ਅਜਨਾਲਾ, 1 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਜ਼ਿਲ੍ਹਾ ਅੰਮਿ੍ਤਸਰ ਦੇ ਸਰਹੱਦੀ ਇਲਾਕੇ ਵਿਚ ਸਥਿਤ ਥਾਣਾ ਭਿੰਡੀ ਸੈਦਾਂ ਵਿਖੇ 29-30 ਮਾਰਚ ਦੀ ਦਰਮਿਆਨੀ ਰਾਤ ਨੂੰ ਹੋਏ ਵਿਸਫੋਟਕ ਧਮਾਕੇ ਨਾਲ ਸੰਬੰਧਿਤ ਇਕ ਕਥਿਤ ਵੀਡੀਓ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ | ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰਾਤ ਕਰੀਬ 1:30 ਵਜੇ ਹੋਏ ਇਸ ਧਮਾਕੇ ਸੰਬੰਧੀ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿਚ ਧਮਾਕੇ ਤੋਂ ਪਹਿਲਾਂ ਇੱਕ ਨੌਜਵਾਨ ਦੀ ਆਵਾਜ਼ ਸੁਣਾਈ ਦਿੰਦੀ ਹੈ, ਜਿਸ ਵਿਚ ਉਹ 'ਲੱਗੀ ਕਾਰਵਾਈ ਪੈਣ' ਵਰਗੇ ਸ਼ਬਦ ਬੋਲਦਾ ਹੈ ਅਤੇ ਹੱਥਾਂ ਵਿਚ ਦੋ ਹੈਂਡ ਗ੍ਰਨੇਡ ਵੀ ਫੜੇ ਹੋਏ ਦਿਖਾਈ ਦਿੱਤੇ ਹਨ | ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਥਾਣਾ ਭਿੰਡੀ ਸੈਦਾਂ ਦੇ ਅੰਦਰ ਇੱਕ ਵੱਡਾ ਧਮਾਕਾ ਹੋਇਆ ਹੈ ਜਦਕਿ ਥਾਣੇ ਦੇ ਬਾਹਰ ਚਾਰਦੀਵਾਰੀ ਨਜ਼ਦੀਕ ਵੀ ਇਕ ਛੋਟਾ ਧਮਾਕਾ ਹੁੰਦਾ ਹੈ ਅਤੇ ਇਹ ਦੋਵੇਂ ਧਮਾਕੇ ਹੀ ਇੱਕੋ ਸਮੇਂ ਹੋਏ ਹਨ | ਹਾਲਾਂਕਿ ਇਸ ਵੀਡੀਓ ਦੀ ਅਸਲੀਅਤ ਅਤੇ ਇਸ ਵਿਚ ਕੀਤੇ ਜਾ ਰਹੇ ਦਾਅਵਿਆਂ ਦੀ ਅਜੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਵਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ, ਪਰ ਕੇਂਦਰੀ ਅਤੇ ਸੂਬਾਈ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਵਲੋਂ ਵੀਡੀਓ ਵਾਇਰਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ |
ਥਾਣਾ ਭਿੰਡੀ ਸੈਦਾਂ ਧਮਾਕੇ ਦੀ ਵੀਡੀਓ ਆਈ ਸਾਹਮਣੇ, ਜਾਂਚ ਜਾਰੀ <br/>
ਅਜੀਤ ਡੈਸਕ
02-04-2026