ਬੁਢਲਾਡਾ-ਚੱਕ ਭਾਈਕੇ ਸੜਕ ’ਤੇ ਬਣਿਆ ਕੂੜੇ ਦਾ ਡੰਪ ਬੰਦ ਕਰਵਾਉਣ ਲਈ 7 ਪਿੰਡਾਂ ਦੀਆਂ ਪੰਚਾਇਤਾਂ ਨੇ ਖੋਲ੍ਹਿਆ ਮੋਰਚਾ
ਬੁਢਲਾਡਾ, 19 ਨਵੰਬਰ (ਸੁਨੀਲ ਮਨਚੰਦਾ)- ਬੁਢਲਾਡਾ-ਚੱਕ ਭਾਈਕੇ ਸੜਕ ’ਤੇ ਬੁਢਲਾਡਾ ਮੰਡੀ ਦੇ ਕੂੜੇ-ਕਰਕਟ ਲਈ ਬਣਾਏ ਗਏ ਆਰਜ਼ੀ ਡੰਪ ਨੂੰ ਬੰਦ ਕਰਵਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਇਸ ਸਬੰਧੀ ਇਲਾਕੇ ਦੇ 7 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੇ ਇੱਕਜੁੱਟ ਹੋ ਕੇ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਸਤਨਾਮ ਸਿੰਘ ਖਨਾਲੀਆ ਨੂੰ ਮੰਗ ਪੱਤਰ ਸੌਂਪਦਿਆਂ ਇਸ ਡੰਪ ਨੂੰ ਤੁਰੰਤ ਬੰਦ ਕਰਵਾਉਣ ਅਤੇ ਕੂੜੇ ਦੇ ਨਿਪਟਾਰੇ ਲਈ ਕਿਸੇ ਹੋਰ ਅਧਿਕਾਰਤ ਥਾਂ ’ਤੇ ਪੱਕਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
ਬੁਢਲਾਡਾ, 19 ਨਵੰਬਰ (ਸੁਨੀਲ ਮਨਚੰਦਾ)- ਬੁਢਲਾਡਾ-ਚੱਕ ਭਾਈਕੇ ਸੜਕ ’ਤੇ ਬੁਢਲਾਡਾ ਮੰਡੀ ਦੇ ਕੂੜੇ-ਕਰਕਟ ਲਈ ਬਣਾਏ ਗਏ ਆਰਜ਼ੀ ਡੰਪ ਨੂੰ ਬੰਦ ਕਰਵਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਇਸ ਸਬੰਧੀ ਇਲਾਕੇ ਦੇ 7 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੇ ਇੱਕਜੁੱਟ ਹੋ ਕੇ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਸਤਨਾਮ ਸਿੰਘ ਖਨਾਲੀਆ ਨੂੰ ਮੰਗ ਪੱਤਰ ਸੌਂਪਦਿਆਂ ਇਸ ਡੰਪ ਨੂੰ ਤੁਰੰਤ ਬੰਦ ਕਰਵਾਉਣ ਅਤੇ ਕੂੜੇ ਦੇ ਨਿਪਟਾਰੇ ਲਈ ਕਿਸੇ ਹੋਰ ਅਧਿਕਾਰਤ ਥਾਂ ’ਤੇ ਪੱਕਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਮੰਗ ਪੱਤਰ ਦੇਣ ਸਮੇਂ ਪਿੰਡ ਚੱਕ ਭਾਈਕੇ ਦੇ ਸਰਪੰਚ ਜਗਸੀਰ ਸਿੰਘ, ਬੀਰੋਕੇ ਖ਼ੁਰਦ ਦੇ ਸਰਪੰਚ ਮੱਖਣ ਸਿੰਘ, ਬੀਰੋਕੇ ਕਲਾਂ ਦੇ ਸਰਪੰਚ ਗੁਰਮੀਤ ਸਿੰਘ, ਗੁੜੱਦੀ ਦੇ ਸਰਪੰਚ ਰਮਨ ਸਿੰਘ, ਖੀਵਾ ਮੀਹਾਂ ਸਿੰਘ ਵਾਲਾ ਦੇ ਸਰਪੰਚ ਅਮਨਦੀਪ ਸਿੰਘ, ਹੀਰੋਂ ਖ਼ੁਰਦ ਦੇ ਸਰਪੰਚ ਜਸਪਾਲ ਸਿੰਘ ਅਤੇ ਧਲੇਵਾਂ ਦੇ ਸਰਪੰਚ ਸੁਖਵਿੰਦਰ ਸਿੰਘ ਹਾਜ਼ਰ ਸਨ। ਪੰਚਾਇਤਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਬੁਢਲਾਡਾ-ਚੱਕ ਭਾਈਕੇ ਸੜਕ ’ਤੇ ਆਰਜ਼ੀ ਤੌਰ ’ਤੇ ਬਣਾਇਆ ਗਿਆ ਇਹ ਕੂੜੇ ਦਾ ਡੰਪ ਇਲਾਕੇ ਦੇ ਲੋਕਾਂ ਲਈ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਇਸ ਸੜਕ ਨਾਲ ਲਗਪਗ 10 ਤੋਂ 12 ਪਿੰਡਾਂ ਦੀ ਆਵਾਜਾਈ ਜੁੜੀ ਹੋਈ ਹੈ। ਇਸੇ ਰਸਤੇ ’ਤੇ ਪਿੰਡ ਚੱਕ ਭਾਈਕੇ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂਅ ਨਾਲ ਸਬੰਧਿਤ ਇਤਿਹਾਸਕ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ-ਜਾਂਦੀਆਂ ਹਨ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜੱਦੀ ਪਿੰਡ ਸਤੌਜ ਵੀ ਇਸੇ ਸੜਕ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਡੰਪ ਦੇ ਬਿਲਕੁਲ ਨੇੜੇ ਕਈ ਪਰਿਵਾਰਾਂ ਦੇ ਰਿਹਾਇਸ਼ੀ ਮਕਾਨ ਹਨ। ਗੰਦਗੀ ਕਾਰਨ ਲੋਕਾਂ ਵਿਚ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ ਅਤੇ ਕੂੜੇ ਦੇ ਢੇਰ ਅਵਾਰਾ ਕੁੱਤਿਆਂ ਦਾ ਅੱਡਾ ਬਣ ਚੁੱਕੇ ਹਨ। ਇਸ ਮੌਕੇ ਭਾਕਿਯੂ (ਕਾਦੀਆਂ) ਦੀ ਅਨੁਸ਼ਾਸਨੀ ਕਮੇਟੀ ਪੰਜਾਬ ਦੇ ਚੇਅਰਮੈਨ ਕੁਲਦੀਪ ਸਿੰਘ ਤੋਂ ਇਲਾਵਾ ਗੁਰਜੰਟ ਸਿੰਘ, ਗੁਰਮੇਲ ਸਿੰਘ ਮੇਲ, ਸੁਖਚੈਨ ਸਿੰਘ ਪੰਚ, ਸੁਖਜੀਤ ਸਿੰਘ, ਨਿਰਮਲਜੀਤ ਸਿੰਘ, ਜਸਵਿੰਦਰ ਸਿੰਘ ਵਿੱਕੀ ਚੱਕ ਭਾਈਕੇ ਆਦਿ ਹਾਜ਼ਰ ਸਨ।