ਨਵੀਂ ਦਿੱਲੀ, 16 ਨਵੰਬਰ (ਪੀ.ਟੀ.ਆਈ.) : ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ 18 ਨਵੰਬਰ ਤੋਂ ਮਣੀਪੁਰ ਦੇ ਤਿੰਨ ਦਿਨਾਂ ਦੌਰੇ ’ਤੇ ਜਾਣਗੇ। ਇਸ ਦੌਰਾਨ ਉਹ ਸੂਬੇ ਵਿਚ ਸੰਘ ਵਲੋਂ ਕੀਤੇ ਜਾ ਰਹੇ ਜਥੇਬੰਦਕ ਕਾਰਜਾਂ ਤੇ ਸਮਾਜਿਕ ਗਤੀਵਿਧੀਆਂ ਦਾ ਜਾਇਜ਼ਾ ਲੈਣਗੇ। ਸੂਤਰਾਂ ਅਨੁਸਾਰ, ਭਾਗਵਤ ਆਪਣੇ ਦੌਰੇ ਦੌਰਾਨ ਆਰ.ਐੱਸ.ਐੱਸ. ਦੇ ਸ਼ਤਾਬਦੀ ਵਰ੍ਹੇ ਨਾਲ ਸਬੰਧਿਤ ਪ੍ਰੋਗਰਾਮਾਂ ਦੀ ਪ੍ਰਗਤੀ ਤੇ ਉਨ੍ਹਾਂ ਨੂੰ ਲਾਗੂ ਕਰਨ ਦੀ ਸਥਿਤੀ ਦੀ ਸਮੀਖਿਆ ਕਰਨਗੇ। ਇਸ ਤੋਂ ਇਲਾਵਾ ਉਹ ਮਣੀਪੁਰ ਵਿਚ ਸੰਘ ਵਲੋਂ ਚਲਾਏ ਜਾ ਰਹੇ ਰਾਹਤ ਤੇ ਮੁੜ ਵਸੇਬੇ ਦੇ ਕੰਮਾਂ ਦਾ ਅੰਦਰੂਨੀ ਮੁਲਾਂਕਣ ਵੀ ਕਰਨਗੇ। ਆਰ.ਐੱਸ.ਐੱਸ. ਦੇ ਮਣੀਪੁਰ ਦੇ ਜਨਰਲ ਸਕੱਤਰ ਸ਼ਿਜਾਗੁਰੁਮਾਯੁਮ ਤਰੁਣ ਕੁਮਾਰ ਸ਼ਰਮਾ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਮੋਹਨ ਭਾਗਵਤ 18 ਨਵੰਬਰ ਨੂੰ ਇੰਫਾਲ ਪਹੁੰਚਣਗੇ। ਆਪਣੇ ਤਿੰਨ ਦਿਨਾਂ ਠਹਿਰਾਅ ਦੌਰਾਨ ਉਹ ਸੂਬੇ ਵਿਚ ਸੰਘ ਦੇ ਕਾਰਕੁੰਨਾਂ ਨਾਲ ਮੁਲਾਕਾਤ ਕਰਨਗੇ ਤੇ ਉਨ੍ਹਾਂ ਨੂੰ ਸੇਵਾ ਕਾਰਜਾਂ ਨੂੰ ਹੋਰ ਵਧਾਉਣ ਲਈ ਪ੍ਰੇਰਿਤ ਕਰਨਗੇ। ਜ਼ਿਕਰਯੋਗ ਹੈ ਕਿ ਸਾਲ 2023 ਵਿਚ ਮਣੀਪੁਰ ਵਿਚ ਭੜਕੀ ਨਸਲੀ ਹਿੰਸਾ ਤੋਂ ਬਾਅਦ ਮੋਹਨ ਭਾਗਵਤ ਦਾ ਇਹ ਦੂਜਾ ਦੌਰਾ ਹੋਵੇਗਾ। ਇਸ ਦੌਰੇ ਨੂੰ ਹਿੰਸਾ ਪ੍ਰਭਾਵਿਤ ਲੋਕਾਂ ਲਈ ਚਲਾਏ ਜਾ ਰਹੇ ਰਾਹਤ ਤੇ ਮੁੜ ਵਸੇਬੇ ਦੇ ਯਤਨਾਂ ਦੇ ਪੱਖੋਂ ਵੀ ਅਹਿਮ ਮੰਨਿਆ ਜਾ ਰਿਹਾ ਹੈ।