ਚੰਡੀਗੜ੍ਹ, 30 ਅਕਤੂਬਰ (ਅ.ਬ.) - ਵੀਵੋ ਇੰਡੀਆ ਨੇ ਐਲਾਨ ਕੀਤਾ ਹੈ ਕਿ ਗੁਜਰਾਤ ਦੇ ਸੂਰਤ ਸਥਿਤ ਆਰ.ਐੱਮ.ਜੀ. ਮਾਹੇਸ਼ਵਰੀ ਇੰਗਲਿਸ਼ ਸਕੂਲ ਦੇ ਵਿਦਿਆਰਥੀ ਧਿਯੇ ਸ਼ਾਹ ਨੇ ‘ਵੀਵੋ ਇਗਨਾਈਟ 2026’ ਵਿੱਚ ਕੌਮੀ ਜੇਤੂ ਹੋਣ ਦਾ ਮਾਣ ਹਾਸਲ ਕੀਤਾ ਹੈ। ਇਹ ਵੀਵੋ ਦੀ ਦੇਸ਼-ਪੱਧਰੀ ਤਕਨਾਲੋਜੀ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਾਲੀ ਪਹਿਲਕਦਮੀ ਹੈ, ਜਿਸ ਵਿੱਚ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ ਹਿੱਸਾ ਲੈਂਦੇ ਹਨ। ਇਸ ਸਾਲ ਇਸ ਮੁਕਾਬਲੇ ਦਾ ਚੌਥਾ ਸੰਸਕਰਣ ਕਰਵਾਇਆ ਗਿਆ। ਧਿਯੇ ਸ਼ਾਹ ਦੇ ਪ੍ਰੋਜੈਕਟ ‘ਜਲਾਕਰ—ਦ ਸ਼ੇਪ ਆਫ਼ ਵਾਟਰ: ਪ੍ਰੈਡਿਕਟ, ਅਲਰਟ ਐਂਡ ਐਕਟ’ ਵਿੱਚ ਮਸ਼ੀਨ ਲਰਨਿੰਗ ਤਕਨੀਕਾਂ ਅਤੇ ਧਰਤੀ ਹੇਠਲੇ ਪਾਣੀ ਨਾਲ ਸਬੰਧਿਤ ਪੁਰਾਣੇ ਅੰਕੜਿਆਂ ਦੀ ਵਰਤੋਂ ਕੀਤੀ ਗਈ ਹੈ। ਇਸ ਤਕਨੀਕ ਰਾਹੀਂ ਭੂਜਲ ਦੀ ਉਪਲਬਧਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਜਿਸ ਨਾਲ ਪਾਣੀ ਦੇ ਬਿਹਤਰ ਪ੍ਰਬੰਧਨ ਅਤੇ ਇਸ ਦੀ ਸੁਚੱਜੀ ਵਰਤੋਂ ਵਿੱਚ ਮਦਦ ਮਿਲ ਸਕਦੀ ਹੈ। ਵੀਵੋ ਇੰਡੀਆ ਦੀ ਮੁੱਖ ਕਾਰਪੋਰੇਟ ਸੰਚਾਰ ਅਧਿਕਾਰੀ ਗੀਤਾਜ਼ ਚੰਨਾਨਾ ਨੇ ਕਿਹਾ ਕਿ ਅਸੀਂ ‘ਵੀਵੋ ਇਗਨਾਈਟ 2026’ ਦੇ ਕੌਮੀ ਜੇਤੂ ਧਿਯੇ ਸ਼ਾਹ ਅਤੇ ਚੋਟੀ ਦੇ 10 ਫਾਈਨਲਿਸਟਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਨਵੀਨਤਾਕਾਰੀ ਸੋਚ ਅਤੇ ਮਿਹਨਤ ਲਈ ਵਧਾਈ ਦਿੰਦੇ ਹਾਂ। ਇਸ ਮੁਕਾਬਲੇ ਦੇ ਚੌਥੇ ਸੰਸਕਰਣ ਦੀ ਸਫ਼ਲਤਾ ਅਤੇ ਇਸ ਵਿੱਚ ਵਧ ਰਹੀ ਭਾਗੀਦਾਰੀ ਸਾਡੇ ਲਈ ਮਾਣ ਵਾਲੀ ਗੱਲ ਹੈ।