੈਂਟ ਕੰਸਟਰੱਕਸ਼ਨ, ਏ. ਕੇ. ਬਿਲਡਰਜ਼, ਏ. ਪੀ. ਬਿਲਡਰਜ਼, ਅਮਿਤ ਗਰਗ (ਓਸਿਸ), ਖੇਰ ਕੰਸਟਰੱਕਸ਼ਨ, ਪ੍ਰਮੋਦ ਬਿੰਦਰਾ, ਮੋਹਿਤ ਬਿੰਦਰਾ ਅਤੇ ਭੁੱਲਰ ਕੰਸਟਰੱਕਸ਼ਨ ਸਮੇਤ ਹੋਰ ਠੇਕੇਦਾਰ ਵੀ ਹਾਜ਼ਰ ਸਨ। ਉਧਰ ਦੂਜੇ ਪਾਸੇ ਜਦੋਂ ਇਸ ਸੰਬੰਧੀ ਲੋਕ ਨਿਰਮਾਣ ਵਿਭਾਗ ਦੇ ਐੱਸ. ਈ. ਹਰਜੋਤ ਸਿੰਘ ਨਾਲ ਫ਼ੋਨ ਰਾਹੀਂ ਸੰਪਰਕ ਕਰਨ ਅਤੇ ਸੁਨੇਹਾ ਭੇਜਣ ਦੀ ਕੋਸ਼ਿਸ਼ ਕੀਤੀ ਗਈ, ਪਰ ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਦਾ ਪੱਖ ਨਹੀਂ ਮਿਲ ਸਕਿਆ।
ਪਿਛਲੀ ਖ਼ਬਰ ਕੌਂਸਲ ਪ੍ਰਧਾਨ ਓ.ਕੇ. ਤੇ ਹਲਕਾ ਇੰਚਾਰਜ ਗੋਲਡੀ ਵਲੋਂ 11 ਲੱਖ ਦੀ ਲਾਗਤ ਵਾਲੀ ਐਂਬੂਲੈਂਸ-ਕਮ-ਫਿਊਨਰਲ ਵੈਨ ਸ਼ਹਿਰ ਵਾਸੀਆਂ... ਅਗਲੀ ਖ਼ਬਰ ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵਿਖੇ ਨੰਨ੍ਹੇ-ਮੁੰਨ੍ਹਿਆਂ ਨੇ ਈਕੋ-ਫਰੈਂਡਲੀ ਦੀਵਾਲੀ ਮਨਾਉਣ ਦਾ ਦਿੱਤਾ ਸੰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।