ਪੰਜਾਬ ਵਿਚ ਪਿਆ ਹਲਕੇ ਤੋਂ ਭਾਰੀ ਮੀਂਹ
ਚੰਡੀਗੜ੍ਹ, 15 ਅਕਤੂਬਰ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਵਿਚ ਝੋਨੇ ਦੀ ਕਟਾਈ, ਚੁਕਾਈ ਦੇ ਚੱਲਦੇ ਕੰਮ ਵਿਚ ਖ਼ਰਾਬ ਮੌਸਮ ਲਗਾਤਾਰ ਰੁਕਾਵਟਾਂ ਪਾ ਰਿਹਾ ਹੈ। ਅੱਜ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਬੱਦਲਾਂ ਦੀ ਗਰਜ ਚਮਕ ਨਾਲ ਮੀਂਹ ਪਿਆ ਅਤੇ ਕਈ ਥਾਵਾਂ ’ਤੇ ਝੱਖੜ ਝੂਲਿਆ।
ਚੰਡੀਗੜ੍ਹ, 15 ਅਕਤੂਬਰ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਵਿਚ ਝੋਨੇ ਦੀ ਕਟਾਈ, ਚੁਕਾਈ ਦੇ ਚੱਲਦੇ ਕੰਮ ਵਿਚ ਖ਼ਰਾਬ ਮੌਸਮ ਲਗਾਤਾਰ ਰੁਕਾਵਟਾਂ ਪਾ ਰਿਹਾ ਹੈ। ਅੱਜ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਬੱਦਲਾਂ ਦੀ ਗਰਜ ਚਮਕ ਨਾਲ ਮੀਂਹ ਪਿਆ ਅਤੇ ਕਈ ਥਾਵਾਂ ’ਤੇ ਝੱਖੜ ਝੂਲਿਆ। ਜਦੋਂ ਕਿ ਪੱਟੀ (ਤਰਨਤਾਰਨ) ਵਿਚ ਮੀਂਹ ਦੇ ਨਾਲ ਗੜੇ ਵੀ ਪਏ। ਦਿਨ ਭਰ ਪਏ ਮੀਂਹ ਕਾਰਨ ਸੂਬੇ ਦੇ ਦਿਨ ਦੇ ਤਾਪਮਾਨ ਵਿਚ 3.8 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ, ਜਿਸ ਕਾਰਨ ਠੰਢ ਦਾ ਪ੍ਰਭਾਵ ਵੱਧ ਗਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੇ 24 ਘੰਟਿਆਂ ਦੌਰਾਨ ਪੰਜਾਬ ਦੇ 22 ਜ਼ਿਲ੍ਹਿਆਂ ਵਿਚ ਹਲਕੇ ਤੋਂ ਭਾਰੀ ਮੀਂਹ ਪਿਆ ਹੈ, ਪਰ ਸ਼ਹੀਦ ਭਗਤ ਸਿੰਘ ਨਗਰ ਮੀਂਹ ਤੋਂ ਵਾਂਝਾ ਰਿਹਾ । ਜ਼ਿਲ੍ਹਾ ਪਠਾਨਕੋਟ ’ਚ ਸਭ ਤੋਂ ਵੱਧ 31.5 ਮਿਲੀਮੀਟਰ ਮੀਂਹ ਪਿਆ ਹੈ ਤੇ ਫ਼ਰੀਦਕੋਟ, ਮੁਕਤਸਰ ਤੇ ਸੰਗਰੂਰ ਵਿਚ ਮੀਂਹ ਦੇ ਨਾਲ ਨਾਲ 50 ਤੋਂ 57 ਕਿਲੋਮੀਟਰ ਦੀ ਗਤੀ ਦਾ ਝੱਖੜ ਝੂਲਿਆ ਹੈ । ਪਿਛਲੇ ਦੋ ਦਿਨਾਂ ਤੋਂ ਮੀਂਹ ਪੈਣ ਕਾਰਨ ਸੂਬੇ ਵਿਚ ਤਾਪਮਾਨ ਡਿੱਗਦਾ ਜਾ ਰਿਹਾ ਹੈ । ਵੀਰਵਾਰ ਨੂੰ ਸੂਬੇ ’ਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 29.9 ਡਿਗਰੀ ਸੈਲਸੀਅਸ ਜਲੰਧਰ ਤੇ ਬਠਿੰਡਾ ਵਿਚ ਦਰਜ ਕੀਤਾ ਗਿਆ, ਜੋ ਬੀਤੇ ਕਲ੍ਹ ਨਾਲੋਂ ਕਰੀਬ 2.9 ਡਿਗਰੀ ਸੈਲਸੀਅਸ ਘੱਟ ਹੈ । ਹੋਰਨਾਂ ਜ਼ਿਲ੍ਹਿਆਂ ਵਿਚ ਦਿਨ ਦਾ ਤਾਪਮਾਨ ਅੰਮ੍ਰਿਤਸਰ ’ਚ 26.5 ਡਿਗਰੀ, ਲੁਧਿਆਣਾ ’ਚ 28.8 ਡਿਗਰੀ, ਪਟਿਆਲਾ ’ਚ 26.8 ਡਿਗਰੀ, ਪਠਾਨਕੋਟ ’ਚ 27.8 ਡਿਗਰੀ, ਫ਼ਿਰੋਜ਼ਪੁਰ ’ਚ 29 ਡਿਗਰੀ ਅਤੇ ਰੂਪਨਗਰ ’ਚ 29.2 ਡਿਗਰੀ ਸੈਲਸੀਅਸ ਰਿਹਾ । ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਭਲਕੇ ਪੰਜਾਬ ਦੇ ਪਹਾੜੀ ਇਲਾਕਿਆਂ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਪਠਾਨਕੋਟ ਵਿਚ ਮੀਂਹ ਪਵੇਗਾ।