‘ ਆਪ ’ ਵਲੋਂ ਦਿੱਲੀ ਦੇ ਕਸ਼ਮੀਰੀ ਗੇਟ ਸਥਿਤ ਚੋਣ ਕਮਿਸ਼ਨ ਦੇ ਦਫ਼ਤਰ ਮੂਹਰੇ ਵਿਰੋਧ ਪ੍ਰਦਰਸ਼ਨ ਗਿਆਨੇਸ਼ ਕੁਮਾਰ ਤੋਂ ਅਸਤੀਫ਼ੇ ਦੀ ਕੀਤੀ ਮੰਗ
ਨਵੀਂ ਦਿੱਲੀ, 7 ਅਕਤੂਬਰ (ਜਗਤਾਰ ਸਿੰਘ)- ਆਮ ਆਦਮੀ ਪਾਰਟੀ (ਆਪ) ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਦਿੱਲੀ ਦੇ ਕਸ਼ਮੀਰੀ ਗੇਟ ਸਥਿਤ ਚੋਣ ਕਮਿਸ਼ਨ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਦਰਸ਼ਨ ’ਚ ‘ਆਪ’ ਅਤੇ ਕਈ ਹੋਰ ਪਾਰਟੀਆਂ ਦੇ ਸੀਨੀਅਰ ਆਗੂ ਅਤੇ ਵਰਕਰ ਸ਼ਾਮਿਲ ਹੋਏ, ਜਿਨ੍ਹਾਂ ਨੇ ਗਿਆਨੇਸ਼ ਕੁਮਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਅਸਤੀਫ਼ੇ ਦੀ ਮੰਗ ਕੀਤੀ।
ਨਵੀਂ ਦਿੱਲੀ, 7 ਅਕਤੂਬਰ (ਜਗਤਾਰ ਸਿੰਘ)- ਆਮ ਆਦਮੀ ਪਾਰਟੀ (ਆਪ) ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਦਿੱਲੀ ਦੇ ਕਸ਼ਮੀਰੀ ਗੇਟ ਸਥਿਤ ਚੋਣ ਕਮਿਸ਼ਨ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਦਰਸ਼ਨ ’ਚ ‘ਆਪ’ ਅਤੇ ਕਈ ਹੋਰ ਪਾਰਟੀਆਂ ਦੇ ਸੀਨੀਅਰ ਆਗੂ ਅਤੇ ਵਰਕਰ ਸ਼ਾਮਿਲ ਹੋਏ, ਜਿਨ੍ਹਾਂ ਨੇ ਗਿਆਨੇਸ਼ ਕੁਮਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਅਸਤੀਫ਼ੇ ਦੀ ਮੰਗ ਕੀਤੀ। ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਕੀਤੀ ਜਾ ਰਹੀ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਨੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਸਵਾਲ ਚੁੱਕ ਰਹੀਆਂ ਹਨ। ਦੋਸ਼ ਲਗਾਏ ਜਾ ਰਹੇ ਹਨ ਕਿ ਇਸ ਪ੍ਰਕਿਰਿਆ ਦੌਰਾਨ ਦੇਸ਼ ਭਰ ਵਿਚੋਂ ਵੱਡੀ ਗਿਣਤੀ ਵਿਚ ਜਾਇਜ਼ ਵੋਟਰਾਂ ਦੇ ਨਾਂਅ ਸੂਚੀ ਵਿਚੋਂ ਹਟਾ ਦਿੱਤੇ ਗਏ ਹਨ। ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਅਤੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਕਸ਼ਮੀਰੀ ਗੇਟ ਦਫ਼ਤਰ ਦੇ ਬਾਹਰ ਭਾਰੀ ਬੈਰੀਕੇਡਿੰਗ ਕੀਤੀ ਗਈ। ਹਾਲਾਂਕਿ ਪੁਲਿਸ ਬੈਰੀਕੇਡਾਂ ’ਤੇ ਕਈ ਪ੍ਰਦਰਸ਼ਨਕਾਰੀ ਚੜ੍ਹ ਗਏ ,ਜਿਸ ਦੇ ਕਾਰਨ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ। ‘ਆਪ’ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਪ੍ਰਦਰਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆ ਕਰਦੇ ਹੋਏ ਲਿਖਿਆ ਕਿ ਦੇਸ਼ ’ਚ ਹੁਣ ‘ਵੋਟ ਚੋਰੀ’ ਨਹੀਂ ਚੱਲੇਗੀ। ਭਾਰਦਵਾਜ ਨੇ ਕਿਹਾ ਕਿ ਹੁਣ ਭਾਜਪਾ ਹੋਰ ਝੂਠ ਨਹੀਂ ਬੋਲ ਸਕਦੀ ਤੇ ਜੇਕਰ ਉਨ੍ਹਾਂ ਨੇ ਬੇਈਮਾਨੀ ਨਾਲ ਹੀ ਜਿੱਤਣਾ ਹੈ, ਤਾਂ ਫਿਰ ਚੋਣਾਂ ਕਰਵਾਉਣ ਦਾ ਕੀ ਫਾਇਦਾ? ਇਸ ਤੋਂ ਪਹਿਲਾਂ ‘ਆਪ’ ਨੇ ਇਸ ਮੁੱਦੇ ’ਤੇ 2 ਅਕਤੂਬਰ ਨੂੰ ਜੰਤਰ-ਮੰਤਰ ਅਤੇ 4 ਅਕਤੂਬਰ ਨੂੰ ਇੰਡੀਆ ਗੇਟ ’ਤੇ ਰੋਸ ਪ੍ਰਦਰਸ਼ਨ ਕੀਤਾ ਸੀ।