ਐੱਸ. ਏ. ਐੱਸ. ਨਗਰ, 29 ਨਵੰਬਰ (ਪ੍ਰੋ. ਅਵਤਾਰ ਸਿੰਘ)-ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵਲੋਂ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਸ਼ੁਕਰੀਆ ਬਾਬਾ ਹਨੂੰਮਾਨ ਸਿੰਘ ਜੀ’ ਰਿਲੀਜ਼ ਕੀਤਾ। ਇਸ ਧਾਰਮਿਕ ਗੀਤ ਦਾ ਲੇਖਣ, ਧੁੰਨ ਤੇ ਗਾਇਨ ਅਸੀਸ ਕੌਰ ਵਲੋਂ ਆਪ ਕੀਤਾ ਗਿਆ ਹੈ। ਗੀਤ ਦੇ ਸੰਗੀਤਕਾਰ ਮਿਸਟਰ ਡਾਪ ਹਨ ਅਤੇ ਵੀਡੀਓ ਡਾਇਰੈਕਟਰ ਬੌਬੀ ਬਾਜਵਾ ਹਨ। ਪ੍ਰੋਡਿਊਸਰ ਤੇ ਪ੍ਰੇਰਣਾ ਸ੍ਰੋਤ ਸਮਾਜ ਸੇਵੀ ਸਰਵਜੀਤ ਸਿੰਘ ਹਨ, ਪ੍ਰੋਡਕਸ਼ਨ ਧੀਰਜ ਰਾਜਪੂਤ ਵਲੋਂ ਕੀਤੀ ਗਈ ਹੈ। ਇਸ ਗੀਤ ਦੇ ਕਾਸਟਿਊਮ ਡਿਜਾਇਨ ਉੱਘੀ ਡਿਜ਼ਾਇਨਰ ਗੁਨੀਤ ਕੌਰ ਵਲੋਂ ਕੀਤੇ ਗਏ ਹਨ। ਗੀਤ ਵਿਚ ਅਸੀਸ ਕੌਰ ਵਲੋਂ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਵਲੋਂ ਕੀਤੀਆਂ ਰਹਿਮਤਾਂ ਦਾ ਸ਼ੁਕਰੀਆ ਅਦਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਅਸੀਸ ਕੌਰ ਦੁਆਰਾ ਬਾਬਾ ਜੀ ਦੀ ਉਪਮਾ ਵਿਚ ਗਾਏ ਗੀਤਾਂ ਨੂੰ ਸੰਗਤਾਂ ਨੇ ਬੜਾ ਪਿਆਰ ਤੇ ਭਰਵਾ ਹੁੰਗਾਰਾ ਦਿੱਤਾ ਹੈ। ਇਹ ਗੀਤ ਯੂ-ਟਿਊਬ ਲਿੰਕ ਅਸੀਸ ਰਿਕਾਰਡਜ਼’ ਤੇ ਦੇਖਿਆ ਜਾ ਸਕਦਾ ਹੈ। ਇਸ ਮੌਕੇ ਅਸੀਸ ਕੌਰ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਅੱਜ ਉਹ ਜਿਸ ਮੁਕਾਮ ’ਤੇ ਹੈ ਉਹ ਉਸ ਨੂੰ ਜਥੇਦਾਰ ਬਾਬਾ ਹਨੂੰਮਾਨ ਸਿੰਘ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਰਹਿਮਤਾਂ ਦੇ ਬਦੌਲਤ ਹੀ ਪ੍ਰਾਪਤ ਹੋਇਆ ਹੈ।