23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਸਰਦੀਆਂ ਦੀ ਆਮਦ ਨਾਲ ਐਲ.ਪੀ.ਜੀ ਗੈਸ ਦੀ ਸਪਲਾਈ ਨੂੰ ਲੈ ਕੇ ਖ਼ਪਤਕਾਰ ਪ੍ਰੇਸ਼ਾਨ ਬੁਕਿੰਗ ਲਈ 25 ਦਿਨਾਂ ਦੀ ਸ਼ਰਤ ਬਣੀ ਮੁਸ਼ਕਿਲ

ਕੋਟਕਪੂਰਾ, 23 ਨਵੰਬਰ (ਹਰਪ੍ਰੀਤ ਸਿੰਘ ਚਾਨਾ)-ਸਰਦੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਘਰੇਲੂ ਐਲ. ਪੀ.

ਗੈਸ ਸਿਲੰਡਰਾਂ ਦੀ ਤਸਵੀਰ। 24-11-2026
ਕੋਟਕਪੂਰਾ, 23 ਨਵੰਬਰ (ਹਰਪ੍ਰੀਤ ਸਿੰਘ ਚਾਨਾ)-ਸਰਦੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਘਰੇਲੂ ਐਲ.ਪੀ.ਜੀ ਗੈਸ ਦੀ ਸਪਲਾਈ ਨੂੰ ਲੈ ਕੇ ਖਪਤਕਾਰਾਂ ਦੀਆਂ ਮੁਸ਼ਕਿਲਾਂ ਵਧਣ ਲੱਗੀਆਂ ਹਨ। ਗੈਸ ਸਿਲੰਡਰਾਂ ਦੀ ਸਮੇਂ ਸਿਰ ਡਿਲੀਵਰੀ ਨਾ ਹੋਣ ਅਤੇ ਅਗਲੀ ਬੁਕਿੰਗ ਲਈ 25 ਦਿਨਾਂ ਦੀ ਉਡੀਕ ਕਰਨ ਦੀ ਸ਼ਰਤ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਸਿਲੰਡਰ ਖ਼ਤਮ ਹੋਣ ਤੋਂ ਬਾਅਦ ਨਵੇਂ ਸਿਲੰਡਰ ਦੀ ਉਡੀਕ ਕਰਨੀ ਪੈਂਦੀ ਹੈ, ਜਿਸ ਦਾ ਸਿੱਧਾ ਅਸਰ ਘਰੇਲੂ ਰਸੋਈ ਦੇ ਕੰਮਕਾਜ ’ਤੇ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੈਸ ਏਜੰਸੀਆਂ ਵਲੋਂ ਖਪਤਕਾਰਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਪਿਛਲਾ ਸਿਲੰਡਰ ਮਿਲਣ ਤੋਂ 25 ਦਿਨ ਬਾਅਦ ਹੀ ਅਗਲੀ ਬੁਕਿੰਗ ਕਰਵਾਈ ਜਾ ਸਕਦੀ ਹੈ। ਇਸ ਤੋਂ ਬਾਅਦ ਨਿਰਧਾਰਤ ਟੋਲ-ਫਰੀ ਨੰਬਰ ਰਾਹੀਂ ਬੁਕਿੰਗ ਕਰਵਾਉਣ ’ਤੇ ਸਿਲੰਡਰ ਦੀ ਡਿਲੀਵਰੀ ਕੀਤੀ ਜਾਂਦੀ ਹੈ। ਖਪਤਕਾਰ ਪਵਨ ਕੁਮਾਰ, ਸੁਖਵੀਰ ਸਿੰਘ ਦਾ ਕਹਿਣਾ ਹੈ ਕਿ ਜਿਨ੍ਹਾਂ ਪਰਿਵਾਰਾਂ ਵਿਚ ਰੋਜ਼ਾਨਾ ਗੈਸ ਦੀ ਖਪਤ ਵਧੇਰੇ ਹੁੰਦੀ ਹੈ, ਉਨ੍ਹਾਂ ਲਈ ਇਹ ਪ੍ਰਕਿਰਿਆ ਹੋਰ ਵੀ ਮੁਸ਼ਕਿਲ ਬਣ ਰਹੀ ਹੈ। ਖ਼ਪਤਕਾਰ ਹਰਵਿੰਦਰ ਸਿੰਘ, ਬਲਵਿੰਦਰ ਸਿੰਘ ਨੇ ਦੱਸਿਆ ਕਿ ਸਰਦੀਆਂ ਵਿਚ ਗਰਮੀਆਂ ਦੇ ਮੁਕਾਬਲੇ ਘਰੇਲੂ ਗੈਸ ਦੀ ਖ਼ਪਤ ਵਧ ਜਾਂਦੀ ਹੈ। ਰਸੋਈ ਦੇ ਕੰਮਾਂ ਤੋਂ ਇਲਾਵਾ ਪਾਣੀ ਗਰਮ ਕਰਨ ਲਈ ਗੈਸ ਗੀਜ਼ਰ ਦੀ ਵਰਤੋਂ ਹੋਣ ਕਾਰਨ ਸਿਲੰਡਰ ਜਲਦੀ ਖ਼ਤਮ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਪਰਿਵਾਰਾਂ ਨੂੰ ਇਕ ਮਹੀਨੇ ’ਚ ਦੋ ਸਿਲੰਡਰਾਂ ਦੀ ਲੋੜ ਹੁੰਦੀ ਹੈ, ਪਰ ਬੁਕਿੰਗ ਸੰਬੰਧੀ ਨਿਰਧਾਰਿਤ ਸਮੇਂ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਕ ਪਾਸੇ ਆਮ ਖ਼ਪਤਕਾਰ ਨਿਰਧਾਰਿਤ ਸਮੇਂ ਅਨੁਸਾਰ ਸਿਲੰਡਰ ਮਿਲਣ ਦੀ ਉਡੀਕ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਘਰੇਲੂ ਗੈਸ ਸਿਲੰਡਰ ਬਲੈਕ ਵਿਚ 1300 ਤੋਂ 1600 ਰੁਪਏ ਤੱਕ ਵੇਚੇ ਜਾਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਜੇਕਰ ਇਹ ਸ਼ਿਕਾਇਤਾਂ ਸਹੀ ਪਾਈਆਂ ਜਾਂਦੀਆਂ ਹਨ ਤਾਂ ਇਹ ਗੰਭੀਰ ਜਾਂਚ ਦਾ ਵਿਸ਼ਾ ਹੈ, ਕਿਉਂਕਿ ਆਮ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਵਾਧੂ ਪੈਸੇ ਵਸੂਲਣ ਦੇ ਮਾਮਲੇ ਬਰਦਾਸ਼ਤਯੋਗ ਨਹੀਂ ਹਨ। ਉਨ੍ਹਾਂ ਸੰਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੈਸ ਸਪਲਾਈ ਦੀ ਸਥਿਤੀ ਦਾ ਜਾਇਜ਼ਾ ਲਿਆ ਜਾਵੇ, ਸਿਲੰਡਰਾਂ ਦੀ ਵੰਡ ਪ੍ਰਕਿਰਿਆ ਦੀ ਜਾਂਚ ਕੀਤੀ ਜਾਵੇ ਅਤੇ ਬਲੈਕ ਵਿੱਚ ਗੈਸ ਵੇਚਣ ਦੀਆਂ ਸ਼ਿਕਾਇਤਾਂ ਦੀ ਨਿਰਪੱਖ ਪੜਤਾਲ ਕਰਕੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਭਾਰਤ ਗੈਸ ਏਜੰਸੀ ਦੇ ਮੈਨੇਜਰ ਸੁਰਿੰਦਰ ਸਿੰਘ ਨੇ ਕਿਹਾ ਕਿ ਗੈਸ ਦੀ ਸਪਲਾਈ ਆਨਲਾਈਨ ਸਿਸਟਮ ਰਾਹੀਂ ਕੀਤੀ ਜਾ ਰਹੀ ਹੈ ਅਤੇ ਗੈਸ ਦੀ ਕੋਈ ਕਿਲਤ ਨਹੀਂ ਹੈ। ਬਲੈਕ ਵਿਚ ਸਿਲੰਡਰ ਵੇਚੇ ਜਾਣ ਸਬੰਧੀ ਉਨ੍ਹਾਂ ਮੰਨਿਆ ਕਿ ਅਜਿਹੀ ਗਤੀਵਿਧੀ ਹੋ ਰਹੀ ਹੈ, ਪਰ ਉਨ੍ਹਾਂ ਦਾ ਦਾਅਵਾ ਹੈ ਕਿ ਇਸ ਵਿਚ ਕੁਝ ਖਪਤਕਾਰਾਂ ਦੀ ਵੀ ਮਿਲੀਭੁਗਤ ਹੈ। ਉਨ੍ਹਾਂ ਅਨੁਸਾਰ ਜਿਨ੍ਹਾਂ ਖਪਤਕਾਰਾਂ ਕੋਲ ਇਕ ਤੋਂ ਵੱਧ ਗੈਸ ਕੁਨੈਕਸ਼ਨ ਹਨ, ਉਨ੍ਹਾਂ ਵਿਚੋਂ ਕੁਝ ਸਿਲੰਡਰ ਸਪਲਾਈ ਕਰਨ ਵਾਲਿਆਂ ਨਾਲ ਮਿਲ ਕੇ ਗੈਸ ਦੀ ਬਲੈਕ ਵਿਕਰੀ ਕਰ ਰਹੇ ਹਨ। ਇਸ ਸਬੰਧੀ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਅਮਨਦੀਪ ਗਰੋਵਰ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰ ਰਹੇ ਹਨ, ਗੈਸ ਬਲੈਕ ਕਰਨ ਵਾਲਿਆਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਐਡਵੋਕੇਟ ਰਾਜਬੀਰ ਕੌਰ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਹਲਕਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ 27 ਨਵੰਬਰ ਨੂੰ ਰਾਤ 8 ਵਜੇ ਹੋਵੇਗੀ ‘ਏਅਰ ਰੇਡ ਅਤੇ ਬਲੈਕਆਊਟ’ ਮੌਕ ਡਰਿੱਲ- ਵਧੀਕ ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।