ਚੰਡੀਗੜ੍ਹ, 26 ਨਵੰਬਰ-ਪੰਜਾਬ ਦੀ ਸਿਆਸਤ ਵਿਚ ਅਕਾਲੀ ਦਲ ਅਤੇ ਭਾਜਪਾ ਦੀ ਮੁੜ ਸਾਂਝ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਨਵੇਂ ਸਿਆਸੀ ਸਮੀਕਰਨਾਂ ਦੀ ਚਰਚਾ ਛੇੜ ਦਿੱਤੀ ਹੈ। ਲੰਬੇ ਸਮੇਂ ਤੱਕ ਇਕੱਠੇ ਚੋਣਾਂ ਲੜਨ ਵਾਲੀਆਂ ਦੋਵਾਂ ਪਾਰਟੀਆਂ ਦੇ ਵੱਖ ਹੋਣ ਤੋਂ ਬਾਅਦ ਸਿਆਸੀ ਤੌਰ ‘ਤੇ ਕਾਫ਼ੀ ਕੁਝ ਬਦਲਿਆ ਹੈ ਪਰ ਹੁਣ ਮੁੜ ਗੱਠਜੋੜ ਬਣਨ ਨਾਲ ਵੋਟਾਂ ਦੀ ਵੰਡ ਅਤੇ ਸੀਟਾਂ ਦੀ ਜਿੱਤ-ਹਾਰ ਦਾ ਗਣਿਤ ਨਵੇਂ ਸਿਰੇ ਤੋਂ ਵਿਚਾਰਿਆ ਜਾਣ ਲੱਗਾ ਹੈ। 2024 ਦੀਆਂ ਲੋਕ ਸਭਾ ਚੋਣਾਂ ਦੇ ਅੰਕੜਿਆਂ ਮੁਤਾਬਿਕ ਦੋਵਾਂ ਪਾਰਟੀਆਂ ਦੀਆਂ ਵੋਟਾਂ ਇਕੱਠੀਆਂ ਹੋਣ ਨਾਲ 117 ’ਚੋਂ 58 ਵਿਧਾਨ ਸਭਾ ਹਲਕਿਆਂ ਵਿਚ ਚੜ੍ਹਤ ਬਣਨ ਦੀ ਸੰਭਾਵਨਾ ਸਾਹਮਣੇ ਆਈ ਸੀ। ਇਸ ਤਰ੍ਹਾਂ 59 ਸੀਟਾਂ ਦੇ ਬਹੁਮਤ ਦੇ ਅੰਕੜੇ ਤੋਂ ਗੱਠਜੋੜ ਸਿਰਫ਼ ਇਕ ਸੀਟ ਪਿੱਛੇ ਰਹਿ ਜਾਂਦਾ। ਸਾਲ 2024 ਦੀਆਂ ਲੋਕ ਸਭਾ ਚੋਣਾਂ ਦੇ ਵਿਧਾਨ ਸਭਾ ਹਲਕਾ ਪੱਧਰੀ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਭਾਜਪਾ ਨੇ ਇਕੱਲਿਆਂ 23 ਅਤੇ ਸ਼੍ਰੋਮਣੀ ਅਕਾਲੀ ਦਲ ਨੇ 9 ਹਲਕਿਆਂ ਵਿਚ ਚੜ੍ਹਤ ਹਾਸਲ ਕੀਤੀ ਸੀ। ਦੋਵਾਂ ਪਾਰਟੀਆਂ ਦੀਆਂ ਵੋਟਾਂ ਨੂੰ ਹਲਕਾਵਾਰ ਜੋੜਨ ’ਤੇ ਇਹ ਗਿਣਤੀ ਵਧ ਕੇ 58 ਹੋ ਜਾਂਦੀ ਹੈ। ਇਸ ਤਰ੍ਹਾਂ ਗਠਜੋੜ ਨੂੰ 26 ਹੋਰ ਹਲਕਿਆਂ ਵਿਚ ਸੰਭਾਵਿਤ ਬੜ੍ਹਤ ਮਿਲ ਸਕਦੀ ਸੀ। ਇਨ੍ਹਾਂ ’ਚੋਂ 12 ਹਲਕੇ ਕਾਂਗਰਸ ਅਤੇ 12 ਆਮ ਆਦਮੀ ਪਾਰਟੀ ਦੇ ਖਾਤੇ ਵਾਲੇ ਸਨ, ਜਦਕਿ ਦੋ ਹਲਕਿਆਂ ਵਿਚ ਆਜ਼ਾਦ ਉਮੀਦਵਾਰਾਂ ਦੀ ਬੜ੍ਹਤ ਪ੍ਰਭਾਵਿਤ ਹੋ ਸਕਦੀ ਸੀ। ਜਲਾਲਾਬਾਦ, ਮੁਕਤਸਰ ਤੇ ਖਰੜ ਵਿਚ ਸਭ ਤੋਂ ਵੱਧ ਚੜ੍ਹਤ ਦੀ ਸੰਭਾਵਨਾ ਵੋਟਾਂ ਦੇ ਸਾਂਝੇ ਗਣਿਤ ਵਿਚ ਕੁਝ ਹਲਕੇ ਅਜਿਹੇ ਸਾਹਮਣੇ ਆਏ ਹਨ, ਜਿੱਥੇ ਦੋਵਾਂ ਪਾਰਟੀਆਂ ਦੀਆਂ ਵੋਟਾਂ ਜੋੜਨ ਨਾਲ ਵਿਰੋਧੀ ਉਮੀਦਵਾਰਾਂ ਦੇ ਮੁਕਾਬਲੇ ਕਾਫ਼ੀ ਵੱਡੀ ਚੜ੍ਹਤ ਬਣ ਸਕਦੀ ਸੀ। ਜਲਾਲਾਬਾਦ ਵਿਚ ਇਹ ਸੰਭਾਵਿਤ ਬੜ੍ਹਤ 17,319 ਵੋਟਾਂ ਦੀ ਬਣਦੀ ਸੀ, ਜਦਕਿ ਮੁਕਤਸਰ ਵਿਚ 14,896 ਅਤੇ ਖਰੜ ਵਿਚ 11,423 ਵੋਟਾਂ ਦਾ ਫ਼ਰਕ ਬਣਦਾ ਸੀ। ਇਨ੍ਹਾਂ ਤੋਂ ਇਲਾਵਾ 10 ਹਲਕਿਆਂ ਵਿਚ ਸਾਂਝੀ ਚੜ੍ਹਤ 7 ਹਜ਼ਾਰ ਤੋਂ ਵੱਧ ਵੋਟਾਂ ਦੀ ਹੋ ਸਕਦੀ ਸੀ। ਇਸ ਤਰ੍ਹਾਂ ਮਾਲਵਾ ਅਤੇ ਦੁਆਬਾ ਖੇਤਰ ਦੇ ਕਈ ਹਲਕਿਆਂ ਵਿਚ ਦੋਵਾਂ ਪਾਰਟੀਆਂ ਦੀ ਸਾਂਝ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ। ਮਾਲਵਾ ਖੇਤਰ ਵਿਚ ਬਦਲ ਸਕਦੇ ਹਨ ਸਿਆਸੀ ਸਮੀਕਰਨ ਪੰਜਾਬ ਦੇ ਮਾਲਵਾ ਖੇਤਰ ਵਿਚ ਵਿਧਾਨ ਸਭਾ ਦੀਆਂ 69 ਸੀਟਾਂ ਹਨ ਅਤੇ ਇਹ ਖੇਤਰ ਕਿਸੇ ਵੀ ਪਾਰਟੀ ਲਈ ਸਰਕਾਰ ਬਣਾਉਣ ਦੇ ਲਿਹਾਜ਼ ਨਾਲ ਬੇਹੱਦ ਅਹਿਮ ਮੰਨਿਆ ਜਾਂਦਾ ਹੈ। 2024 ਦੀਆਂ ਲੋਕ ਸਭਾ ਚੋਣਾਂ ਦੇ ਅੰਕੜਿਆਂ ਅਨੁਸਾਰ ਇਸ ਖੇਤਰ ਵਿਚ ਦੋਵਾਂ ਪਾਰਟੀਆਂ ਦੀਆਂ ਵੋਟਾਂ ਜੋੜਨ ਨਾਲ 20 ਤੋਂ ਵਧ ਕੇ 40 ਹਲਕਿਆਂ ਵਿਚ ਬੜ੍ਹਤ ਬਣਨ ਦੀ ਸੰਭਾਵਨਾ ਸਾਹਮਣੇ ਆਈ ਸੀ। ਖ਼ਾਸ ਤੌਰ ’ਤੇ ਜਲਾਲਾਬਾਦ ਅਤੇ ਮੁਕਤਸਰ ਵਰਗੇ ਹਲਕਿਆਂ ਵਿਚ ਅਕਾਲੀ ਦਲ ਦਾ ਰਵਾਇਤੀ ਆਧਾਰ ਅਤੇ ਭਾਜਪਾ ਦੀਆਂ ਵੋਟਾਂ ਦਾ ਜੋੜ ਮਹੱਤਵਪੂਰਨ ਹੋ ਸਕਦਾ ਹੈ। ਮਾਝਾ ਅਤੇ ਦੁਆਬਾ ਖੇਤਰਾਂ ਵਿਚ ਵੀ ਦੋਵਾਂ ਪਾਰਟੀਆਂ ਦੀ ਸਾਂਝ ਅਹਿਮ ਹੋ ਸਕਦੀ ਹੈ। ਭਾਜਪਾ ਦਾ ਸ਼ਹਿਰੀ ਖੇਤਰਾਂ ਵਿਚ ਆਪਣਾ ਵੋਟ ਆਧਾਰ ਹੈ, ਜਦਕਿ ਅਕਾਲੀ ਦਲ ਦਾ ਰਵਾਇਤੀ ਪੇਂਡੂ ਅਤੇ ਪੰਥਕ ਵੋਟ ਬੈਂਕ ਰਿਹਾ ਹੈ। ਦੋਵਾਂ ਦੀ ਸਾਂਝ ਨਾਲ ਸ਼ਹਿਰੀ ਅਤੇ ਪੇਂਡੂ ਵੋਟਾਂ ਦਾ ਇਕੱਠਾ ਹੋਣਾ ਕਈ ਹਲਕਿਆਂ ਵਿਚ ਚੋਣ ਮੁਕਾਬਲੇ ਦੀ ਤਸਵੀਰ ਬਦਲ ਸਕਦਾ ਹੈ। ਵੋਟ ਫ਼ੀਸਦੀ ਵਿਚ ਵੀ ਦੋਵਾਂ ਦਾ ਸਾਂਝਾ ਆਧਾਰ ਮਜ਼ਬੂਤ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਪੰਜਾਬ ਵਿਚ 18.56 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਸਨ, ਜਦਕਿ ਅਕਾਲੀ ਦਲ ਦੇ ਹਿੱਸੇ 13.41 ਫ਼ੀਸਦੀ ਵੋਟਾਂ ਆਈਆਂ ਸਨ। ਇਸ ਤਰ੍ਹਾਂ ਦੋਵਾਂ ਦਾ ਸਾਂਝਾ ਵੋਟ ਫ਼ੀਸਦੀ ਲਗਪਗ 32 ਬਣਦਾ ਹੈ, ਜੋ ਕਾਂਗਰਸ ਦੇ 26.31 ਫ਼ੀਸਦੀ ਅਤੇ ਆਮ ਆਦਮੀ ਪਾਰਟੀ ਦੇ 26.03 ਫ਼ੀਸਦੀ ਵੋਟ ਫ਼ੀਸਦੀ ਤੋਂ ਵੱਧ ਸੀ। ਹਾਲਾਂਕਿ ਲੋਕ ਸਭਾ ਚੋਣਾਂ ਵਿਚ ਹਾਸਲ ਕੀਤੇ ਵੋਟ ਫ਼ੀਸਦੀ ਨੂੰ ਵਿਧਾਨ ਸਭਾ ਚੋਣਾਂ ਵਿਚ ਵੀ ਉਸੇ ਰੂਪ ਵਿਚ ਬਰਕਰਾਰ ਰੱਖਣਾ ਆਸਾਨ ਨਹੀਂ ਹੋਵੇਗਾ। ਸੀਟਾਂ ਦੀ ਵੰਡ ਬਣੇਗੀ ਗੱਠਜੋੜ ਲਈ ਵੱਡੀ ਪਰਖ ਗੱਠਜੋੜ ਦੇ ਐਲਾਨ ਤੋਂ ਬਾਅਦ ਹੁਣ ਸਭ ਤੋਂ ਵੱਡਾ ਸਵਾਲ ਸੀਟਾਂ ਦੀ ਵੰਡ ਦਾ ਹੈ। ਪਿਛਲੇ ਗੱਠਜੋੜ ਦੌਰਾਨ ਅਕਾਲੀ ਦਲ 94 ਅਤੇ ਭਾਜਪਾ 23 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਦੀ ਰਹੀ ਹੈ ਪਰ ਇਸ ਵਾਰ ਭਾਜਪਾ ਦਾ ਵਧਿਆ ਹੋਇਆ ਵੋਟ ਫ਼ੀਸਦੀ ਅਤੇ ਸੂਬੇ ਵਿਚ ਆਪਣਾ ਸਿਆਸੀ ਆਧਾਰ ਵਧਾਉਣ ਦੀ ਇੱਛਾ ਸੀਟਾਂ ਦੀ ਵੰਡ ਦੇ ਸਮੀਕਰਨ ਨੂੰ ਪ੍ਰਭਾਵਿਤ ਕਰ ਸਕਦੀ ਹੈ। ਭਾਜਪਾ ਵਲੋਂ ਵਧੇਰੇ ਸੀਟਾਂ ‘ਤੇ ਚੋਣ ਲੜਨ ਦੀ ਇੱਛਾ ਪ੍ਰਗਟਾਈ ਜਾ ਰਹੀ ਹੈ, ਜਦਕਿ ਅਕਾਲੀ ਦਲ ਆਪਣੇ ਰਵਾਇਤੀ ਹਲਕਿਆਂ ਅਤੇ ਸਿਆਸੀ ਆਧਾਰ ਨੂੰ ਧਿਆਨ ਵਿਚ ਰੱਖਦਿਆਂ ਸੀਟਾਂ ਦੀ ਵੰਡ ਚਾਹੇਗਾ। ਇਸ ਲਈ ਦੋਵਾਂ ਪਾਰਟੀਆਂ ਵਿਚਾਲੇ ਸਹਿਮਤੀ ਬਣਾਉਣਾ ਵੀ ਅਹਿਮ ਹੋਵੇਗਾ। ਕਿਸਾਨੀ ਤੇ ਪੰਥਕ ਮੁੱਦੇ ਵੀ ਰਹਿਣਗੇ ਚੁਣੌਤੀ ਦੋਵਾਂ ਪਾਰਟੀਆਂ ਦੇ ਮੁੜ ਇਕੱਠੇ ਹੋਣ ਦੇ ਬਾਵਜੂਦ ਕਿਸਾਨੀ ਅਤੇ ਪੰਥਕ ਮੁੱਦੇ ਗੱਠਜੋੜ ਲਈ ਚੁਣੌਤੀ ਬਣ ਸਕਦੇ ਹਨ। ਸਾਲ 2020 ਵਿਚ ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਅਕਾਲੀ ਦਲ ਨੇ ਭਾਜਪਾ ਨਾਲੋਂ ਗੱਠਜੋੜ ਤੋੜ ਲਿਆ ਸੀ। ਇਸ ਤੋਂ ਬਾਅਦ ਕਿਸਾਨ ਅੰਦੋਲਨ ਅਤੇ ਪੰਜਾਬ ਨਾਲ ਜੁੜੇ ਹੋਰ ਮੁੱਦਿਆਂ ‘ਤੇ ਦੋਵਾਂ ਪਾਰਟੀਆਂ ਦੇ ਸਿਆਸੀ ਰਾਹ ਵੱਖਰੇ ਰਹੇ। ਹੁਣ ਮੁੜ ਸਾਂਝ ਬਣਨ ਤੋਂ ਬਾਅਦ ਪੇਂਡੂ ਵੋਟਰਾਂ ਅਤੇ ਕਿਸਾਨ ਜਥੇਬੰਦੀਆਂ ਦੀ ਪ੍ਰਤੀਕਿਰਿਆ ਵੀ ਚੋਣ ਸਮੀਕਰਨਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। 58 ਹਲਕਿਆਂ ਦੀ ਬੜ੍ਹਤ ਨੂੰ ਜਿੱਤ ਵਿਚ ਬਦਲਣਾ ਹੋਵੇਗੀ ਅਸਲ ਚੁਣੌਤੀ ਕੁੱਲ ਮਿਲਾ ਕੇ 2024 ਦੀਆਂ ਲੋਕ ਸਭਾ ਚੋਣਾਂ ਦੇ ਅੰਕੜੇ ਅਕਾਲੀ-ਭਾਜਪਾ ਗੱਠਜੋੜ ਲਈ ਸੰਭਾਵਨਾਵਾਂ ਤਾਂ ਪੇਸ਼ ਕਰਦੇ ਹਨ, ਪਰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਸਲ ਤਸਵੀਰ ਸੀਟਾਂ ਦੀ ਵੰਡ, ਉਮੀਦਵਾਰਾਂ ਦੀ ਚੋਣ, ਸਥਾਨਕ ਮੁੱਦਿਆਂ ਅਤੇ ਵੋਟਾਂ ਦੇ ਤਬਾਦਲੇ ‘ਤੇ ਨਿਰਭਰ ਕਰੇਗੀ। ਜਲਾਲਾਬਾਦ, ਮੁਕਤਸਰ ਅਤੇ ਖਰੜ ਵਰਗੇ ਹਲਕਿਆਂ ਵਿਚ ਸਾਹਮਣੇ ਆਈ ਸੰਭਾਵਿਤ ਬੜ੍ਹਤ ਤੋਂ ਇਲਾਵਾ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਦੇ ਸ਼ਹਿਰੀ ਹਲਕਿਆਂ ਵਿਚ ਵੀ ਗੱਠਜੋੜ ਦੀ ਸਥਿਤੀ ਅਹਿਮ ਰਹਿ ਸਕਦੀ ਹੈ। ਹੁਣ ਦੇਖਣਾ ਹੋਵੇਗਾ ਕਿ ਦੋਵੇਂ ਪਾਰਟੀਆਂ ਆਪਣੇ ਸਾਂਝੇ ਵੋਟ ਬੈਂਕ ਨੂੰ ਕਿੰਨੀ ਹੱਦ ਤੱਕ ਇਕੱਠਾ ਕਰ ਸਕਦੀਆਂ ਹਨ।
ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਦੇ ਸ਼ਹਿਰੀ ਹਲਕਿਆਂ ’ਤੇ ਭਾਜਪਾ ਦੀ ਨਜ਼ਰ
ਭਾਜਪਾ ਦਾ ਰਵਾਇਤੀ ਆਧਾਰ ਸ਼ਹਿਰੀ ਖੇਤਰਾਂ ਵਿਚ ਰਿਹਾ ਹੈ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਪਾਰਟੀ ਨੇ ਕਈ ਸ਼ਹਿਰੀ ਹਲਕਿਆਂ ਵਿਚ ਚੜ੍ਹਤ ਹਾਸਲ ਕੀਤੀ ਸੀ। ਲੁਧਿਆਣਾ ਦੇ ਪੰਜ ਵਿਧਾਨ ਸਭਾ ਹਲਕਿਆਂ ਵਿਚ ਭਾਜਪਾ ਪਹਿਲੇ ਸਥਾਨ ’ਤੇ ਰਹੀ ਸੀ। ਇਸੇ ਤਰ੍ਹਾਂ ਜਲੰਧਰ ਉੱਤਰੀ ਤੇ ਕੇਂਦਰੀ, ਅੰਮ੍ਰਿਤਸਰ ਉੱਤਰੀ, ਕੇਂਦਰੀ ਤੇ ਪੂਰਬੀ, ਪਟਿਆਲਾ, ਰਾਜਪੁਰਾ ਅਤੇ ਡੇਰਾਬੱਸੀ ਵਰਗੇ ਹਲਕਿਆਂ ਵਿਚ ਵੀ ਭਾਜਪਾ ਨੇ ਆਪਣੀ ਸਥਿਤੀ ਦਿਖਾਈ ਸੀ। ਇਸ ਤੋਂ ਇਲਾਵਾ ਪਠਾਨਕੋਟ, ਸੁਜਾਨਪੁਰ, ਭੋਆ, ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ, ਫਿਰੋਜ਼ਪੁਰ ਸ਼ਹਿਰੀ, ਅਬੋਹਰ ਅਤੇ ਬੱਲੂਆਣਾ ਵਰਗੇ ਹਲਕਿਆਂ ਵਿਚ ਵੀ ਭਾਜਪਾ ਦੀ ਚੋਣ ਮੌਜੂਦਗੀ ਸਾਹਮਣੇ ਆਈ ਸੀ। ਹੁਣ ਅਕਾਲੀ ਦਲ ਨਾਲ ਮੁੜ ਗੱਠਜੋੜ ਹੋਣ ਕਾਰਨ ਇਨ੍ਹਾਂ ਹਲਕਿਆਂ ਵਿਚ ਪਾਰਟੀ ਨੂੰ ਅਕਾਲੀ ਵੋਟਾਂ ਦਾ ਲਾਭ ਮਿਲਣ ਦੀ ਉਮੀਦ ਹੋ ਸਕਦੀ ਹੈ। ਦੂਜੇ ਪਾਸੇ ਅਕਾਲੀ ਦਲ ਨੂੰ ਵੀ ਆਪਣੇ ਰਵਾਇਤੀ ਪੇਂਡੂ ਵੋਟ ਬੈਂਕ ਦੇ ਨਾਲ ਭਾਜਪਾ ਦੇ ਸ਼ਹਿਰੀ ਸਮਰਥਨ ਦਾ ਫ਼ਾਇਦਾ ਮਿਲ ਸਕਦਾ ਹੈ।