ਜਲੰਧਰ, 21 ਸਤੰਬਰ (ਐੱਮ. ਐੱਸ. ਲੋਹੀਆ)-‘ਨਵਾਂ ਜ਼ਮਾਨਾ’ ਅਖ਼ਬਾਰ ਦੇ ਸੰਪਾਦਕ ਚੰਦ ਸਿੰਘ ਫਤਿਹਪੁਰੀ ਦੀ ਬੇਵਕਤੀ ਮੌਤ ਹੋਣ ’ਤੇ ‘ਨਵਾਂ ਜ਼ਮਾਨਾ’ ਅਦਾਰੇ ਤੇ ਅਗਾਂਹਵਧੂ ਧਿਰਾਂ ਨੂੰ ਵੱਡਾ ਘਾਟਾ ਪਿਆ ਹੈ। ‘ਨਵਾਂ ਜ਼ਮਾਨਾ’ ਅਖ਼ਬਾਰ ਨੂੰ ਚਲਾਉਣ ਵਾਲੀ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਬੜਾਪਿੰਡ ਅਤੇ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਪਰਿਵਾਰ ਨਾਲ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਫਤਿਹਪੁਰੀ ਨੇ ਉੱਚ ਪੱਧਰ ਦੀ ਵਿਦਿਆ ਗ੍ਰਹਿਣ ਕਰਨ ਤੋਂ ਬਾਅਦ ਨੌਕਰੀ ਨੂੰ ਪਹਿਲ ਨਹੀਂ ਦਿੱਤੀ ਤੇ ਸਾਰੀ ਜ਼ਿੰਦਗੀ ਕਿਰਤੀਆਂ ਦਾ ਰਾਜ ਕਾਇਮ ਕਰਨ ਲਈ ਕੰਮ ਕੀਤਾ। ਉਹ ਲੰਮਾ ਸਮਾਂ ਸੀ.ਪੀ.ਆਈ ਦੇ ਜਲੰਧਰ ਦੇ ਸਕੱਤਰ ਰਹੇ ਅਤੇ ਕਿਰਤੀ ਕਿਸਾਨਾਂ ਨੂੰ ਜੱਥੇਬੰਦ ਕੀਤਾ। ਉਹ ਪਿੱਛਲੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ, ਜਿਨ੍ਹਾਂ ਦਾ ਅੰਮ੍ਰਿਤਸਰ ਤੋਂ ਇਲਾਜ ਚੱਲ ਰਿਹਾ ਸੀ। ਮਾੜੀਮੇਘਾ ਨੇ ਜਾਣਕਾਰੀ ਦਿੱਤੀ ਕਿ ਚੰਦ ਸਿੰਘ ਫਤਿਹਪੁਰੀ ਦਾ ਅੰਤਿਮ ਸੰਸਕਾਰ 22 ਸਤੰਬਰ, ਦਿਨ ਮੰਗਲਵਾਰ ਨੂੰ ਦੁਪਹਿਰ 12.30 ਵਜੇ ਕਿਸ਼ਨਪੁਰਾ ਸ਼ਮਸ਼ਾਨਘਾਟ, ਜਲੰਧਰ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ‘ਨਵਾਂ ਜ਼ਮਾਨਾ’ ਦੇ ਦਫ਼ਤਰ ਵਿਖੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ।