ਬੱਸ ਸਟੈਂਡ ਅੱਗੇ ਦੁਕਾਨਦਾਰਾਂ ਨੇ ਸੜਕ ’ ਤੇ ਕੀਤੇ 7-8 ਫੁੱਟ ਤੱਕ ਨਾਜਾਇਜ਼ ਕਬਜ਼ੇ ਸੜਕ ਵਿਚਕਾਰ ਖੜ੍ਹੇ ਈ-ਰਿਕਸ਼ੇ ਵਧਾਉਂਦੇ ਹਨ ਟ੍ਰੈਫ਼ਿਕ ਜਾਮ
ਸ੍ਰੀ ਮੁਕਤਸਰ ਸਾਹਿਬ, 5 ਸਤੰਬਰ (ਹਰਮਹਿੰਦਰ ਪਾਲ)-ਸ਼ਹਿਰ ਦੇ ਬੱਸ ਸਟੈਂਡ ਦੀ ਮੇਨ ਰੋਡ ’ਤੇ ਨਾਜਾਇਜ਼ ਕਬਜ਼ਿਆਂ, ਸੜਕ ਦੇ ਵਿਚਕਾਰ ਖੜ੍ਹੇ ਈ-ਰਿਕਸ਼ਿਆਂ ਅਤੇ ਰੇਹੜੀਆਂ ਕਾਰਨ ਟ੍ਰੈਫ਼ਿਕ ਵਿਵਸਥਾ ਵਿਗੜਦੀ ਜਾ ਰਹੀ ਹੈ। ਦੁਕਾਨਦਾਰਾਂ ਨੇ ਦੁਕਾਨਾਂ ਦਾ ਸਾਮਾਨ ਸੜਕ ਵੱਲ ਕਰੀਬ 7 ਤੋਂ 8 ਫੁੱਟ ਤੱਕ ਫ਼ੈਲਾਅ ਰੱਖਿਆ ਹੈ।
ਸ੍ਰੀ ਮੁਕਤਸਰ ਸਾਹਿਬ, 5 ਸਤੰਬਰ (ਹਰਮਹਿੰਦਰ ਪਾਲ)-ਸ਼ਹਿਰ ਦੇ ਬੱਸ ਸਟੈਂਡ ਦੀ ਮੇਨ ਰੋਡ ’ਤੇ ਨਾਜਾਇਜ਼ ਕਬਜ਼ਿਆਂ, ਸੜਕ ਦੇ ਵਿਚਕਾਰ ਖੜ੍ਹੇ ਈ-ਰਿਕਸ਼ਿਆਂ ਅਤੇ ਰੇਹੜੀਆਂ ਕਾਰਨ ਟ੍ਰੈਫ਼ਿਕ ਵਿਵਸਥਾ ਵਿਗੜਦੀ ਜਾ ਰਹੀ ਹੈ। ਦੁਕਾਨਦਾਰਾਂ ਨੇ ਦੁਕਾਨਾਂ ਦਾ ਸਾਮਾਨ ਸੜਕ ਵੱਲ ਕਰੀਬ 7 ਤੋਂ 8 ਫੁੱਟ ਤੱਕ ਫ਼ੈਲਾਅ ਰੱਖਿਆ ਹੈ। ਉੱਥੇ ਫਲ-ਫਰੂਟ ਦੀਆਂ ਰੇਹੜੀਆਂ ਵੀ ਸੜਕ ’ਤੇ ਲੱਗੀਆਂ ਰਹਿੰਦੀਆਂ ਹਨ। ਈ-ਰਿਕਸ਼ਾ ਚਾਲਕ ਸਵਾਰੀਆਂ ਚੁੱਕਣ ਲਈ ਸੜਕ ਦੇ ਵਿਚਕਾਰ ਵਾਹਨ ਖੜ੍ਹੇ ਕਰ ਦਿੰਦੇ ਹਨ। ਇਸ ਕਾਰਨ ਦਿਨ ਭਰ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਵਿਚ ਈ-ਰਿਕਸ਼ਿਆਂ ਦੀ ਗਿਣਤੀ ’ਚ ਲਗਾਤਾਰ ਵਾਧੇ ਨੂੰ ਟ੍ਰੈਫ਼ਿਕ ਜਾਮ ਦਾ ਇਕ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ। ਸ਼ਹਿਰ ਦੀਆਂ ਸੜਕਾਂ ’ਤੇ ਵੱਡੀ ਗਿਣਤੀ ਵਿਚ ਈ-ਰਿਕਸ਼ੇ ਦੌੜਦੇ ਦਿਖਾਈ ਦਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਕਈ ਥਾਵਾਂ ’ਤੇ ਈ-ਰਿਕਸ਼ਿਆਂ ਕਾਰਨ ਜਾਮ ਲੱਗਦਾ ਹੈ ਅਤੇ ਲੋਕਾਂ ਨੂੰ ਉਸ ਵਿਚ ਫਸ ਕੇ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਪੁਲਿਸ ਦੇ ਟ੍ਰੈਫ਼ਿਕ ਪਲਾਨ ਵਿਚ ਈ-ਰਿਕਸ਼ਿਆਂ ਲਈ ਕੋਈ ਸਪੱਸ਼ਟ ਵਿਵਸਥਾ ਨਾ ਹੋਣ ਕਾਰਨ ਸਮੱਸਿਆ ਹੋਰ ਵਧ ਰਹੀ ਹੈ। ਬੱਸ ਸਟੈਂਡ ਤੋਂ ਦੋ ਰਸਤਿਆਂ ਰਾਹੀਂ ਬੱਸਾਂ ਬਾਹਰ ਨਿਕਲਦੀਆਂ ਹਨ। ਇਕ ਰਸਤੇ ਤੋਂ ਲੰਮੇ ਰੂਟ ਦੀਆਂ ਬੱਸਾਂ ਤੇ ਦੂਜੇ ਤੋਂ ਪਿੰਡਾਂ ਦੀਆਂ ਬੱਸਾਂ ਚੱਲਦੀਆਂ ਹਨ, ਪਰ ਬੱਸ ਅੱਡੇ ਤੋਂ ਬਾਹਰ ਨਿਕਲਦੇ ਹੀ ਸੜਕ ’ਤੇ ਖੜ੍ਹੇ ਈ-ਰਿਕਸ਼ੇ ਅਤੇ ਦੁਕਾਨਦਾਰਾਂ ਦੇ ਕਬਜ਼ੇ ਬੱਸਾਂ ਲਈ ਵੀ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦੇ ਹਨ। ਕਈ ਵਾਰ ਗ੍ਰਾਹਕ ਵੀ ਦੁਕਾਨਾਂ ਤੋਂ ਸਾਮਾਨ ਖ਼ਰੀਦਣ ਲਈ ਆਪਣੇ ਵਾਹਨ ਸੜਕ ਦੇ ਵਿਚਕਾਰ ਖੜ੍ਹੇ ਕਰ ਦਿੰਦੇ ਹਨ, ਜਿਸ ਨਾਲ ਟਰੈਫਿਕ ਵਿਵਸਥਾ ਹੋਰ ਵਿਗੜ ਜਾਂਦੀ ਹੈ। ਸ਼ਹਿਰ ਦੀ ਘਾਹ ਮੰਡੀ, ਮਸੀਤ ਚੌਕ, ਬਾਬਾ ਸੰਤ ਸਿੰਘ ਰੋਡ ਅਤੇ ਸਬਜ਼ੀ ਮੰਡੀ ਵਿਚ ਰੇਹੜੀ ਮਾਰਕੀਟ ਤੋਂ ਇਲਾਵਾ ਸ਼ਾਮ ਦੇ ਸਮੇਂ ਸੜਕ ’ਤੇ ਵੀ ਵੱਡੀ ਗਿਣਤੀ ਵਿਚ ਰੇਹੜੀਆਂ ਲੱਗ ਜਾਂਦੀਆਂ ਹਨ। ਇਸ ਕਾਰਨ ਰੈੱਡ ਕਰਾਸ ਭਵਨ, ਥਾਣਾ ਸਿਟੀ, ਮਸੀਤ ਚੌਂਕ ਅਤੇ ਘਾਹ ਮੰਡੀ ਵਿਚ ਅਕਸਰ ਜਾਮ ਦੀ ਸਥਿਤੀ ਬਣਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਸਤਾ ਖਾਣ-ਪੀਣ ਦਾ ਸਾਮਾਨ ਮਿਲਣ ਕਾਰਨ ਰੇਹੜੀਆਂ ’ਤੇ ਵੀ ਭੀੜ ਰਹਿੰਦੀ ਹੈ। ਕਈ ਰੇਹੜੀ ਵਾਲਿਆਂ ਨੇ ਸੜਕ ਕਿਨਾਰੇ ਛੋਟੇ ਹੋਟਲ ਵਰਗਾ ਇੰਤਜਾਮ ਕਰ ਰੱਖਿਆ ਹੈ। ਉੱਥੇ ਖਾਣਾ ਤਿਆਰ ਕਰਨ ਦੇ ਨਾਲ ਜੂਠੇ ਬਰਤਨ ਵੀ ਸੜਕ ’ਤੇ ਹੀ ਧੋਏ ਜਾਂਦੇ ਹਨ। ਇਸ ਨਾਲ ਸੜਕ ’ਤੇ ਜਗ੍ਹਾ ਘੱਟ ਹੋਣ ਦੇ ਨਾਲ ਗੰਦਗੀ ਦੀ ਸਮੱਸਿਆ ਵੀ ਪੈਦਾ ਹੁੰਦੀ ਹੈ। ਮੌਕੇ ’ਤੇ ਤਾਇਨਾਤ ਏ.ਐੱਸ.ਆਈ. ਮੰਗਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਰੋਜ਼ਾਨਾ ਕਾਰਵਾਈ ਕੀਤੀ ਜਾਂਦੀ ਹੈ। ਸੜਕ ਦੇ ਵਿਚਕਾਰ ਈ-ਰਿਕਸ਼ੇ ਖੜ੍ਹੇ ਕਰਨ ਵਾਲੇ ਚਾਲਕਾਂ ਦੇ ਚਲਾਨ ਵੀ ਕੀਤੇ ਜਾਂਦੇ ਹਨ। ਕਈ ਵਾਰ ਚਾਲਕਾਂ ਨੂੰ ਸੜਕ ਤੋਂ ਰਿਕਸ਼ੇ ਹਟਾਉਣ ਲਈ ਸਮਝਾਇਆ ਜਾਂਦਾ ਹੈ, ਪਰ ਸਵਾਰੀਆਂ ਚੁੱਕਣ ਦੇ ਸਮੇਂ ਉਹ ਦੁਬਾਰਾ ਸੜਕ ਦੇ ਵਿਚਕਾਰ ਰਿਕਸ਼ੇ ਖੜ੍ਹੇ ਕਰ ਦਿੰਦੇ ਹਨ। ਨੈਸ਼ਨਲ ਕੰਜ਼ਿਊਮਰ ਅਵੇਅਰਨੈੱਸ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ, ਬਲਦੇਵ ਸਿੰਘ ਬੇਦੀ, ਗੋਬਿੰਦ ਸਿੰਘ ਦਾਬੜਾ, ਜਸਵੰਤ ਸਿੰਘ ਬਰਾੜ, ਭੰਵਰ ਲਾਲ ਸ਼ਰਮਾ, ਬਲਜੀਤ ਸਿੰਘ, ਸੁਭਾਸ਼ ਭਾਰਤੀ ਅਤੇ ਕਾਲਾ ਸਿੰਘ ਬੇਦੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸ਼ਹਿਰ ਦੀ ਟ੍ਰੈਫ਼ਿਕ ਵਿਵਸਥਾ ਸੁਧਾਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਈ-ਰਿਕਸ਼ਿਆਂ ਦੇ ਰੂਟ ਤਹਿ ਕੀਤੇ ਜਾਣ, ਰੇਹੜੀ ਮਾਰਕਿਟ ਦੇ ਬਾਹਰ ਸੜਕ ’ਤੇ ਰੇਹੜੀਆਂ ਲਗਾਉਣ ’ਤੇ ਰੋਕ ਲਗਾਈ ਜਾਵੇ ਅਤੇ ਪੁਲ ਤੋਂ ਸਟੇਸ਼ਨ ਦੇ ਵਿਚਕਾਰ ਪਏ ਮਲਬੇ ’ਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਿਰਫ਼ ਚਲਾਨ ਕਰਨ ਨਾਲ ਸਮੱਸਿਆ ਦਾ ਪੱਕਾ ਹੱਲ ਨਹੀਂ ਹੋਵੇਗਾ। ਟ੍ਰੈਫ਼ਿਕ ਨੂੰ ਸੁਚਾਰੂ ਰੱਖਣ ਲਈ ਈ-ਰਿਕਸ਼ਿਆਂ, ਰੇਹੜੀਆਂ, ਦੁਕਾਨਦਾਰਾਂ ਦੇ ਕਬਜ਼ਿਆਂ ਅਤੇ ਸੜਕ ’ਤੇ ਖੜ੍ਹੇ ਵਾਹਨਾਂ ਲਈ ਠੋਸ ਵਿਵਸਥਾ ਲਾਗੂ ਕਰਨ ਦੀ ਲੋੜ ਹੈ।