16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਜਨਗਣਨਾ-2027 ਦੇ ਦੂਜੇ ਪੜਾਅ ਤਹਿਤ ਸਵੈ-ਗਣਨਾ ਦੀ ਪ੍ਰਕਿਰਿਆ ਸ਼ੁਰੂ ਵਿਧਾਇਕ ਕੁਲਵੰਤ ਸਿੰਘ ਨੇ ਪਰਿਵਾਰ ਸਮੇਤ ਆਨਲਾਈਨ ਸਵੈ - ਗਣਨਾ ਕੀਤੀ

ਐੱਸ. ਏ.

ਅਧਿਕਾਰੀਆਂ ਦੀ ਹਾਜ਼ਰੀ ‘ਚ ਆਨਲਾਈਨ ਸਵੈ-ਗਣਨਾ ਦੀ ਪ੍ਰਕਿਰਿਆ ਪੂਰੀ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ। ਅਜੀਤ ਤਸਵੀਰ 17-11-2026
ਐੱਸ. ਏ. ਐੱਸ. ਨਗਰ, 16 ਨਵੰਬਰ (ਪ੍ਰੋ. ਅਵਤਾਰ ਸਿੰਘ)-ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਤਹਿਤ ਸਵੈ-ਗਣਨਾ ਦੀ ਪ੍ਰਕਿਰਿਆ ਅੱਜ ਸਮੁੱਚੇ ਪੰਜਾਬ ਸਮੇਤ ਜ਼ਿਲ੍ਹਾ ਮੁਹਾਲੀ ‘ਚ ਸ਼ੁਰੂ ਹੋ ਗਈ। ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਆਪਣੇ ਪਰਿਵਾਰ ਸਮੇਤ ਆਨਲਾਈਨ ਸਵੈ-ਗਣਨਾ ਦੀ ਪ੍ਰਕਿਰਿਆ ਪੂਰੀ ਕੀਤੀ ਤੇ ਜ਼ਿਲ੍ਹਾ ਵਾਸੀਆਂ ਨੂੰ ਵੀ ਇਸ ਡਿਜ਼ੀਟਲ ਪ੍ਰਕਿਰਿਆ ‘ਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਨਗਣਨਾ ਕਾਰਜਾਂ ਦੇ ਡਿਪਟੀ ਡਾਇਰੈਕਟਰ ਰੁਚੀ ਗੁਪਤਾ, ਚਾਰਜ ਅਫ਼ਸਰ ਪੂਨਮ ਸ਼ਰਮਾ, ਜ਼ਿਲ੍ਹਾ ਕੋਆਰਡੀਨੇਟਰ ਸੁਨੀਲ ਕੁਮਾਰ, ਫੀਲਡ ਟ੍ਰੇਨਰ ਅੰਮ੍ਰਿਤਾ ਸਿੰਘ ਤੇ ਅਸ਼ਵਨੀ ਕੁਮਾਰ ਸਮੇਤ ਜਨਗਣਨਾ ਟੀਮ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਜਨਗਣਨਾ ‘ਚ ਭਾਗ ਲੈਣ ਨੂੰ ਅਹਿਮ ਕੌਮੀ ਫ਼ਰਜ਼ ਤੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਦਾ ਪ੍ਰਗਟਾਵਾ ਦੱਸਿਆ। ਡਿਜ਼ੀਟਲ ਪ੍ਰਕਿਰਿਆ ਦੀ ਸੌਖ ਬਾਰੇ ਗੱਲ ਕਰਦਿਆਂ ਉਨ੍ਹਾਂ ਮੁਹਾਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਬੈਠੇ ਹੀ ਮੋਬਾਈਲ ਫ਼ੋਨ ਜਾਂ ਕੰਪਿਊਟਰ ਰਾਹੀਂ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਨਾਲ ਸੰਬੰਧਿਤ ਸਹੀ ਵੇਰਵੇ ਪਹਿਲਾਂ ਹੀ ਆਨਲਾਈਨ ਦਰਜ ਕਰਵਾਉਣ ਨਾਲ ਖੇਤਰੀ ਗਣਨਾਕਾਰਾਂ ਦੇ ਕੰਮ ਦਾ ਬੋਝ ਘਟੇਗਾ ਅਤੇ ਸਮੁੱਚੀ ਪ੍ਰਕਿਰਿਆ ਨੂੰ ਸੁਚਾਰੂ ਤੇ ਸਮੇਂ ਸਿਰ ਨੇਪਰੇ ਚਾੜ੍ਹਨ ‘ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸਹੀ ਜਨਗਣਨਾ ਅੰਕੜੇ ਸਰਕਾਰ ਨੂੰ ਲੋਕ ਭਲਾਈ ਸਕੀਮਾਂ ਤਿਆਰ ਕਰਨ ਤੇ ਭਵਿੱਖ ਦੀਆਂ ਸ਼ਹਿਰੀ ਤੇ ਵਿਕਾਸ ਸੰਬੰਧੀ ਲੋੜਾਂ ਦੀ ਬਿਹਤਰ ਯੋਜਨਾਬੰਦੀ ਕਰਨ ‘ਚ ਸਹਾਈ ਹੁੰਦੇ ਹਨ। ਇਸੇ ਦੌਰਾਨ ਜਨਗਣਨਾ ਕਾਰਜਾਂ ਦੇ ਡਿਪਟੀ ਡਾਇਰੈਕਟਰ ਰੁਚੀ ਗੁਪਤਾ ਨੇ ਜਨਗਣਨਾ 2027 ਦੇ ਦੂਜੇ ਪੜਾਅ ਦੇ ਕਾਰਜਕ੍ਰਮ ਬਾਰੇ ਦੱਸਿਆ ਕਿ ਨਾਗਰਿਕ 16 ਨਵੰਬਰ ਤੋਂ 30 ਨਵੰਬਰ ਤੱਕ ਅਧਿਕਾਰਤ ਸਵੈ-ਗਣਨਾ ਪੋਰਟਲ se.census.gov.in ਰਾਹੀਂ ਆਪਣੇ ਘਰ ਤੇ ਪਰਿਵਾਰ ਨਾਲ ਸੰਬੰਧਿਤ ਵੇਰਵੇ ਆਨਲਾਈਨ ਦਰਜ ਕਰਵਾ ਸਕਦੇ ਹਨ। ਇਸ ਤੋਂ ਬਾਅਦ 1 ਦਸੰਬਰ ਤੋਂ ਲੈ ਕੇ 4 ਜਨਵਰੀ ਤੱਕ ਨਿਯੁਕਤ ਗਣਨਾਕਾਰਾਂ ਵਲੋਂ ਘਰ-ਘਰ ਜਾ ਕੇ ਆਬਾਦੀ ਦੀ ਗਣਨਾ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਸਮੇਤ ਜ਼ਿਲ੍ਹਾ ਮੁਹਾਲੀ ਦੇ ਸਮੁੱਚੇ ਵਸਨੀਕਾਂ ਨੂੰ ਇਸ ਪ੍ਰਕਿਰਿਆ ‘ਚ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ 30 ਨਵੰਬਰ ਤੱਕ ਆਪਣੀ ਸਵੈ-ਗਣਨਾ ਮੁਕੰਮਲ ਕਰਨ ਅਤੇ ਇਸ ਤੋਂ ਬਾਅਦ ਘਰ-ਘਰ ਆਉਣ ਵਾਲੇ ਗਣਨਾਕਾਰਾਂ ਨੂੰ ਪੂਰਾ ਸਹਿਯੋਗ ਦੇਣ।
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ਼ਰਧਾ ਨਾਲ ਮਨਾਇਆ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅਗਲੀ ਖ਼ਬਰ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।