ਪਾਕਿਸਤਾਨ ’ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਮੁਕੰਮਲ ਭਲਕੇ 3 ਹਜ਼ਾਰ ਭਾਰਤੀ ਸ਼ਰਧਾਲੂ ਵਾਹਗਾ ਸਰਹੱਦ ਰਸਤੇ ਪਹੁੰਚਣਗੇ ਪਾਕਿ
ਅੰਮ੍ਰਿਤਸਰ, 20 ਨਵੰਬਰ (ਸੁਰਿੰਦਰ ਕੋਛੜ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ’ਚ ਸ਼ਿਰਕਤ ਕਰਨ ਲਈ ਭਾਰਤ ਤੋਂ ਲਗਪਗ 3,000 ਸਿੱਖ ਸ਼ਰਧਾਲੂ 22 ਨਵੰਬਰ ਨੂੰ ਵਾਹਗਾ ਸਰਹੱਦ ਦੇ ਰਸਤੇ ਪਾਕਿਸਤਾਨ ਪਹੁੰਚਣਗੇ। ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈ.
ਅੰਮ੍ਰਿਤਸਰ, 20 ਨਵੰਬਰ (ਸੁਰਿੰਦਰ ਕੋਛੜ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ’ਚ ਸ਼ਿਰਕਤ ਕਰਨ ਲਈ ਭਾਰਤ ਤੋਂ ਲਗਪਗ 3,000 ਸਿੱਖ ਸ਼ਰਧਾਲੂ 22 ਨਵੰਬਰ ਨੂੰ ਵਾਹਗਾ ਸਰਹੱਦ ਦੇ ਰਸਤੇ ਪਾਕਿਸਤਾਨ ਪਹੁੰਚਣਗੇ। ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਦੇ ਪ੍ਰਬੰਧਾਂ ਹੇਠ ਹੋਣ ਵਾਲੇ ਇਨ੍ਹਾਂ ਸਮਾਗਮਾਂ ਦੀਆਂ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਬੋਰਡ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਵਾਹਗਾ ਸਰਹੱਦ ’ਤੇ ਈ. ਟੀ. ਪੀ. ਬੀ. ਦੇ ਸਕੱਤਰ ਨਾਸਿਰ ਮੁਸ਼ਤਾਕ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਸਮੇਤ ਹੋਰ ਉੱਚ ਅਧਿਕਾਰੀ ਭਾਰਤੀ ਸਿੱਖ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕਰਨਗੇ। ਉਕਤ ਬਿਆਨ ਵਿਚ ਦੱਸਿਆ ਗਿਆ ਹੈ ਕਿ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ 24 ਨਵੰਬਰ ਨੂੰ ਗੁਰਦੁਆਰਾ ਸ੍ਰੀ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਵੇਗਾ। ਇਸ ’ਚ ਸੰਘੀ ਮੰਤਰੀ ਸਰਦਾਰ ਮੁਹੰਮਦ ਯੂਸਫ਼ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਈ. ਟੀ. ਪੀ. ਬੀ. ਦੇ ਚੇਅਰਮੈਨ ਕਮਰ-ਉਜ਼-ਜ਼ਮਾਨ, ਰਮੇਸ਼ ਸਿੰਘ ਅਰੋੜਾ ਅਤੇ ਹੋਰ ਸੰਘੀ ਤੇ ਸੂਬਾਈ ਮੰਤਰੀ ਵੀ ਹਾਜ਼ਰ ਰਹਿਣਗੇ। ਬੋਰਡ ਵਲੋਂ ਪਾਕਿ ਗੁਰਦੁਆਰਾ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ਰਧਾਲੂਆਂ ਦੀ ਮਹਿਮਾਨਨਿਵਾਜ਼ੀ ਲਈ ਵਿਸ਼ੇਸ਼ ਕਦਮ ਚੁੱਕੇ ਗਏ ਹਨ। ਯਾਤਰੀਆਂ ਦੀ ਸਹੂਲਤ ਲਈ ਆਧੁਨਿਕ ਮੈਡੀਕਲ ਕੈਂਪ, ਵਿਸ਼ਾਲ ਲੰਗਰ, ਮਿਆਰੀ ਰਿਹਾਇਸ਼, ਸਖ਼ਤ ਸੁਰੱਖਿਆ ਅਤੇ ਆਰਾਮਦਾਇਕ ਸਫ਼ਰੀ ਸਾਧਨਾਂ ਦਾ ਪੁਖ਼ਤਾ ਬੰਦੋਬਸਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 22 ਨਵੰਬਰ ਨੂੰ ਸ਼ਰਧਾਲੂ ਵਾਹਗਾ ਸਰਹੱਦ ਰਸਤੇ ਪਾਕਿ ਪਹੁੰਚਣਗੇ ਅਤੇ ਉੱਥੋਂ ਸਿੱਧਾ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਣਗੇ। 23 ਨਵੰਬਰ ਨੂੰ ਸੰਗਤ ਸ੍ਰੀ ਨਨਕਾਣਾ ਸਾਹਿਬ ਵਿਖੇ ਸਥਿਤ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ-ਦੀਦਾਰੇ ਕਰੇਗੀ ਅਤੇ 24 ਨਵੰਬਰ ਨੂੰ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਮੁੱਖ ਸਮਾਗਮ ਹੋਵੇਗਾ, ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਨਗਰ ਕੀਰਤਨ ਸਜਾਇਆ ਜਾਵੇਗਾ। 25 ਨਵੰਬਰ ਨੂੰ ਸ਼ਰਧਾਲੂ ਗੁਰਦੁਆਰਾ ਸੱਚਾ ਸੌਦਾ (ਫ਼ਾਰੂਕਾਬਾਦ) ਦੇ ਦਰਸ਼ਨ ਕਰਦੇ ਹੋਏ ਹਸਨ ਅਬਦਾਲ ਲਈ ਰਵਾਨਾ ਹੋਣਗੇ ਅਤੇ ਰਾਤ ਦਾ ਠਹਿਰਾਅ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਕਰਨਗੇ। 27 ਨਵੰਬਰ ਨੂੰ ਸ ੰਗਤਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ (ਨਾਰੋਵਾਲ) ਪਹੁੰਚਣਗੀਆਂ ਅਤੇ ਰਾਤ ਉੱਥੇ ਹੀ ਵਿਸ਼ਰਾਮ ਕਰਨਗੀਆਂ। 28 ਨਵੰਬਰ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਨਾਰੋਵਾਲ ਵਿਖੇ ਕਬੱਡੀ ਮੈਚ ਕਰਵਾਇਆ ਜਾਵੇਗਾ। ਇਸ ਉਪਰੰਤ ਸ਼ਰਧਾਲੂ ਲਾਹੌਰ ਲਈ ਰਵਾਨਾ ਹੋਣਗੇ ਅਤੇ ਰਾਤ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਲਾਹੌਰ ਵਿਖੇ ਠਹਿਰਨਗੇ। 29 ਅਤੇ 30 ਨਵੰਬਰ ਨੂੰ ਸ਼ਰਧਾਲੂ ਲਾਹੌਰ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਕਰਨਗੇ ਅਤੇ 1 ਦਸੰਬਰ ਨੂੰ ਸਮੂਹ ਸ਼ਰਧਾਲੂ ਵਾਹਗਾ ਸਰਹੱਦ ਰਾਹੀਂ ਸੜਕ ਮਾਰਗ ਰਸਤੇ ਵਾਪਸ ਭਾਰਤ ਪਰਤ ਆਉਣਗੇ।