12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਟਰਾਂਸਪੋਰਟਰ ਅਮਰੀਕ ਸਿੰਘ ਸ਼ੱਕਰੀ ਦੇ ਪਰਿਵਾਰ ਨੂੰ 34 ਸਾਲ ਬਾਅਦ ਮਿਲਿਆ ਇਨਸਾਫ਼ * ਚਾਰ ਪੁਲਿਸ ਅਧਿਕਾਰੀਆਂ ਦੀ ਸੁਣਵਾਈ ਦੌਰਾਨ ਹੋ ਚੁੱਕੀ ਹੈ ਮੌਤ * ਸਾਬਕਾ ਐਸ.ਐਸ.ਪੀ. ਗੁਰਮੀਤ ਸਿੰਘ ਰੰਧਾਵਾ ਦੋਸ਼ੀ ਕਰਾਰ

ਤਰਨ ਤਾਰਨ, 11 ਨਵੰਬਰ (ਹਰਿੰਦਰ ਸਿੰਘ)- 34 ਸਾਲ ਪਹਿਲਾਂ ਖਾੜਕੂਵਾਦ ਦੇ ਦੌਰ ’ਚ ਤਰਨ ਤਾਰਨ ਪੁਲਿਸ ਵਲੋਂ ਲੁਧਿਆਣੇ ਦੇ ਅਮਲਤਾਸ ਹੋਟਲ ਵਿਚ ਚੱਲ ਰਹੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਪਹੁੰਚੇ ਪੰਜਾਬ ਦੇ ਪ੍ਰਸਿੱਧ ਸ਼ੱਕਰੀ ਟਰਾਂਸਪੋਰਟ ਦੇ ਮਾਲਕ ਅਤੇ ਵੱਡੇ ਜ਼ਿੰਮੀਦਾਰ ਅਮਰੀਕ ਸਿੰਘ ਸ਼ੱਕਰੀ ਨੂੰ ਚੁੱਕ ਕੇ ਲਾਪਤਾ ਕਰਨ ਦੇ ਮਾਮਲੇ ਵਿਚ ਸੀ. ਬੀ.

ਅਜੀਤ ਡੈਸਕ 12-11-2026
ਤਰਨ ਤਾਰਨ, 11 ਨਵੰਬਰ (ਹਰਿੰਦਰ ਸਿੰਘ)- 34 ਸਾਲ ਪਹਿਲਾਂ ਖਾੜਕੂਵਾਦ ਦੇ ਦੌਰ ’ਚ ਤਰਨ ਤਾਰਨ ਪੁਲਿਸ ਵਲੋਂ ਲੁਧਿਆਣੇ ਦੇ ਅਮਲਤਾਸ ਹੋਟਲ ਵਿਚ ਚੱਲ ਰਹੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਪਹੁੰਚੇ ਪੰਜਾਬ ਦੇ ਪ੍ਰਸਿੱਧ ਸ਼ੱਕਰੀ ਟਰਾਂਸਪੋਰਟ ਦੇ ਮਾਲਕ ਅਤੇ ਵੱਡੇ ਜ਼ਿੰਮੀਦਾਰ ਅਮਰੀਕ ਸਿੰਘ ਸ਼ੱਕਰੀ ਨੂੰ ਚੁੱਕ ਕੇ ਲਾਪਤਾ ਕਰਨ ਦੇ ਮਾਮਲੇ ਵਿਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਯੁਕਤੀ ਗੋਇਲ ਵਲੋਂ ਸਾਬਕਾ ਐਸ.ਐਸ.ਪੀ. ਗੁਰਮੀਤ ਸਿੰਘ ਰੰਧਾਵਾ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪਰਿਵਾਰ ਨੇ ਅਦਾਲਤ ਦੇ ਫ਼ੈਸਲੇ ’ਤੇ ਤਸੱਲੀ ਪ੍ਰਗਟ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਵਲੋਂ ਰਾਜੀਨਾਵੇਂ ਲਈ ਦਬਾਅ ਪਾਉਣ ਤੋਂ ਇਲਾਵਾ ਡਰਾਉਣ ਧਮਕਾਉਣ ਦੇ ਬਾਵਜੂਦ ਵੀ ਉਨ੍ਹਾਂ ਦੀ ਸ਼ੱਕਰੀ ਨੂੰ ਲਾਪਤਾ ਕਰਕੇ ਮਾਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਦੀ ਇੱਛਾ ਪੂਰੀ ਹੋਈ ਹੈ। ਭਾਵੇਂ ਕਿ ਇਸ ਕੇਸ ਵਿਚ ਨਾਮਜ਼ਦ ਚਾਰ ਪੁਲਿਸ ਅਧਿਕਾਰੀਆਂ ਦੀ ਮੌਤ ਵੀ ਹੋ ਚੁੱਕੀ ਹੈ। ਸੀ.ਬੀ.ਆਈ. ਅਦਾਲਤ ਵਲੋਂ ਇਸ ਕੇਸ ਵਿਚ ਨਾਮਜ਼ਦ ਉਸ ਸਮੇਂ ਦੇ ਤਰਨ ਤਾਰਨ ਦੇ ਡੀ.ਐਸ.ਪੀ. ਗੁਰਮੀਤ ਸਿੰਘ ਰੰਧਾਵਾ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦਕਿ ਉਸ ਦੇ ਗੰਨਮੈਨ ਪਰਮਿੰਦਰਜੀਤ ਸਿੰਘ ਬੱਬੂ ਨੂੰ ਸਬੂਤਾਂ ਦੀ ਘਾਟ ਹੋਣ ਕਾਰਨ ਬਰੀ ਕਰ ਦਿੱਤਾ ਗਿਆ। ਤਰਨ ਤਾਰਨ ਦੇ ਪਿੰਡ ਸ਼ੱਕਰੀ ਦੇ ਨਿਵਾਸੀ ਸੰਤੋਖ ਸਿੰਘ ਦੇ 8 ਪੁੱਤਰ ਅਤੇ ਇਕ ਧੀ ਸੀ ਅਤੇ ਇਹ ਪੰਜਾਬ ਦਾ ਨਾਮੀ ਪਰਿਵਾਰ ਗਿਣਿਆ ਜਾਂਦਾ ਹੈ, ਜਿਥੇ ਸ਼ੱਕਰੀ ਟਰਾਂਸਪੋਰਟ ਦੀ ਉਸ ਸਮੇਂ ਪੰਜਾਬ ਵਿਚ ਤੂਤੀ ਬੋਲਦੀ ਸੀ, ਉਥੇ ਹੀ ਇਸ ਪਰਿਵਾਰ ਕੋਲ ਸੈਂਕੜੇ ਏਕੜ ਜੱਦੀ ਜ਼ਮੀਨ ਵੀ ਹੈ। ਅਮਰੀਕ ਸਿੰਘ ਦੇ ਭਤੀਜੇ ਦਿਲਬਾਗ ਸਿੰਘ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਚਾਚੇ ਅਮਰੀਕ ਸਿੰਘ ਨੂੰ ਲੁਧਿਆਣਾ ਵਿਖੇ 25 ਨਵੰਬਰ 1992 ਨੂੰ ਇਕ ਵਿਆਹ ਦੇ ਸਮਾਗਮ ਦੌਰਾਨ ਤਰਨ ਤਾਰਨ ਪੁਲਿਸ ਚੁੱਕ ਕੇ ਲੈ ਆਈ ਸੀ। ਅਮਰੀਕ ਸਿੰਘ ਨੂੰ ਸੀ.ਆਈ.ਏ. ਸਟਾਫ ਤਰਨ ਤਾਰਨ ਵਿਖੇ ਰੱਖ ਕੇ ਤਸ਼ੱਦਦ ਵੀ ਕੀਤਾ ਗਿਆ ਅਤੇ ਉਹ ਆਪਣੇ ਇਕ ਜਾਣਕਾਰ ਉਸ ਸਮੇਂ ਦੇ ਡੀ.ਐਸ.ਪੀ. ਨਾਲ ਸੀ.ਆਈ.ਏ. ਸਟਾਫ਼ ਵਿਖੇ ਆਪਣੇ ਚਾਚੇ ਅਮਰੀਕ ਸਿੰਘ ਨੂੰ 26 ਨਵੰਬਰ 1992 ਨੂੰ ਦੇਖਣ ਲਈ ਗਏ ਸਨ, ਪਰ ਪੁਲਿਸ ਤਸ਼ੱਦਦ ਕਾਰਨ ਉਸ ਦੀ ਹਾਲਤ ਬਹੁਤ ਮਾੜੀ ਸੀ। ਬਾਅਦ ਵਿਚ ਪੁਲਿਸ ਵਲੋਂ ਉਸ ਨੂੰ ਲਾਪਤਾ ਕਰ ਦਿੱਤਾ ਗਿਆ। ਮਨੁੱਖੀ ਅਧਿਕਾਰਾਂ ਲਈ ਲੜਾਈ ਲੜਨ ਵਾਲੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵਲੋਂ ਪੰਜਾਬ ਵਿਚ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਲਾਪਤਾ ਕਰਨ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਦਾਇਰ ਕੀਤੀ ਗਈ ਪਟੀਸ਼ਨ ’ਤੇ ਇਹ ਮਾਮਲੇ ਸੀ.ਬੀ.ਆਈ. ਕੇਂਦਰੀ ਜਾਂਚ ਬਿਊਰੋ ਦੇ ਹਵਾਲੇ ਕੀਤੇ ਗਏ ਸਨ ਅਤੇ ਉਨ੍ਹਾਂ ਦਾ ਮਾਮਲਾ ਵੀ ਸੀ.ਬੀ.ਆਈ. ਨੇ ਆਪਣੇ ਕੋਲ ਲੈ ਕੇ ਉਸ ਸਮੇਂ ਦੇ ਐਸ.ਐਸ.ਪੀ. ਅਜੀਤ ਸਿੰਘ ਸੰਧੂ, ਇੰਸਪੈਕਟਰ ਸੂਬਾ ਸਿੰਘ, ਸਬ ਇੰਸਪੈਕਟਰ ਸੁਰਿੰਦਰ ਸਿੰਘ, ਡੀ.ਐਸ.ਪੀ. ਗੁਰਮੀਤ ਸਿੰਘ ਰੰਧਾਵਾ ਅਤੇ ਪਰਮਿੰਦਰਜੀਤ ਸਿੰਘ ਬੱਬੂ ਗੰਨਮੈਨ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਅਤੇ ਬਾਅਦ ਵਿਚ ਅਦਾਲਤ ਵਿਚ ਪੇਸ਼ ਕੀਤੇ ਦੋਸ਼ਪੱਤਰ ਦੌਰਾਨ ਏ.ਐਸ.ਆਈ. ਜਸਵੰਤ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਇਸ ਕੇਸ ਦੀ ਪੈਰ੍ਹਵੀ ਕਰ ਰਹੇ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨੌਜਵਾਨਾਂ ਨੂੰ ਲਾਪਤਾ ਕਰਨ ਅਤੇ ਲਾਸ਼ਾਂ ਨੂੰ ਲਾਵਾਰਿਸ ਕਹਿ ਕੇ ਸਾੜ੍ਹਨ ਵਾਲੇ ਸੀ.ਬੀ.ਆਈ. ਵਲੋਂ ਦਰਜ ਕੀਤੇ ਗਏ ਮਾਮਲਿਆਂ ਵਿਚ ਨਾਮਜ਼ਦ ਪੁਲਿਸ ਅਧਿਕਾਰੀਆਂ ਵਲੋਂ ਆਪਣਾ ਬਚਾਅ ਕਰਨ ਲਈ ਸਾਲ 2001 ਤੋਂ ਲੈ ਕੇ 2022 ਤੱਕ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਰਿੱਟਾਂ ਦਾਇਰ ਕੀਤੀਆਂ ਗਈਆਂ। ਸੁਪਰੀਮ ਕੋਰਟ ਵਲੋਂ ਆਖਰ 2022 ਵਿਚ ਇਨ੍ਹਾਂ ਸਾਰੇ ਕੇਸਾਂ ਦੀ ਸੁਣਵਾਈ ਸ਼ੁਰੂ ਹੋਈ। 34 ਸਾਲ ਚੱਲੇ ਇਸ ਕੇਸ ਵਿਚ ਉਸ ਸਮੇਂ ਦੇ ਐਸ.ਐਸ.ਪੀ. ਅਜੀਤ ਸਿੰਘ ਸੰਧੂ, ਇੰਸ. ਸੂਬਾ ਸਿੰਘ, ਸਬ ਇੰਸ. ਸੁਰਿੰਦਰ ਸਿੰਘ ਅਤੇ ਜਸਵੰਤ ਸਿੰਘ ਦੀ ਵੀ ਮੌਤ ਹੋ ਗਈ, ਜਦਕਿ ਗੁਰਮੀਤ ਸਿੰਘ ਰੰਧਾਵਾ ਡੀ.ਐਸ.ਪੀ. ਤੋਂ ਤਰੱਕੀ ਲੈਂਦੇ ਹੋਏ ਐਸ.ਐਸ.ਪੀ. ਦੇ ਅਹੁਦੇ ਤੋਂ ਸੇਵਾਮੁਕਤ ਹੋਏ ਅਤੇ ਹੁਣ ਅਦਾਲਤ ਵਲੋਂ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਸਜ਼ਾ ਦਾ ਐਲਾਨ ਬਾਅਦ ਵਿਚ ਹੋਵੇਗਾ। ਸੀ.ਬੀ.ਆਈ. ਵਲੋਂ ਅਮਰੀਕ ਸਿੰਘ ਸ਼ੱਕਰੀ ਦੀ ਸੂਚਨਾ ਦੇਣ ਲਈ ਰੱਖਿਆ ਸੀ ਇਕ ਲੱਖ ਰੁਪਏ ਦਾ ਇਨਾਮ ਅਮਰੀਕ ਸਿੰਘ ਦੇ ਮਾਮਲੇ ਵਿਚ ਸੀ.ਬੀ.ਆਈ. ਵਲੋਂ 1992 ਵਿਚ ਕੇਸ ਦਰਜ ਕਰਨ ਤੋਂ ਬਾਅਦ ਅਮਰੀਕ ਸਿੰਘ ਦੀ ਸੂਚਨਾ ਦੇਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਅਮਰੀਕ ਸਿੰਘ ਦੇ ਭਤੀਜੇ ਦਿਲਬਾਗ ਸਿੰਘ ਨੇ ਇਹ ਵੀ ਦੱਸਿਆ ਕਿ ਉਸ ਸਮੇਂ ਉਸ ਦੇ ਚਾਚੇ ਨੂੰ ਮਿਲਾਉਣ ਲਈ ਜੋ ਪੁਲਿਸ ਅਧਿਕਾਰੀ ਉਸ ਨੂੰ ਸੀ.ਆਈ.ਏ. ਸਟਾਫ਼ ਲੈ ਕੇ ਗਿਆ ਸੀ, ਐਸ.ਐਸ.ਪੀ. ਅਜੀਤ ਸਿੰਘ ਸੰਧੂ ਵਲੋਂ ਉਸ ਦੇ ਖਿਲਾਫ ਨੌਕਰੀ ਤੋਂ ਬਰਖਾਸਤ ਕਰਕੇ ਐਨ.ਐਸ.ਏ. ਵਰਗੇ ਸਖ਼ਤ ਕਾਨੂੰਨ ਲਗਾਉਣ ਦੀਆਂ ਧਾਰਾਵਾਂ ਦੀ ਧਮਕੀਆਂ ਵੀ ਦਿੱਤੀਆਂ ਗਈਆਂ, ਜਿਸ ਕਾਰਨ ਉਹ ਇਸ ਨੂੰ ਸੀ.ਬੀ.ਆਈ. ਦੀ ਅਦਾਲਤ ਵਿਚ ਜਾਂ ਹੋਰ ਕਿਸੇ ਸਾਹਮਣੇ ਬਿਆਨ ਨਹੀਂ ਦੇ ਸਕਿਆ। ਉਨ੍ਹਾਂ ਉਪਰ ਰਾਜੀਨਾਵਾਂ ਕਰਨ ਦਾ ਦਬਾਅ ਪਾਇਆ ਗਿਆ ਅਤੇ ਧਮਕੀਆਂ ਵੀ ਦਿੱਤੀਆਂ ਗਈਆਂ, ਪਰ ਉਨ੍ਹਾਂ ਦਾ ਪਰਿਵਾਰ ਨਹੀਂ ਡੋਲਿਆ। ਉਨ੍ਹਾਂ ਇਹ ਵੀ ਦੱਸਿਆ ਕਿ ਜਿੰਨ੍ਹਾਂ ਵਿਅਕਤੀਆਂ ਨੇ ਤਰਨ ਤਾਰਨ ਪੁਲਿਸ ਨੂੰ ਅਮਰੀਕ ਸਿੰਘ ਸ਼ੱਕਰੀ ਸੰਬੰਧੀ ਲੁਧਿਆਣਾ ਦੇ ਇਕ ਹੋਟਲ ਵਿਚ ਉਸ ਸਮੇਂ ਹੋਣ ਦੀ ਸੂਹ ਦਿੱਤੀ ਸੀ, ਉਹ ਦੋ ਵਿਅਕਤੀ ਵੀ ਬਾਅਦ ਵਿਚ ਕਤਲ ਹੋ ਗਏ, ਜਿਸ ਦੇ ਸ਼ੱਕ ’ਤੇ ਸ਼ੱਕਰੀ ਪਰਿਵਾਰ ਉਪਰ ਕਤਲ ਦੇ ਇਲਜ਼ਾਮ ਲੱਗੇ, ਪਰ ਉਹ ਇਨ੍ਹਾਂ ਕੇਸਾਂ ਵਿਚ ਬਰੀ ਹੋ ਗਏ। ਉਨ੍ਹਾਂ ਨੂੰ 34 ਸਾਲ ਦਾ ਵੱਡਾ ਵਕਫਾ ਇਨਸਾਫ਼ ਲੈਣ ਲਈ ਅਦਾਲਤੀ ਲੜਾ ਈ ਲੜਨੀ ਪਈ ਅਤੇ ਹੁਣ ਉਨ੍ਹਾਂ ਨੂੰ ਇਹ ਹੀ ਸਕੂਨ ਹੈ ਕਿ ਇਸ ਕੇਸ ਵਿਚ ਨਾਮਜ਼ਦ ਬਚੇ ਸਾਬਕਾ ਐਸ.ਐਸ.ਪੀ. ਗੁਰਮੀਤ ਸਿੰਘ ਰੰਧਾਵਾ ਸੀ.ਬੀ.ਆਈ. ਅਦਾਲਤ ਨੇ ਦੋਸ਼ੀ ਕਰਾਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਗ਼ਲਤ ਕੰਮ ਕਰਦਾ ਹੈ ਤਾਂ ਉਸ ਦੇ ਗੁਨਾਹਾਂ ਦੀ ਸਜ਼ਾ ਉਸ ਨੂੰ ਜ਼ਰੂਰ ਮਿਲਦੀ ਹੈ, ਭਾਵੇਂ ਦੇਰੀ ਨਾਲ ਹੀ ਕਿਉਂ ਨਾ ਮਿਲੇ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦਾ ਮੋਬਾਈਲ ਫੋਨ ਖੋਲ੍ਹੇਗਾ ਹੱਤਿਆਕਾਂਡ ਤੇ ਮੈਡੀਕਲ ਨਸ਼ੇ ਦੇ ਕਾਰੋਬਾਰ ਦੇ ਹੋਰ ਰਾਜ਼ ਸੀ.ਬੀ.ਆਈ.... ਅਗਲੀ ਖ਼ਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਨੂੰ ਸਮਰਪਿਤ 2 ਦਿਨਾਂ ਖੂਨਦਾਨ ਕੈਂਪ ਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।