‘ ਰਨ ਫ਼ਾਰ ਇਕੁਐਲਿਟੀ ’ ਮੈਰਾਥਨ ਨੂੰ ਰੂਪਨਗਰ ਵਿਚ ਮਿਲਿਆ ਭਰਵਾਂ ਹੁੰਗਾਰਾ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 6.5 ਕਿੱਲੋਮੀਟਰ ਮੈਰਾਥਨ ਵਿਚ 1000 ਤੋਂ ਵੱਧ ਲੋਕਾਂ ਨੇ ਲਿਆ ਭਾਗ
ਰੂਪਨਗਰ, 6 ਸਤੰਬਰ (ਸਤਨਾਮ ਸਿੰਘ ਸੱਤੀ)-ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵਲੋਂ ‘ਰਨ ਫ਼ਾਰ ਇਕੁਐਲਿਟੀ’ 6. 5 ਕਿੱਲੋਮੀਟਰ ਮੈਰਾਥਨ ਕਰਵਾਈ ਗਈ।
ਰੂਪਨਗਰ, 6 ਸਤੰਬਰ (ਸਤਨਾਮ ਸਿੰਘ ਸੱਤੀ)-ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵਲੋਂ ‘ਰਨ ਫ਼ਾਰ ਇਕੁਐਲਿਟੀ’ 6.5 ਕਿੱਲੋਮੀਟਰ ਮੈਰਾਥਨ ਕਰਵਾਈ ਗਈ। ਮੈਰਾਥਨ ਵਿਚ ਵਿਦਿਆਰਥੀਆਂ, ਨੌਜਵਾਨਾਂ, ਬੱਚਿਆਂ, ਖਿਡਾਰੀਆਂ ਅਤੇ ਬਜ਼ੁਰਗਾਂ ਸਮੇਤ 1000 ਤੋਂ ਵੱਧ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਸਮਾਨਤਾ, ਏਕਤਾ, ਭਾਈਚਾਰੇ ਤੇ ਤੰਦਰੁਸਤ ਜੀਵਨ ਦਾ ਸੰਦੇਸ਼ ਦਿੱਤਾ। ਡਾ. ਬੀ.ਆਰ. ਅੰਬੇਡਕਰ ਭਵਨ, ਗਿਆਨੀ ਜ਼ੈਲ ਸਿੰਘ ਨਗਰ ਤੋਂ ਸ਼ੁਰੂ ਹੋਈ ਮੈਰਾਥਨ ਨੂੰ ਵਿਧਾਇਕ ਦਿਨੇਸ਼ ਚੱਢਾ, ਐੱਸ.ਐੱਸ.ਪੀ. ਮਨਿੰਦਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੈਰਾਥਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਹੁੰਦੀ ਹੋਈ ਮੁੜ ਡਾ. ਬੀ.ਆਰ. ਅੰਬੇਡਕਰ ਭਵਨ ਵਿਖੇ ਸਮਾਪਤ ਹੋਈ। ਭਾਗੀਦਾਰਾਂ ਵਿਚ ਖ਼ਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਸਮੁੱਚੀ ਮਨੁੱਖਤਾ ਨੂੰ ਬਰਾਬਰੀ, ਆਪਸੀ ਸਤਿਕਾਰ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ। ‘ਰਨ ਫ਼ਾਰ ਇਕੁਐਲਿਟੀ’ ਵਰਗੇ ਉਪਰਾਲਿਆਂ ਰਾਹੀਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਗੁਰੂ ਸਾਹਿਬ ਦੀ ਸਮਾਨਤਾ ਦੀ ਵਿਚਾਰਧਾਰਾ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾ ਰਿਹਾ ਹੈ। ਐੱਸ.ਸੀ. ਮੋਰਚਾ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ. ਨੇ ਵੀ ਮੈਰਾਥਨ ਵਿਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਭਾਗੀਦਾਰਾਂ ਨੂੰ ਮੈਡਲ ਵੰਡ ਕੇ ਹੌਸਲਾ ਅਫ਼ਜ਼ਾਈ ਕੀਤੀ। ਐੱਸ.ਐੱਸ.ਪੀ. ਮਨਿੰਦਰ ਸਿੰਘ ਨੇ ਮੈਰਾਥਨ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਲੋਕਾਂ ਦੀ ਸ਼ਲਾਘਾ ਕੀਤੀ। ਮੈਰਾਥਨ ਵਿਚ ਸ਼ਾਮਲ ਸਾਰੇ ਭਾਗੀਦਾਰਾਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਨੇ ਮੈਰਾਥਨ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਾਰੇ ਵਿਭਾਗਾਂ, ਅਧਿਕਾਰੀਆਂ, ਕੋਚਾਂ, ਵਲੰਟੀਅਰਾਂ, ਖਿਡਾਰੀਆਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ, ਚੇਅਰਮੈਨ ਭਾਗ ਸਿੰਘ ਮਦਾਨ, ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਜ਼ਿਲ੍ਹਾ ਯੂਥ ਪ੍ਰਧਾਨ ਚੇਤਨ ਕਾਲੀਆ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕਰਨ ਮਹਿਤਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਡਾ. ਰਾਜੀਵ ਅਗਰਵਾਲ, ਡਾ. ਜਗਦੀਪ ਚੌਧਰੀ, ਡਾ. ਕਮਲ ਚੌਧਰੀ, ਐਮਸੀ ਸੁਖਜਿੰਦਰ ਫ਼ੌਜੀ, ਗੋਲਡੀ ਪੁਰਖਾਲੀ, ਅਮਨਦੀਪ ਸਿੰਘ ਲਾਡੀ ਕੋਚ ਸਮੇਤ ਖੇਡ ਵਿਭਾਗ ਦੇ ਕੋਚ, ਅਧਿਕਾਰੀ, ਵਲੰਟੀਅਰ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।