ਜਥੇਦਾਰ 96 ਕਰੋੜੀ ਨੇ ਹਿਮਾਚਲ- ਪ੍ਰਦੇਸ਼ ’ਚ ਅੰਮ੍ਰਿਤਧਾਰੀ ਵਿਦਿਆਰਥੀ ਨੂੰ ਪ੍ਰੀਖਿਆ ’ਚ ਜਾਣ ਤੋਂ ਰੋਕਣ ’ਤੇ ਜਤਾਇਆ ਇਤਰਾਜ਼
ਅੰਮ੍ਰਿਤਸਰ, 28 ਨਵੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ’ਚ ਪਟਵਾਰੀ ਭਰਤੀ ਲਈ ਟੈਸਟ ਦੌਰਾਨ ਸਿੱਖ ਵਿਦਿਆਰਥੀ ਬੀਬੀ ਰਾਜਵਿੰਦਰ ਕੌਰ ਨੂੰ ਸਿੱਖ ਕਕਾਰ ਪਹਿਨੇ ਹੋਣ ਕਾਰਨ ਦਾਖਲ ਹੋਣ ਤੋਂ ਰੋਕਣ ’ਤੇ ਸਖ਼ਤ ਇਤਰਾਜ ਜਤਾਉਂਦਿਆਂ ਕਿਹਾ ਕਿ ਸਿੱਖਾਂ ਨਾਲ ਅਜਿਹਾ ਵਿਤਕਰਾ ਸਹਿਣਯੋਗ ਨਹੀਂ ਹੈ ਅਤੇ ਨਾ ਹੀ ਸੰਵਿਧਾਨ ਅਜਿਹਾ ਕਰਨ ਦੀ ਆਗਿਆ ਦਿੰਦਾ ਹੈ। ਬੁੱਢਾ ਦਲ ਦੀ ਸਥਾਨਕ ਛਾਉਣ ਤੋਂ ਮੈਨੇਜਰ ਪਰਮਜੀਤ ਸਿੰਘ ਬਾਜਵਾ ਵਲੋਂ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਅੰਮ੍ਰਿਤਧਾਰੀ ਵਿਦਿਆਰਥਣ ਰਾਜਵਿੰਦਰ ਕੌਰ, ਜੋ ਗੁਰਸਿੱਖ ਪਰਿਵਾਰ ਨਾਲ ਸਬੰਧਤ ਹੈ, ਨੂੰ ਅੰਮ੍ਰਿਤਧਾਰੀ ਹੋਣ ਕਾਰਨ ਉਸ ਨੂੰ ਇਮਤਿਹਾਨ ਵਿਚ ਜਾਣ ਨਹੀਂ ਦਿੱਤਾ ਗਿਆ।
ਅਜੀਤ ਡੈਸਕ
29-11-2026