ਗੱਠਜੋੜ ਦੀ ਗੁੰਜਾਇਸ਼ ’ਤੇ ਸਵਾਲੀਆ ਨਿਸ਼ਾਨ, ਪੰਜਾਬ ’ਚ ਇਕੱਲੇ ਸਰਕਾਰ ਬਣਾਉਣ ਦੀ ਭਾਜਪਾ ਦੀ ਤਿਆਰੀ
ਸੰਦੀਪ ਕੁਮਾਰ ਮਾਹਨਾ
ਚੰਡੀਗੜ੍ਹ, 24 ਅਗਸਤ-ਪੰਜਾਬ ਦੀ ਸਿਆਸਤ ’ਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣੇ ਤੋਂ ਹੀ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ, ਕਾਂਗਰਸ ਦੀ ਵਿਰੋਧੀ ਧਿਰ ਵਜੋਂ ਸਰਗਰਮੀ, ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਮੁੜ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ’ਚ ਆਪਣੇ ਦਮ ’ਤੇ ਸੱਤਾ ਹਾਸਲ ਕਰਨ ਦੀ ਤਿਆਰੀ ਨੇ ਆਉਣ ਵਾਲੀ ਸਿਆਸੀ ਲੜਾਈ ਨੂੰ ਦਿਲਚਸਪ ਬਣਾ ਦਿੱਤਾ ਹੈ।
ਚੰਡੀਗੜ੍ਹ, 24 ਅਗਸਤ-ਪੰਜਾਬ ਦੀ ਸਿਆਸਤ ’ਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣੇ ਤੋਂ ਹੀ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ, ਕਾਂਗਰਸ ਦੀ ਵਿਰੋਧੀ ਧਿਰ ਵਜੋਂ ਸਰਗਰਮੀ, ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਮੁੜ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ’ਚ ਆਪਣੇ ਦਮ ’ਤੇ ਸੱਤਾ ਹਾਸਲ ਕਰਨ ਦੀ ਤਿਆਰੀ ਨੇ ਆਉਣ ਵਾਲੀ ਸਿਆਸੀ ਲੜਾਈ ਨੂੰ ਦਿਲਚਸਪ ਬਣਾ ਦਿੱਤਾ ਹੈ। ਇਸੇ ਦਰਮਿਆਨ ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐਲ. ਸੰਤੋਸ਼ ਵਲੋਂ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਇਕੱਲੇ ਚੋਣ ਲੜਨ ਅਤੇ ਜਿੱਤ ਹਾਸਲ ਕਰਕੇ ਸਰਕਾਰ ਬਣਾਉਣ ਦਾ ਐਲਾਨ ਸੂਬੇ ਦੇ ਮੌਜੂਦਾ ਸਿਆਸੀ ਸਮੀਕਰਨਾਂ ਵਿਚ ਅਹਿਮ ਸੰਕੇਤ ਵਜੋਂ ਸਾਹਮਣੇ ਆਇਆ ਹੈ। ਆਪਣੇ ਦੋ ਦਿਨਾਂ ਦੇ ਪੰਜਾਬ ਦੌਰੇ ਦੇ ਪਹਿਲੇ ਦਿਨ ਪਟਿਆਲਾ ਵਿਖੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਖੇਤਰੀ ਬੈਠਕ ਨੂੰ ਸੰਬੋਧਨ ਕਰਦਿਆਂ ਬੀ.ਐਲ. ਸੰਤੋਸ਼ ਨੇ ਕਿਹਾ ਕਿ ਪੰਜਾਬ ਬਦਲਾਅ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਸਾਰੀਆਂ 117 ਸੀਟਾਂ ’ਤੇ ਚੋਣ ਲੜੇਗੀ ਅਤੇ ਜਿੱਤ ਹਾਸਲ ਕਰਕੇ ਸੂਬੇ ਵਿਚ ਆਪਣੀ ਸਰਕਾਰ ਬਣਾਏਗੀ। ਭਾਜਪਾ ਦੇ ਇਸ ਐਲਾਨ ਦੀ ਅਹਿਮੀਅਤ ਇਸ ਲਈ ਵੀ ਵੱਧ ਜਾਂਦੀ ਹੈ ਕਿਉਂਕਿ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਦੇ ਸਿਆਸੀ ਹਲਕਿਆਂ ’ਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਵਿਚਾਲੇ ਮੁੜ ਤਾਲਮੇਲ ਜਾਂ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਚਰਚਾ ਚੱਲ ਰਹੀ ਸੀ। ਭਾਵੇਂ ਚੋਣਾਂ ਤੱਕ ਸਿਆਸੀ ਸਮੀਕਰਨ ਬਦਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਮੌਜੂਦਾ ਸਮੇਂ ਭਾਜਪਾ ਵਲੋਂ ਦਿੱਤਾ ਗਿਆ ਸੰਦੇਸ਼ ਸਪੱਸ਼ਟ ਹੈ ਕਿ ਪਾਰਟੀ ਪੰਜਾਬ ’ਚ ਇਕੱਲੇ ਲੜਨ ਲਈ ਤਿਆਰ ਹੈ। ਭਾਜਪਾ ਲਈ ਸਭ ਤੋਂ ਵੱਡੀ ਚੁਣੌਤੀ ਹੁਣ 117 ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰਨਾ ਹੀ ਨਹੀਂ, ਸਗੋਂ ਹਰ ਹਲਕੇ ਵਿਚ ਮਜ਼ਬੂਤ ਸੰਗਠਨਾਤਮਕ ਢਾਂਚਾ ਤਿਆਰ ਕਰਨਾ ਹੈ। ਇਸੇ ਮਕਸਦ ਨਾਲ ਬੀ.ਐਲ. ਸੰਤੋਸ਼ ਦੇ ਪੰਜਾਬ ਦੌਰੇ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ। ਪਟਿਆਲਾ ਅਤੇ ਬਠਿੰਡਾ ਦੀਆਂ ਖੇਤਰੀ ਬੈਠਕਾਂ ਵਿਚ ਸੰਗਠਨ ਦੀ ਜ਼ਮੀਨੀ ਸਥਿਤੀ, ਵਰਕਰਾਂ ਦੀ ਸਰਗਰਮੀ, ਆਪਸੀ ਤਾਲਮੇਲ ਅਤੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਪਾਰਟੀ ਦਾ ਧਿਆਨ ਹੁਣ ਬੂਥ ਪੱਧਰ ਤੱਕ ਸੰਗਠਨ ਨੂੰ ਸਰਗਰਮ ਕਰਨ ’ਤੇ ਹੈ। ‘ਸ਼ਹਿਰੀ ਪਾਰਟੀ’ ਦੀ ਛਵੀ ਬਦਲਣ ਦੀ ਕੋਸ਼ਿਸ਼ ਪੰਜਾਬ ’ਚ ਭਾਜਪਾ ਦੀ ਸਿਆਸੀ ਰਣਨੀਤੀ ਦਾ ਇਕ ਅਹਿਮ ਪੱਖ ਇਸ ਦੀ ਰਵਾਇਤੀ ‘ਸ਼ਹਿਰੀ ਪਾਰਟੀ’ ਵਾਲੀ ਛਵੀ ਨੂੰ ਬਦਲਣਾ ਵੀ ਹੈ। 117 ਸੀਟਾਂ ’ਤੇ ਇਕੱਲੇ ਚੋਣ ਲੜਨ ਦਾ ਮਤਲਬ ਹੈ ਕਿ ਪਾਰਟੀ ਨੂੰ ਸੂਬੇ ਦੇ ਹਰ ਖੇਤਰ ਵਿਚ ਸੰਗਠਨ ਖੜ੍ਹਾ ਕਰਨਾ ਹੋਵੇਗਾ। ਮਾਲਵਾ, ਮਾਝਾ ਅਤੇ ਦੁਆਬਾ ਤਿੰਨਾਂ ਖੇਤਰਾਂ ਵਿਚ ਪਾਰਟੀ ਦੀ ਪਕੜ ਨੂੰ ਇਕਸਾਰ ਮਜ਼ਬੂਤ ਕਰਨਾ ਕੇਂਦਰੀ ਰਣਨੀਤੀ ਦਾ ਹਿੱਸਾ ਬਣ ਸਕਦਾ ਹੈ। ਬੀ.ਐਲ. ਸੰਤੋਸ਼ ਵਲੋਂ ਕੀਤੀਆਂ ਜਾ ਰਹੀਆਂ ਖੇਤਰੀ ਬੈਠਕਾਂ ਵੀ ਇਸੇ ਵਿਆਪਕ ਰਣਨੀਤੀ ਵੱਲ ਇਸ਼ਾਰਾ ਕਰਦੀਆਂ ਹਨ। ਪੰਜਾਬ ਦੀ ਮੌਜੂਦਾ ਸਿਆਸਤ ਵਿਚ ਸਭ ਤੋਂ ਵੱਡਾ ਮੁਕਾਬਲਾ ਸਿਰਫ਼ ਸਰਕਾਰ ਬਣਾਉਣ ਦਾ ਨਹੀਂ, ਸਗੋਂ ਵਿਰੋਧੀ ਧਿਰ ਵਿਚ ਆਪਣੀ ਥਾਂ ਮਜ਼ਬੂਤ ਕਰਨ ਦਾ ਵੀ ਹੈ। ਮੌਜੂਦਾ ਸਮੇਂ ਆਮ ਆਦਮੀ ਪਾਰਟੀ ਸੱਤਾ ’ਚ ਹੈ, ਜਦਕਿ ਕਾਂਗਰਸ ਅਤੇ ਅਕਾਲੀ ਦਲ ਆਪਣਾ ਸਿਆਸੀ ਆਧਾਰ ਮੁੜ ਮਜ਼ਬੂਤ ਕਰਨ ਲਈ ਸਰਗਰਮ ਹਨ। ਅਜਿਹੇ ਹਾਲਾਤ ਵਿਚ ਭਾਜਪਾ ਦਾ ਇਕੱਲੇ 117 ਸੀਟਾਂ ’ਤੇ ਚੋਣ ਲੜਨ ਦਾ ਫ਼ੈਸਲਾ ਸੂਬੇ ਦੀ ਚੋਣ ਲੜਾਈ ਨੂੰ ਹੋਰ ਬਹੁਕੋਣੀ ਬਣਾਉਣ ਵੱਲ ਸੰਕੇਤ ਕਰਦਾ ਹੈ। ਕਾਂਗਰਸ ਤੇ ਅਕਾਲੀ ਦਲ ਲਈ ਵੀ ਚੁਣੌਤੀ ਭਾਜਪਾ ਦੇ ਇਸ ਨਵੇਂ ਰੁਖ ਨਾਲ ਕਾਂਗਰਸ ਅਤੇ ਅਕਾਲੀ ਦਲ ਦੀ ਰਣਨੀਤੀ ’ਤੇ ਵੀ ਨਜ਼ਰ ਰਹੇਗੀ। ਅਕਾਲੀ ਦਲ ਲਈ ਇਹ ਸਵਾਲ ਅਹਿਮ ਹੋਵੇਗਾ ਕਿ ਉਹ ਆਪਣੇ ਰਵਾਇਤੀ ਵੋਟ ਬੈਂਕ ਨੂੰ ਕਿਵੇਂ ਮੁੜ ਇਕੱਠਾ ਕਰਦਾ ਹੈ ਅਤੇ ਭਾਜਪਾ ਤੋਂ ਵੱਖ ਰਹਿ ਕੇ ਆਪਣੀ ਸਿਆਸੀ ਪਛਾਣ ਨੂੰ ਕਿੰਨਾ ਮਜ਼ਬੂਤ ਕਰਦਾ ਹੈ। ਦੂਜੇ ਪਾਸੇ ਕਾਂਗਰਸ ਲਈ ਵੀ ਭਾਜਪਾ ਦੇ ਵਧਦੇ ਪ੍ਰਭਾਵ ਦਾ ਮੁਕਾਬਲਾ ਕਰਨਾ ਅਤੇ ਵਿਰੋਧੀ ਵੋਟ ਨੂੰ ਆਪਣੇ ਹੱਕ ਵਿੱਚ ਇਕੱਠਾ ਕਰਨਾ ਵੱਡੀ ਚੁਣੌਤੀ ਰਹੇਗੀ। ਬੀ.ਐਲ. ਸੰਤੋਸ਼ ਦਾ 117 ਸੀਟਾਂ ’ਤੇ ਚੋਣ ਲੜਨ ਦਾ ਐਲਾਨ ਪੰਜਾਬ ਭਾਜਪਾ ਲਈ ਸਿਰਫ਼ ਇਕ ਸੰਗਠਨਾਤਮਕ ਬਿਆਨ ਨਹੀਂ, ਸਗੋਂ ਚੋਣ ਰਣਨੀਤੀ ਦੇ ਅਗਲੇ ਪੜਾਅ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। ਪਾਰਟੀ ਨੇ ਆਪਣੇ ਵਰਕਰਾਂ ਨੂੰ ਸਪੱਸ਼ਟ ਟੀਚਾ ਦੇ ਦਿੱਤਾ ਹੈ ਕਿ ਸੰਗਠਨ ਨੂੰ ਬੂਥ ਤੋਂ ਲੈ ਕੇ ਵਿਧਾਨ ਸਭਾ ਹਲਕੇ ਤੱਕ ਮਜ਼ਬੂਤ ਕੀਤਾ ਜਾਵੇ ਅਤੇ ਹਰ ਸੀਟ ’ਤੇ ਚੋਣ ਲੜਨ ਦੀ ਤਿਆਰੀ ਰੱਖੀ ਜਾਵੇ। ਬੀ.ਐਲ. ਸੰਤੋਸ਼ ਨੇ ਇਕ ਗੱਲ ਸਾਫ਼ ਕਰ ਦਿੱਤੀ ਹੈ ਕਿ ਭਾਜਪਾ ਪੰਜਾਬ ’ਚ ਹੁਣ ਕਿਸੇ ਸਹਾਰੇ ਦੀ ਉਡੀਕ ਕਰਨ ਦੀ ਬਜਾਏ ਆਪਣੇ ਦਮ ’ਤੇ ਸੱਤਾ ਦੀ ਦੌੜ ਵਿਚ ਉਤਰਨ ਦੀ ਤਿਆਰੀ ਕਰ ਰਹੀ ਹੈ।