ਪਿੰਡ ਗਾਜ਼ੀਵਾਲ ਵਿਖੇ ਡੇਰਾ ਬਿਆਸ ਦੀ ਜ਼ਮੀਨ ਨੂੰ ਲੈ ਕੇ ਗੋਲੀਬਾਰੀ
ਬਾਬਾ ਬਕਾਲਾ ਸਾਹਿਬ, 31 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ/ਸਫਰੀ/ਨਰਿੰਦਰ ਸਿੰਘ)-ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਪਿੰਡ ਗਾਜ਼ੀਵਾਲ ਵਿਚ ਡੇਰਾ ਬਿਆਸ ਦੀ ਜ਼ਮੀਨ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਸਨਿਚਰਵਾਰ ਦੁਪਹਿਰ ਕਰੀਬ 3 ਵਜੇ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ । ਇਸ ਘਟਨਾ ਵਿਚ ਡੇਰਾ ਬਿਆਸ ਦੇ ਇੱਕ ਸੇਵਾਦਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ।
ਅਜੀਤ ਡੈਸਕ
01-11-2026
ਪ੍ਰਿੰਸੀਪਲ ਦੀ ਕੁਰਸੀ ਬਚਾਉਣ ਲਈ 65 ਸਾਲ ਤੱਕ ਨੌਕਰੀ ਕਰਨ ਦਾ ਦਾਅਵਾ ਹਾਈ ਕੋਰਟ ਵਲੋਂ ਰੱਦ
ਚੰਡੀਗੜ੍ਹ, 31 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ 60 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਮੁੜ ਨਿਯੁਕਤ ਹੋਣ ਵਾਲੇ ਯੂਨੀਵਰਸਿਟੀ ਅਧਿਆਪਕ ਨੂੰ 65 ਸਾਲ ਤੱਕ ਸਿਰਫ਼ ਅਕਾਦਮਿਕ ਸਰਗਰਮੀਆਂ ਜਾਰੀ ਰੱਖਣ ਦਾ ਅਧਿਕਾਰ ਹੈ। ਉਹ ਸੇਵਾਮੁਕਤੀ ਤੋਂ ਬਾਅਦ ਪ੍ਰਿੰਸੀਪਲ ਵਰਗੇ ਪ੍ਰਸ਼ਾਸਨਿਕ ਅਹੁਦੇ ਤੇ ਵਿੱਤੀ ਅਧਿਕਾਰਾਂ ਦੀ ਵਰਤੋਂ ਨਹੀਂ ਕਰ ਸਕਦਾ। ਜਸਟਿਸ ਅਨੂਪ ਚਿਤਕਾਰਾ ਤੇ ਜਸਟਿਸ ਰਮੇਸ਼ ਚੰਦਰ ਦਿਮਰੀ ਦੇ ਡਵੀਜ਼ਨ ਬੈਂਚ ਨੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰਿੰਸੀਪਲ ਇਕਬਾਲ ਸਿੰਘ ਸੰਧੂ ਦੀ ਪਟੀਸ਼ਨ ਖ਼ਾਰਜ ਕਰਦਿਆਂ ਇਹ ਫ਼ੈਸਲਾ ਸੁਣਾਇਆ। ਪਟੀਸ਼ਨਕਰਤਾ ਨੇ ਯੂ.ਜੀ.ਸੀ. ਦੇ 2010 ਦੇ ਨਿਯਮਾਂ ਦੇ ਆਧਾਰ ’ਤੇ 65 ਸਾਲ ਤੱਕ ਸੇਵਾ ਜਾਰੀ ਰੱਖਣ ਤੇ ਸਬੰਧਿਤ ਲਾਭਾਂ ਦੀ ਮੰਗ ਕੀਤੀ ਸੀ। ਅਦਾਲਤ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਪੁਨਰਗਠਨ ਐਕਟ, 1966 ਦੀ ਧਾਰਾ 72 ਤਹਿਤ ਇਕ ਅੰਤਰਰਾਜੀ ਸੰਸਥਾ ਹੈ। ਇਸ ਨੂੰ ਕੇਂਦਰ ਤੋਂ ਲਗਭਗ 92 ਫ਼ੀਸਦੀ ਵਿੱਤੀ ਸਹਾਇਤਾ ਮਿਲਣ ਨਾਲ ਇਹ ਕੇਂਦਰੀ ਯੂਨੀਵਰਸਿਟੀ ਨਹੀਂ ਬਣ ਜਾਂਦੀ। ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਸੇਵਾਮੁਕਤੀ ਦੀ ਉਮਰ 60 ਸਾਲ ਹੈ ਅਤੇ ਇਸ ਨੂੰ 65 ਸਾਲ ਕਰਨ ਲਈ ਕੇਂਦਰ ਦੀ ਮਨਜ਼ੂਰੀ ਅਜੇ ਤੱਕ ਨਹੀਂ ਮਿਲੀ। ਅਦਾਲਤ ਨੇ ਇਹ ਵੀ ਕਿਹਾ ਕਿ ਸੈਨੇਟ ਦਾ ਪ੍ਰਸਤਾਵ ਆਪਣੇ ਆਪ ਨਿਯਮ ਨਹੀਂ ਬਦਲ ਸਕਦਾ। ਇਸ ਲਈ ਮੁੜ ਨਿਯੁਕਤ ਅਧਿਆਪਕ ਪੜ੍ਹਾਉਣ ਅਤੇ ਖੋਜ ਕਰ ਸਕਦੇ ਹਨ, ਪਰ ਪ੍ਰਸ਼ਾਸਨਿਕ ਤੇ ਵਿੱਤੀ ਅਧਿਕਾਰ ਨਹੀਂ ਵਰਤ ਸਕਦੇ।