ਐੱਸ. ਏ. ਐੱਸ. ਨਗਰ, 26 ਅਕਤੂਬਰ (ਕਪਿਲ ਵਧਵਾ)-ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਵਿਚ ਸੀ. ਬੀ. ਆਈ. ਰਿਮਾਂਡ ’ਤੇ ਚੱਲ ਰਹੀ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੀ ਪਤਨੀ ਨੀਲਮ ਰਾਣੀ ਨੂੰ ਚਾਰ ਦਿਨਾਂ ਦਾ ਰਿਮਾਂਡ ਖ਼ਤਮ ਹੋਣ ਉਪਰੰਤ ਅੱਜ ਮੰਗਲਵਾਰ ਨੂੰ ਮੁਹਾਲੀ ਸਥਿਤ ਸੀ. ਬੀ. ਆਈ. ਦੇ ਵਿਸ਼ੇਸ਼ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ । ਪੇਸ਼ੀ ਦੌਰਾਨ ਸੀ. ਬੀ. ਆਈ. ਵਲੋਂ ਨੀਲਮ ਰਾਣੀ ਦਾ ਹੋਰ ਰਿਮਾਂਡ ਮੰਗੇ ਜਾਣ ਦੀ ਸੰਭਾਵਨਾ ਹੈ । ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਦੀ ਬੀਤੀ 13 ਅਕਤੂਬਰ ਨੂੰ ਗੋਲੀਆਂ ਲੱਗਣ ਕਾਰਨ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਮੌਤ ਹੋ ਗਈ ਸੀ । ਇਸ ਤੋਂ ਬਾਅਦ ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਨੇ 14 ਅਕਤੂਬਰ ਨੂੰ ਦਰਜ ਐੱਫ. ਆਈ. ਆਰ. ਨੰ. 269 ਤਹਿਤ ਅਸ਼ਵਨੀ ਕੁਮਾਰ ਤੇ ਵਿਪਿਨ ਗਰਗ ਨੂੰ ਬੀਤੀ 14 ਅਕਤੂਬਰ, ਨੀਲਮ ਰਾਣੀ ਨੂੰ 15 ਅਕਤੂਬਰ ਤ ੇ ਲਾਡੀ ਸਿੰਘ ਨੂੰ 16 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਮਾਮਲੇ ਵਿਚ ਭਾਰਤੀ ਨਿਆਂ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤੇ ਅਸਲ੍ਹਾ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਵਿਚ ਸੀ. ਬੀ. ਆਈ. ਨੂੰ ਬੀਤੀ 23 ਅਕਤੂਬਰ ਨੂੰ ਚਾਰੋਂ ਮੁਲਜ਼ਮਾਂ ਦਾ ਰਿਮਾਂਡ ਮਿਲਿਆ ਸੀ। ਸੀ. ਬੀ. ਆਈ. ਅਨੁਸਾਰ ਮਾਨਸਾ ਵਿਚ ਭੀੜ ਦੇ ਭੜਕਣ ਕਾਰਨ ਅਸ਼ਵਨੀ ਕੁਮਾਰ ਦੀ ਦੁਕਾਨ ਦੀ ਭੰਨ-ਤੋੜ ਹੋਣ ਕਰਕੇ ਜਾਂਚ ਦੇ ਕਈ ਅਹਿਮ ਪਹਿਲੂਆਂ ਨੂੰ ਸਮਝਣ ਵਿਚ ਮੁਸ਼ਕਿਲ ਆ ਰਹੀ ਹੈ । ਵਾਰਦਾਤ ਨਾਲ ਸੰਬੰਧਿਤ ਖੰਡਰ ਬਣ ਚੁੱਕੀ ਇਹ ਦੁਕਾਨ ਜਾਂਚ ਲਈ ਅਹਿਮ ਸਥਾਨ ਹੈ । ਸੀ. ਬੀ. ਆਈ. ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।