16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

5 ਲੱਖ ਦੇ ਨਿਗੁਣੇ ਮੁਆਵਜ਼ੇ ਦੇ ਐਲਾਨ ਤੋਂ ਪਿੰਡ ਵਾਸੀ ਨਿਰਾਸ਼ ਭੀਟੀਵਾਲਾ ਦੇ ਸਹਿਜਪ੍ਰੀਤ ਦੀ ਲਾਸ਼ ਡੱਬਵਾਲੀ-ਅਬੋਹਰ ਕੌਮੀ ਸ਼ਾਹਰਾਹ-9 ‘ਤੇ ਰੱਖ ਕੇ ਲਾਇਆ ਧਰਨਾ

ਮੰਡੀ ਕਿੱਲਿਆਂਵਾਲੀ, 15 ਨਵੰਬਰ (ਇਕਬਾਲ ਸਿੰਘ ਸ਼ਾਂਤ)- ਤਰਨਤਾਰਨ ਵਿਖੇ ਕੱਲ੍ਹ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀਆਂ ਦੋ ਬੱਸਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ’ਚ ਮਾਰੇ ਗਏ ਲੰਬੀ ਹਲਕੇ ਦੇ ਦੋ ਨੌਜਵਾਨਾਂ ਦੇ ਮਾਮਲੇ ’ਚ ਅੱਜ ਸ਼ਾਮ ਗੰਭੀਰ ਮੋੜ ਆ ਗਿਆ। ਅੱਜ ਸ਼ਾਮ ਪੰਜਾਬ ਸਰਕਾਰ ਵਲੋਂ ਹਾਦਸੇ ਵਿਚ ਮ੍ਰਿਤਕਾਂ ਦੇ ਵਾਰਸਾਂ ਲਈ ਮਹਿਜ਼ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਸਾਹਮਣੇ ਆਇਆ।

ਅਜੀਤ ਡੈਸਕ 16-11-2026
ਮੰਡੀ ਕਿੱਲਿਆਂਵਾਲੀ, 15 ਨਵੰਬਰ (ਇਕਬਾਲ ਸਿੰਘ ਸ਼ਾਂਤ)- ਤਰਨਤਾਰਨ ਵਿਖੇ ਕੱਲ੍ਹ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀਆਂ ਦੋ ਬੱਸਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ’ਚ ਮਾਰੇ ਗਏ ਲੰਬੀ ਹਲਕੇ ਦੇ ਦੋ ਨੌਜਵਾਨਾਂ ਦੇ ਮਾਮਲੇ ’ਚ ਅੱਜ ਸ਼ਾਮ ਗੰਭੀਰ ਮੋੜ ਆ ਗਿਆ। ਅੱਜ ਸ਼ਾਮ ਪੰਜਾਬ ਸਰਕਾਰ ਵਲੋਂ ਹਾਦਸੇ ਵਿਚ ਮ੍ਰਿਤਕਾਂ ਦੇ ਵਾਰਸਾਂ ਲਈ ਮਹਿਜ਼ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਸਾਹਮਣੇ ਆਇਆ। ਇਸ ਨਿਗੂਣੇ ਸਰਕਾਰੀ ਐਲਾਨ ਤੋਂ ਨਿਰਾਸ਼ ਪਿੰਡ ਭੀਟੀਵਾਲਾ ਦੇ ਵਾਸੀਆਂ ਅਤੇ ਮ੍ਰਿਤਕ ਦੇ ਪਰਿਵਾਰ ਨੇ ਦੇਰ ਸ਼ਾਮ ਸਹਿਜਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਡੱਬਵਾਲੀ-ਅਬੋਹਰ ਰੋਡ (ਕੌਮੀ ਸ਼ਾਹ ਰਾਹ-354ਈ ‘ਤੇ ਰੱਖ ਕੇ ਆਵਾਜਾਈ ਠੱਪ ਕਰ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪਿੰਡ ਵਾਸੀ ਮ੍ਰਿਤਕ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੀ ਮੰਗ ਕਰ ਰਹੇ ਹਨ। ਅੱਜ ਦੁਪਹਿਰ ਵੇਲੇ ਫਾਜ਼ਿਲਕਾ ਤੋਂ ‘ਆਪ’ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ, ਕੁਲਵਿੰਦਰ ਬਰਾੜ ਫਕਰਸਰ, ਜ਼ਿਲ੍ਹਾ ਪਲੈਨਿੰਗ ਬੋਰਡ ਮੁਕਤਸਰ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਅਤੇ ਅਤੇ ‘ਆਪ’ ਦੇ ਯੂਥ ਜ਼ਿਲ੍ਹਾ ਪ੍ਰਧਾਨ ਖੁਸ਼ਬੀਰ ਸਹਿਣਾਖੇੜਾ ਵੀ ਸਹਿਜਪ੍ਰੀਤ ਦੇ ਮਾਪਿਆਂ ਨਾਲ ਦੁੱਖ ਪ੍ਰਗਟਾਉਣ ਪੁੱਜੇ ਸਨ। ਜ਼ਿਕਰਯੋਗ ਹੈ ਕਿ ਕੱਲ੍ਹ ਤੀਰਥ ਯਾਤਰਾ ਦੀਆਂ ਦੋ ਬੱਸਾਂ ਦੇ ਹਾਦਸੇ ਵਿੱਚ ਲੰਬੀ ਹਲਕੇ ਦੇ ਪਿੰਡ ਭੀਟੀਵਾਲਾ ਦਾ 20 ਸਾਲਾ ਨੌਜਵਾਨ ਸਹਿਜਪ੍ਰੀਤ ਸਿੰਘ ਅਤੇ ਪਿੰਡ ਬਲੋਚਕੇਰਾ ਦੇ 27 ਸਾਲਾ ਅਵਤਾਰ ਸਿੰਘ ਦੀ ਮੌਤ ਹੋ ਗਈ ਸੀ। ਘਟਨਾ ਸਮੇਂ ਸਹਿਜਪ੍ਰੀਤ ਸਿੰਘ ਦੇ ਮੂਹਰਲੇ ਕੈਬਿਨ ਵਿੱਚ ਬੈਠਾ ਸੀ। ਜਾਣਕਾਰੀ ਮੁਤਾਬਿਕ ਸਹਿਜਪ੍ਰੀਤ ਦੀ ਨਾਨੀ ਸੁਰਜੀਤ ਕੌਰ ਅਤੇ ਮਨਜੀਤ ਕੌਰ ਪਤਨੀ ਤੇਜਾ ਸਿੰਘ ਵਾਸੀ ਭੀਟੀਵਾਲਾ ਗੰਭੀਰ ਜ਼ਖਮੀ ਹਨ। ਸਹਿਜਪ੍ਰੀਤ ਦੀਆਂ ਤਿੰਨ ਮਾਸੀਆਂ ਗੁਰਪ੍ਰੀਤ ਕੌਰ, ਗੁਰਮੀਤ ਕੌਰ, ਵੀਰਪਾਲ ਕੌਰ ਵੀ ਜ਼ਖਮੀਆਂ ਵਿੱਚ ਸ਼ਾਮਿਲ ਹਨ। ਹਾਦਸੇ ’ਚ ਇੱਥੋਂ ਦੇ ਕਰੀਬ ਡੇਢ ਦਰਜਨ ਤੋਂ ਵੱਧ ਮੁਸਾਫਰਾਂ ਨੂੰ ਵੀ ਸੱਟਾਂ ਵੱਜੀਆਂ ਸਨ। ਪਿੰਡ ਭੀਟੀਵਾਲਾ ਤੋਂ ਤੀਰਥ ਯਾਤਰਾ ਬੱਸ ਵਿੱਚ ਕਰੀਬ 35 ਜਣੇ ਯਾਤਰਾ ‘ਤੇ ਜਾਣ ਵਾਲਿਆ ਵਿੱਚ ਸ਼ਾਮਿਲ ਸਨ। ਪਿੰਡ ਵਾਸੀਆਂ ਵਲੋਂ ਗੁਰਦੁਆਰੇ ਸਾਹਮਣੇ ਕੌਮੀ ਸ਼ਾਹ ‘ਤੇ ਲਾਸ਼ ਰੱਖ ਕੇ ਧਰਨਾ ਲਗਾਉਣ ਉਪਰੰਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਏ.ਡੀ.ਸੀ. ਨਰਿੰਦਰ ਸਿੰਘ ਧਾਲੀਵਾਲ ਅਤੇ ਐਸ.ਪੀ. ਪੱਧਰ ਦੇ ਕਈ ਅਧਿਕਾਰੀ ਭੀਟੀਵਾਲਾ ਪੁੱਜ ਗਏ। ਸ਼ਾਮ ਕਰੀਬ ਸਾਢੇ ਛੇ ਵਜੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਵਾਸੀਆਂ ਵੱਲੋਂ ਗਠਿਤ ਪੰਜ ਮੈਂਬਰੀ ਕਮੇਟੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਕਰੀਬ ਅੱਧੇ ਘੰਟੇ ਤੱਕ ਮੀਟਿੰਗ ਚੱਲੀ। ਪ੍ਰਸ਼ਾਸਨ ਵਲੋਂ ਪਿੰਡ ਵਾਸੀ ਦੀ ਮੰਗ ਅਨੁਸਾਰ ਮੁਆਵਜ਼ਾ ਅਤੇ ਨੌਕਰੀ ਨਾ ਦਿੱਤੇ ਜਾਣ ਦੀ ਮੰਗ ਮੰਨੇ ਜਾਣ ‘ਤੇ ਮੀਟਿੰਗ ਬੇਸਿੱਟਾ ਰਹੀ। ਸੰਘਰਸ਼ ਕਮੇਟੀ ਦੇ ਆਗੂ ਡਾ. ਰਾਜਿੰਦਰ ਕੁਮਾਰ ਨੇ ਧਰਨੇ ’ਚ ਪੁੱਜ ਕੇ ਮੀਟਿੰਗ ਦੇ ਵੇਰਵੇ ਜਨਤਕ ਕਰਦਿਆਂ ਮੰਗਾਂ ਨਾ ਮੰਨੇ ਜਾਣ ਤੱਕ ਲਾਸ਼ ਦਾ ਪੋਸਟਮਾਰਟਮ ਨਾ ਕਰਨ ਅਤੇ ਧਰਨਾ ਲਗਾਤਾਰ ਜਾਰੀ ਰਹਿਣ ਦਾ ਐਲਾਨ ਕਰ ਦਿੱਤਾ । ਦੱਸਿਆ ਜਾਂਦਾ ਕਿ ਸਧਾਰਨ ਮਿਹਨਤੀ ਪਰਿਵਾਰਾਂ ਨਾਲ ਸੰਬੰਧਿਤ ਇਹ ਨੌਜਵਾਨ ਮੁੱਖ ਮੰਤਰੀ ਤੀਰਥ ਯਾਤਰਾ ਬੱਸਾਂ ਨਾਲ ਬਤੌਰ ਗਾਈਡ ਜਾਂਦੇ ਸਨ, ਬੱਸ ਕੰਪਨੀ ਵਲੋਂ ਦੋਵਾਂ ਜਣਿਆਂ ਨੂੰ ਪ੍ਰਤੀ ਗੇੜਾ ਮਿਹਨਤਾਨਾ ਦਿੱਤਾ ਜਾਂਦਾ ਸੀ । ਪਿੰਡ ਭੀਟੀਵਾਲਾ ਵਿਖੇ ਸਹਿਜਪ੍ਰੀਤ ਦੀ ਲਾਸ਼ ਅੰਮ੍ਰਿਤਸਰ ਤੋਂ ਲਿਆਂਦੇ ਜਾਣ ਉਪਰੰਤ ਮਾਮਲਾ ਭਖਿਆ। ਪਿੰਡ ਵਾਸੀਆਂ ਮੁਤਾਬਿਕ ਮ੍ਰਿਤਕ ਸਹਿਜਪ੍ਰੀਤ ਸਿੰਘ (20) ਇਕ ਸਧਾਰਨ ਅਤੇ ਬੇਜ਼ਮੀਨੇ ਮਿਸਤਰੀ ਪਰਿਵਾਰ ਨਾਲ ਸੰਬੰਧਿਤ ਸੀ। 13 ਮਹੀਨੇ ਪਹਿਲਾਂ ਹੀ ਵਿਆਹੇ ਗਏ ਇਸ ਨੌਜਵਾਨ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਅਤੇ ਕਰਜ਼ੇ ਦਾ ਪਹਾੜ ਟੁੱਟ ਪਿਆ ਹੈ। ਧਰਨੇ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਵਲੋਂ ਤੀਰਥ ਯਾਤਰਾ ਉਪਰ ਕਰੋੜਾਂ ਰੁਪਿਆ ਖਰਚ ਕੀਤਾ ਜਾ ਰਿਹਾ ਹੈ। ਯਾਤਰਾ ਦੀਆਂ ਬੱਸਾਂ ਨਾਲ ਵਾਪਰੇ ਹਾਦਸੇ ਦੇ ਮ੍ਰਿਤਕਾਂ ਨੂੰ ਮਹਿਜ 5 ਲੱਖ ਰੁਪਏ ਮੁਆਵਜ਼ਾ ਦੇਣਾ ਸਰਕਾਰੀ ਪੱਧਰ ‘ਤੇ ਕੋਝਾ ਮਜ਼ਾਕ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਪ੍ਰਸ਼ਾਸਨ ਵਲੋਂ ਬਤੌਰ ਡਿਊਟੀ ਮਜਿਸਟਰੇਟ ਲੰਬੀ ਦੇ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਬਰਾੜ ਤੇ ਥਾਣਾ ਕਿੱਲਿਆਂਵਾਲੀ (ਆਰਜੀ) ਦੀ ਮੁਖੀ ਕਰਮਜੀਤ ਕੌਰ ਮੌਜੂਦ ਸਨ। ਖਬਰ ਲਿਖੇ ਜਾਣ ਤੱਕ ਪ੍ਰਸ਼ਾਸਨੀ ਅਮਲਾ ਗੁਰੂ ਘਰ ਵਿੱਚ ਡਟਿਆ ਹੋਇਆ ਸੀ। ਮ੍ਰਿਤਕ ਅਵਤਾਰ ਦਾ ਬਲੋਚਕੇਰਾ ‘ਚ ਅੰਤਿਮ ਸੰਸਕਾਰ ਇਸੇ ਹਾਦਸੇ ’ਚ ਜਾਨ ਗਵਾਉਣ ਵਾਲੇ ਪਿੰਡ ਬਲੋਚਕੇਰਾ ਦੇ 27 ਸਾਲਾ ਨੌਜਵਾਨ ਅਵਤਾਰ ਸਿੰਘ ਦਾ ਅੱਜ ਸ਼ਾਮ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦਿਹਾੜੀਦਾਰ ਐੱਸ.ਸੀ. ਪਰਿਵਾਰ ਨਾਲ ਸੰਬੰਧਿਤ ਅਵਤਾਰ ਸਿੰਘ ਵੀ ਤੀਰਥ ਯਾਤਰਾ ਬੱਸ ਵਿੱਚ ਬਤੌਰ ਗਾਈਡ ਸੇਵਾਵਾਂ ਨਿਭਾ ਰਿਹਾ ਸੀ। ਉਸ ਦਾ ਵਿਆਹ ਕਰੀਬ 2 ਸਾਲ ਪਹਿਲਾਂ ਹੋਇਆ ਸੀ ਅਤੇ ਘਰ ਵਿੱਚ ਮਹਿਜ਼ 20 ਦਿਨ ਪਹਿਲਾਂ ਹੀ ਇੱਕ ਬੇਟੀ ਨੇ ਜਨਮ ਲਿਆ ਹੈ। ਬਦਕਿਸਮਤੀ ਹੈ ਕਿ ਮ੍ਰਿਤਕ ਅਵਤਾਰ ਸਿੰਘ ਦੀ ਨਵਜੰਮੀ ਬੇਟੀ ਦੇ ਦਿਲ ਵਿੱਚ ਛੇਕ ਹੋਣ ਕਾਰਨ ਪੀ.ਜੀ.ਆਈ.ਚੰਡੀਗੜ੍ਹ ਤੋਂ ਆਪਰੇਸ਼ਨ ਹੋਇਆ ਹੈ, ਉਹ ਉਥੇ ਜੇਰੇ ਇਲਾਜ ਦੱਸੀ ਜਾਂਦੀ ਹੈ।
ਪਿਛਲੀ ਖ਼ਬਰ ਡੀ.ਏ.ਵੀ. ਐਡਵਰਡ ਗੰਜ ਪਬਲਿਕ ਸਕੂਲ ਵਿਖੇ ਬਾਲ ਦਿਵਸ ਮਨਾਇਆ ਅਗਲੀ ਖ਼ਬਰ ਦਲੇਰ ਸਿੰਘ ਡੋਡ ਵਲੋਂ ਰਾਤ ਸਮੇਂ ਮੰਡੀਆਂ ਦਾ ਦੌਰਾ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸੁਣੀਆਂ ਮੁਸ਼ਕਿਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।