ਜਸਪਾਲ ਸਿੰਘ ਬਿੱਟੂ ਚੱਠਾ ਦੀ ਅਗਵਾਈ ’ਚ ‘ਆਪ’ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਬ) ’ਚ ਹੋਏ ਸ਼ਾਮਿਲ
ਪਟਿਆਲਾ, 5 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਹਲਕਾ ਪਟਿਆਲਾ ਦਿਹਾਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦਕ ਤਾਕਤ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਆਮ ਆਦਮੀ ਪਾਰਟੀ ਵਿਚ ਜ਼ਮੀਨੀ ਪੱਧਰ ’ਤੇ ਸਰਗਰਮੀ ਨਾਲ ਕੰਮ ਕਰਨ ਵਾਲੇ ਮਿਹਨਤੀ ਅਤੇ ਜੁਝਾਰੂ ਵਰਕਰਾਂ ਜਸਵਿੰਦਰਪਾਲ ਸਿੰਘ ਕਾਲੜਾ, ਬੀ. ਐੱਸ.
ਪਟਿਆਲਾ, 5 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਹਲਕਾ ਪਟਿਆਲਾ ਦਿਹਾਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦਕ ਤਾਕਤ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਆਮ ਆਦਮੀ ਪਾਰਟੀ ਵਿਚ ਜ਼ਮੀਨੀ ਪੱਧਰ ’ਤੇ ਸਰਗਰਮੀ ਨਾਲ ਕੰਮ ਕਰਨ ਵਾਲੇ ਮਿਹਨਤੀ ਅਤੇ ਜੁਝਾਰੂ ਵਰਕਰਾਂ ਜਸਵਿੰਦਰਪਾਲ ਸਿੰਘ ਕਾਲੜਾ, ਬੀ.ਐੱਸ. ਜੱਗੀ, ਮਨਜੀਤ ਭਾਟੀਆ, ਹਰਬੰਸ ਲਾਲ ਸ਼ਰਮਾ, ਕੇ.ਐੱਲ. ਵਰਮਾ, ਰਾਮ ਲਾਲ ਠੱਠਗਿਰ, ਸੁਰਜੀਤ ਸਿੰਘ ਕੋਹਲੀ, ਰਚਪਾਲ ਸਿੰਘ ਦੂਆ, ਜਗਤਾਰ ਸਿੰਘ ਧੁਰਕੋਟ, ਪ੍ਰਿਥੀਪਾਲ ਅਰੋੜਾ, ਹਰਜਿੰਦਰ ਸਿੰਘ ਸੇਠੀ, ਸੁਖਵਿੰਦਰ ਪ੍ਰਧਾਨ, ਨੋ ਭੱਲਾ, ਕਰਨਲ ਬਲਦੇਵ ਸਿੰਘ, ਬਲਵਿੰਦਰ ਵਿੱਕੀ, ਸੁਰੇਸ਼ ਅਗਰਵਾਲ, ਲਾਲ ਸਿੰਘ ਅਤੇ ਜਗਮੋਹਨ ਸਿੰਘ ਅਤੇ ਹੋਰ ਸਾਥੀਆਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ। ਇਨ੍ਹਾਂ ਸਾਥੀਆਂ ਨੂੰ ਹਲਕਾ ਇੰਚਾਰਜ ਪਟਿਆਲਾ ਦਿਹਾਤੀ ਜਸਪਾਲ ਸਿੰਘ ਬਿੱਟੂ ਚੱਠਾ ਵਲੋਂ ਪਾਰਟੀ ਵਿਚ ਸ਼ਾਮਲ ਕਰਵਾਇਆ ਗਿਆ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਪਾਲ ਸਿੰਘ ਬਿੱਟੂ ਚੱਠਾ ਨੇ ਕਿਹਾ ਕਿ ਪਟਿਆਲਾ ਦਿਹਾਤੀ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਵਧਦਾ ਕਾਫ਼ਲਾ ਇਸ ਗੱਲ ਦਾ ਸਬੂਤ ਹੈ ਕਿ ਲੋਕ ਹੁਣ ਬਦਲਾਅ ਦੇ ਨਾਂ ’ਤੇ ਕੀਤੇ ਵਾਅਦਿਆਂ ਅਤੇ ਜ਼ਮੀਨੀ ਹਕੀਕਤ ਵਿਚਲੇ ਫ਼ਰਕ ਨੂੰ ਸਮਝ ਚੁੱਕੇ ਹਨ। ਜਿਹੜੇ ਵਰਕਰ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕਰਦੇ ਰਹੇ, ਅੱਜ ਉਨ੍ਹਾਂ ਦਾ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸ ਆਉਣਾ ਮਾਨ ਸਰਕਾਰ ਦੀ ਕਾਰਗੁਜ਼ਾਰੀ ’ਤੇ ਇੱਕ ਵੱਡਾ ਸਿਆਸੀ ਸਵਾਲ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾਏ ਸਨ, ਪਰ ਅੱਜ ਲੋਕਾਂ ਨੂੰ ਆਪਣੇ ਬੁਨਿਆਦੀ ਮਸਲਿਆਂ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਖ਼ਾਸ ਤੌਰ ’ਤੇ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਪਟਿਆਲਾ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਅਤੇ ਸਰਕਾਰੀ ਹਸਪਤਾਲਾਂ ਦੀ ਕਾਰਗੁਜ਼ਾਰੀ ਬਾਰੇ ਜਵਾਬ ਚਾਹੀਦੇ ਹਨ। ਸਿਰਫ਼ ਬਿਆਨਾਂ ਨਾਲ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਸੁਧਾਰ ਕਰਕੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮਿਸ਼ਨ 2027 ਲਈ ਪਟਿਆਲਾ ਦਿਹਾਤੀ ਦਾ ਹਰ ਅਕਾਲੀ ਵਰਕਰ ਪੂਰੇ ਜੋਸ਼ ਅਤੇ ਦ੍ਰਿੜ੍ਹ ਇਰਾਦੇ ਨਾਲ ਮੈਦਾਨ ਵਿਚ ਉਤਰੇਗਾ। ਇਸ ਮੌਕੇ ਅਮਿਤ ਸਿੰਘ ਰਾਠੀ ਜ਼ਿਲ੍ਹਾ ਪ੍ਰਧਾਨ ਪਟਿਆਲਾ ਸ਼ਹਿਰੀ, ਮਾਲਵਿੰਦਰ ਸਿੰਘ ਝਿੱਲ ਸਾਬਕਾ ਐਮ.ਸੀ., ਪਰਮਜੀਤ ਸਿੰਘ ਪੰਮਾ ਸਾਬਕਾ ਐਮ.ਸੀ., ਡਾ. ਸੰਦੀਪ ਸਿੰਘ ਸੰਧੂ ਸਾਬਕਾ ਐਮ.ਸੀ., ਹਰਵਿੰਦਰ ਸਿੰਘ ਬੱਬੂ ਸਾਬਕਾ ਐਮ.ਸੀ., ਗੁਰਤੇਜ ਸਿੰਘ ਕੌਲ ਮੈਂਬਰ ਜਨਰਲ ਕੌਂਸਲ, ਜਗਪ੍ਰੀਤ ਸਿੰਘ ਬੱਬਰ, ਸਿਮਰਨਜੀਤ ਸਿੰਘ ਸਨੀ ਸਰੂਪ ਸਿੰਘ ਪ੍ਰਧਾਨ, ਬੀ.ਸੀ. ਵਿੰਗ ਪਟਿਆਲਾ ਦਿਹਾਤੀ, ਜਸਵਿੰਦਰ ਸਿੰਘ ਕੰਗ, ਖੁਸ਼ਵੰਤ ਸ਼ਰਮਾ, ਜਸਵਿੰਦਰ ਸਿੰਘ ਗੋਲਡੀ ਇੰਦਰਾ ਕਲੋਨੀ, ਸਵੈਣੀ ਅਤੇ ਮਨਮਿੰਦਰ ਸਿੰਘ ਕੌੜਾ ਜ਼ਿਲ੍ਹਾ ਪ੍ਰਧਾਨ, ਬੀ.ਸੀ. ਵਿੰਗ ਪਟਿਆਲਾ ਸ਼ਹਿਰੀ ਵੀ ਹਾਜ਼ਰ ਸਨ।