ਮਾਨਸੂਨ ਤੋਂ ਬਾਅਦ ਹੁਣ ਸਰਦੀ ’ਤੇ ਅਲ ਨੀਨੋ ਦੇ ਪ੍ਰਭਾਵ ਦਾ ਖਤਰਾ
ਮੂਣਕ, 8 ਅਕਤੂਬਰ (ਕੇਵਲ ਸਿੰਗਲਾ)-ਭਾਰਤ ਦਾ 2026 ਦਾ ਦੱਖਣ-ਪੱਛਮੀ ਮਾਨਸੂਨ 13 ਫ਼ੀਸਦੀ ਘਾਟ ਨਾਲ ਸਮਾਪਤ ਹੋ ਚੁੱਕਾ ਹੈ, ਪਰ ਮੌਸਮ ਦੀ ਚਿੰਤਾ ਇੱਥੇ ਖ਼ਤਮ ਨਹੀਂ ਹੁੰਦੀ। ਪ੍ਰਸ਼ਾਂਤ ਮਹਾਸਾਗਰ ਵਿਚ ਤੇਜ਼ੀ ਨਾਲ ਮਜ਼ਬੂਤ ਹੋ ਰਿਹਾ ਅਲ ਨੀਨੋ ਹੁਣ 2026-27 ਦੀ ਸਰਦੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਮੂਣਕ, 8 ਅਕਤੂਬਰ (ਕੇਵਲ ਸਿੰਗਲਾ)-ਭਾਰਤ ਦਾ 2026 ਦਾ ਦੱਖਣ-ਪੱਛਮੀ ਮਾਨਸੂਨ 13 ਫ਼ੀਸਦੀ ਘਾਟ ਨਾਲ ਸਮਾਪਤ ਹੋ ਚੁੱਕਾ ਹੈ, ਪਰ ਮੌਸਮ ਦੀ ਚਿੰਤਾ ਇੱਥੇ ਖ਼ਤਮ ਨਹੀਂ ਹੁੰਦੀ। ਪ੍ਰਸ਼ਾਂਤ ਮਹਾਸਾਗਰ ਵਿਚ ਤੇਜ਼ੀ ਨਾਲ ਮਜ਼ਬੂਤ ਹੋ ਰਿਹਾ ਅਲ ਨੀਨੋ ਹੁਣ 2026-27 ਦੀ ਸਰਦੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਵਿਸ਼ਵ ਮੌਸਮ ਸੰਗਠਨ ਮੁਤਾਬਕ ਇਹ ਘਟਨਾ ਆਉਣ ਵਾਲੇ ਮਹੀਨਿਆਂ ਵਿਚ ਹੋਰ ਤਾਕਤਵਰ ਹੋ ਸਕਦੀ ਹੈ ਤੇ ਇਸ ਦਾ ਅਸਰ 2027 ਤੱਕ ਰਹਿਣ ਦੀ ਸੰਭਾਵਨਾ ਹੈ। ਅਲ ਨੀਨੋ ਦੀ ਸੰਭਾਵਿਤ ਤਾਕਤ ਇੰਨੀ ਵੱਧ ਦੱਸੀ ਜਾ ਰਹੀ ਹੈ ਕਿ ਕੁਝ ਮੌਸਮ ਵਿਸ਼ਲੇਸ਼ਕ ਇਸ ਨੂੰ ‘ਸੁਪਰ ਅਲ ਨੀਨੋ’ ਕਹਿ ਰਹੇ ਹਨ। ਭਾਰਤ ਸਰਕਾਰ ਮੁਤਾਬਕ ਭਾਰਤੀ ਮੌਸਮ ਵਿਭਾਗ ਅਤੇ ਵਿਸ਼ਵ ਮੌਸਮ ਸੰਗਠਨ ਅਲ ਨੀਨੋ ਨੂੰ ਕਮਜ਼ੋਰ, ਦਰਮਿਆਨਾ, ਤਾਕਤਵਰ ਜਾਂ ਬਹੁਤ ਤਾਕਤਵਰ ਸ਼੍ਰੇਣੀਆਂ ਵਿਚ ਵੇਖਦੇ ਹਨ। ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਲ ਨੀਨੋ ਅਕਤੂਬਰ-ਦਸੰਬਰ ਦੌਰਾਨ ਬਹੁਤ ਤਾਕਤਵਰ ਪੱਧਰ ਤੱਕ ਪਹੁੰਚ ਸਕਦਾ ਹੈ। ਵਿਸ਼ਵ ਮੌਸਮ ਸੰਗਠਨ ਦੀ 8 ਅਕਤੂਬਰ ਦੀ ਤਾਜ਼ਾ ਜਾਣਕਾਰੀ ਮੁਤਾਬਕ ਕੇਂਦਰੀ-ਪੂਰਬੀ ਭੂ-ਮੱਧ ਰੇਖਾਈ ਪ੍ਰਸ਼ਾਂਤ ਦਾ ਸਮੁੰਦਰੀ ਤਾਪਮਾਨ ਅਕਤੂਬਰ-ਦਸੰਬਰ ਵਿਚ ਰਿਕਾਰਡ ਪੱਧਰ ਤੱਕ ਜਾ ਸਕਦਾ ਹੈ। ਇਸ ਤਾਕਤਵਰ ਮੌਸਮੀ ਘਟਨਾ ਕਾਰਨ ਦੁਨੀਆ ਦੇ ਕਈ ਦੇਸ਼ ਅਤੇ ਮੌਸਮ ਏਜੰਸੀਆਂ ਪਹਿਲਾਂ ਤੋਂ ਤਿਆਰੀ ਕਰ ਰਹੀਆਂ ਹਨ। ਵਿਸ਼ਵ ਮੌਸਮ ਸੰਗਠਨ ਨੇ ਸਰਕਾਰਾਂ, ਖੇਤੀਬਾੜੀ, ਸਿਹਤ ਅਤੇ ਆਫ਼ਤ ਪ੍ਰਬੰਧਨ ਨਾਲ ਜੁੜੇ ਖੇਤਰਾਂ ਲਈ ਪਹਿਲਾਂ ਹੀ ਤਿਆਰੀਆਂ ਵਧਾਉਣ ਦੀ ਗੱਲ ਕਹੀ ਹੈ। ਕਾਰਨ ਇਹ ਹੈ ਕਿ ਤਾਕਤਵਰ ਅਲ ਨੀਨੋ ਵੱਖ-ਵੱਖ ਖੇਤਰਾਂ ਵਿੱਚ ਸੁੱਕਾ, ਹੜ੍ਹ, ਅਤਿ ਗਰਮੀ ਅਤੇ ਬਾਰਿਸ਼ ਦੇ ਪੈਟਰਨਾਂ ਵਿੱਚ ਵੱਡੇ ਬਦਲਾਅ ਲਿਆ ਸਕਦਾ ਹੈ। ਪੰਜਾਬ ਲਈ ਕੀ ਮਤਲਬ? ਪੰਜਾਬ ਸਮੇਤ ਉੱਤਰ-ਪੱਛਮੀ ਭਾਰਤ ਲਈ ਸਰਦੀ ਖਾਸ ਤੌਰ ’ਤੇ ਮਹੱਤਵਪੂਰਨ ਹੈ। ਕਣਕ ਅਤੇ ਹੋਰ ਰਬੀ ਫ਼ਸਲਾਂ ਨੂੰ ਸਹੀ ਸਮੇਂ ਦੀ ਠੰਢ ਅਤੇ ਮਿੱਟੀ ਵਿਚ ਨਮੀ ਦੀ ਲੋੜ ਹੁੰਦੀ ਹੈ। ਜੇ ਤਾਪਮਾਨ ਆਮ ਨਾਲੋਂ ਵੱਧ ਰਿਹਾ ਤਾਂ ਕਣਕ ਦੀ ਪੈਦਾਵਾਰ ਪ੍ਰਭਾਵਿਤ ਹੋ ਸਕਦੀ ਹੈ। ਦੂਜੇ ਪਾਸੇ, ਸਰਦੀਆਂ ਦੀ ਬਾਰਿਸ਼ ਘੱਟ ਹੋਈ ਤਾਂ ਸਿੰਚਾਈ ਤੇ ਭੂ-ਜਲ ’ਤੇ ਦਬਾਅ ਵਧੇਗਾ। ਫਿਰ ਵੀ ਅਲ ਨੀਨੋ ਦਾ ਮਤਲਬ ਹਰ ਥਾਂ ਸੁੱਕੀ ਤੇ ਗਰਮ ਸਰਦੀ ਨਹੀਂ। ਪੰਜਾਬ ਵਿਚ ਸਰਦੀਆਂ ਦੀ ਬਾਰਿਸ਼ ਲਈ ਪੱਛਮੀ ਗੜਬੜੀਆਂ ਬਹੁਤ ਮਹੱਤਵਪੂਰਨ ਹਨ। ਇਸ ਲਈ ਆਉਣ ਵਾਲੀ ਸਰਦੀ ਦੀ ਅਸਲ ਤਸਵੀਰ ਅਲ ਨੀਨੋ ਦੇ ਨਾਲ-ਨਾਲ ਹਿੰਦ ਮਹਾਸਾਗਰ, ਪੱਛਮੀ ਗੜਬੜੀਆਂ ਤੇ ਹੋਰ ਵਾਤਾਵਰਣੀ ਕਾਰਕਾਂ ’ਤੇ ਨਿਰਭਰ ਕਰੇਗੀ।