ਚੰਡੀਗੜ੍ਹ, 27 ਨਵੰਬਰ (ਮਾਰਕੰਡਾ)-ਪੀ. ਜੀ. ਆਈ. ਚੰਡੀਗੜ੍ਹ ਦੇ ਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ ਦੇ ਬੀ. ਐੱਸ. ਸੀ ਨਰਸਿੰਗ ਤੀਜੇ ਸਾਲ ਦੇ ਵਿਦਿਆਰਥੀਆਂ ਨੇ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਦੋ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ। ਆਡੀਟੋਰੀਅਮ ਵਿਖੇ ਕਰਵਾਏ ਇਨ੍ਹਾਂ ਪ੍ਰੋਗਰਾਮਾਂ ’ਚ 147 ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਗਤੀਵਿਧੀਆਂ ਮਮਤਾ ਸੂਰਿਆਵੰਸ਼ੀ ਤੇ ਸੁਰੇਸ਼ ਕੁਮਾਰ ਬਮਨੀਆ ਦੀ ਅਗਵਾਈ ਹੇਠ ਕਰਵਾਈਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਨਰਸਿੰਗ ਡਿਪਾਰਟਮੈਂਟ ਦੀ ਪ੍ਰਿੰਸੀਪਲ ਡਾ. ਸੁਖਪਾਲ ਕੌਰ ਨੇ ਦੋਵਾਂ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨਰਸਿੰਗ ਵਿਦਿਆਰਥੀਆਂ ਵਿਚ ਹਮਦਰਦੀ, ਸੰਵੇਦਨਸ਼ੀਲਤਾ ਤੇ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਨਰਸਿੰਗ ਦਾ ਕਿੱਤਾ ਸਿਰਫ਼ ਇਲਾਜ ਤੱਕ ਸੀਮਿਤ ਨਹੀਂ, ਸਗੋਂ ਲੋਕਾਂ ਦੀਆਂ ਭਾਵਨਾਤਮਕ ਅਤੇ ਸਮਾਜਿਕ ਸਮੱਸਿਆਵਾਂ ਨੂੰ ਸਮਝਣਾ ਵੀ ਇਸ ਦਾ ਅਹਿਮ ਹਿੱਸਾ ਹੈ। ਇਸ ਦੌਰਾਨ ਕਲਾਸ ਕੋਆਰਡੀਨੇਟਰ ਡਾ. ਵੀ. ਵੈਂਕਟਲਕਸ਼ਮੀ ਨੇ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪਹਿਲੀ ਗਤੀਵਿਧੀ ਤਹਿਤ ਵਿਦਿਆਰਥੀਆਂ ਦੀ ਕੌਂਸਲਿੰਗ ਸੰਬੰਧੀ ਰੋਲ ਪਲੇਅ ਪੇਸ਼ ਕੀਤਾ। ਇਸ ਵਿਚ ਪ੍ਰੀਖਿਆਵਾਂ ਦਾ ਤਣਾਅ, ਬੁਲਿੰਗ, ਪਰਿਵਾਰਕ ਦਬਾਅ ਅਤੇ ਆਰਥਿਕ ਮੁਸ਼ਕਲਾਂ ਕਾਰਨ ਨੌਜਵਾਨਾਂ ਵਿਚ ਪੈਦਾ ਹੋਣ ਵਾਲੀ ਚਿੰਤਾ ਅਤੇ ਪੜ੍ਹਾਈ ਛੱਡਣ ਵਰਗੀਆਂ ਸਮੱਸਿਆਵਾਂ ਨੂੰ ਦਰਸਾਇਆ। ਦੂਜੀ ਗਤੀਵਿਧੀ ਵਿਚ ‘ਐਮਰਜੈਂਸੀ ਐਸਕੇਪ ਰੂਮ’ ਦੇ ਨਾਮ ਹੇਠ ਨਾਟਕ ਖੇਡਿਆ, ਜਿਸ ’ਚ ਪੰਜ ਵੱਖ-ਵੱਖ ਸਟੇਸ਼ਨਾਂ ਰਾਹੀਂ ਵਿਦਿਆਰਥੀਆਂ ਨੂੰ ਦਿਲ ਦਾ ਦੌਰਾ ਪੈਣ ਜਾਂ ਦਿਲ ਦੀ ਧੜਕਣ ਰੁਕਣ ਵਰਗੀ ਐਮਰਜੈਂਸੀ ਸਥਿਤੀ ਵਿਚ ਤੁਰੰਤ ਮਦਦ ਅਤੇ ਸੀ. ਪੀ. ਆਰ. ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਇਸ ਰਾਹੀਂ ਇਹ ਸੁਨੇਹਾ ਦਿੱਤਾ ਗਿਆ ਕਿ ਪਹਿਲੇ ਕੁਝ ਮਿੰਟਾਂ ਵਿਚ ਆਮ ਲੋਕਾਂ ਵਲੋਂ ਦਿੱਤੀ ਗਈ ਸਮੇਂ ਸਿਰ ਸੀ. ਪੀ. ਆਰ. ਸਹਾਇਤਾ ਕਿਸੇ ਦੀ ਜਾਨ ਬਚਾਉਣ ਵਿਚ ਅਹਿਮ ਸਾਬਤ ਹੋ ਸਕਦੀ ਹੈ। ਇਨ੍ਹਾਂ ਗਤੀਵਿਧੀਆਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਕਰਨਾ, ਲੋੜਵੰਦਾਂ ਦੀ ਗੱਲ ਸੁਣਨ, ਉਨ੍ਹਾਂ ਦੀ ਮਦਦ ਕਰਨ ਲਈ ਪ੍ਰੇਰਿਤ ਕਰਨਾ ਅਤੇ ਆਮ ਲੋਕਾਂ ਨੂੰ ਜੀਵਨ ਰੱਖਿਅਕ ਮੁੱਢਲੀ ਸਹਾਇਤਾ ਬਾਰੇ ਸਿੱਖਿਅਤ ਕਰਨਾ ਰਿਹਾ।