29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸ੍ਰੀ ਚਮਕੌਰ ਸਾਹਿਬ ਤੋਂ ‘ ਆਪ ’ ਦੇ ਵਿਧਾਇਕ ਦਾ ਸ਼੍ਰੋਮਣੀ ਅਕਾਲੀ ਦਲ ( ਬ ) ’ ਚ ਸ਼ਾਮਿਲ ਹੋਣ ਉਪਰੰਤ ਹਰਮੋਹਨ ਸਿੰਘ ਸੰਧੂ ਦੀ ਮੁੜ ਤੋਂ ਬਲੀ ਦਾ ਬੱਕਰਾ ਬਣਨ ਦੀ ਬਣੀ ਸੰਭਾਵਨਾ

ਸ੍ਰੀ ਚਮਕੌਰ ਸਾਹਿਬ, 29 ਨਵੰਬਰ (ਜਗਮੋਹਣ ਸਿੰਘ ਨਾਰੰਗ)- ਆਮ ਆਦਮੀ ਪਾਰਟੀ ਵਲੋਂ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ: ਚਰਨਜੀਤ ਸਿੰਘ ਦੀ ਟਿਕਟ ਕੱਟ ਕੇ ਐਸ. ਸੀ.

ਚਰਨਜੀਤ ਸਿੰਘ ਚੰਨੀ, ਜਸਵੀਰ ਸਿੰਘ ਗੜ੍ਹੀ, ਡਾ. ਚਰਨਜੀਤ ਸਿੰਘ, ਹਰਮੋਹਨ ਸਿੰਘ ਸੰਧੂ। 30-11-2026
ਸ੍ਰੀ ਚਮਕੌਰ ਸਾਹਿਬ, 29 ਨਵੰਬਰ (ਜਗਮੋਹਣ ਸਿੰਘ ਨਾਰੰਗ)- ਆਮ ਆਦਮੀ ਪਾਰਟੀ ਵਲੋਂ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ: ਚਰਨਜੀਤ ਸਿੰਘ ਦੀ ਟਿਕਟ ਕੱਟ ਕੇ ਐਸ.ਸੀ. ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਸ੍ਰੀ ਚਮਕੌਰ ਸਾਹਿਬ ਤੋਂ ਟਿਕਟ ਐਲਾਨੇ ਜਾਣ ਤੋਂ ਬਾਅਦ ਪੈਦਾ ਹੋਏ ਹਾਲਾਤ ਉਪਰੰਤ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਦੇ ਝਾੜੂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਿਲ ਹੋਣ ਨਾਲ ਹੁਣ ਸਾਬਕਾ ਪੁਲਿਸ ਅਧਿਕਾਰੀ ਅਤੇ ਅਕਾਲੀ ਦਲ (ਬ) ਵਲੋਂ ਹੁਣ ਲਗਾਏ ਗਏ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ ਨੂੰ ਮੁੜ ਬਲੀ ਦਾ ਬੱਕਰਾ ਬਣਾ ਕੇ ਡਾ: ਚਰਨਜੀਤ ਸਿੰਘ ਨੂੰ ਸ੍ਰੀ ਚਮਕੌਰ ਸਾਹਿਬ ਤੋਂ ਚੋਣ ਲੜਾਏ ਜਾਣ ਦੀ ਸੰਭਾਵਨਾ ਬਣ ਗਈ ਹੈ। ਪਿਛਲਿਆਂ 2022 ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦਾ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਹੋਣ ਕਾਰਨ ਸ੍ਰੀ ਚਮਕੌਰ ਸਾਹਿਬ ਦੀ ਸੀਟ ਬਸਪਾ ਲਈ ਛੱਡ ਦਿੱਤੀ ਗਈ ਸੀ ਤੇ ਉਦੋਂ ਹਰਮੋਹਣ ਸਿੰਘ ਸੰਧੂ ਨੂੰ ਬਸਪਾ ਵਿਚ ਸ਼ਾਮਿਲ ਕਰਕੇ ਬਸਪਾ ਤੋਂ ਚੋਣ ਲੜਾਈ ਗਈ, ਜਿਸ ਵਿਚ ਇਹ ਚੋਣ ਹਾਰ ਗਏ ਅਤੇ ਬਾਅਦ ’ਚ ਉਹ ਅਕਾਲੀ ਦਲ (ਬ) ’ਚ ਸ਼ਾਮਿਲ ਹੋ ਗਏ ਸੀ। 5 ਵਾਰ ਹਲਕੇ ਤੋਂ ਵਿਧਾਇਕ ਰਹੇ ਮਰਹੂਮ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਦੇ ਸਪੁੱਤਰ ਹਰਮੋਹਣ ਸਿੰਘ ਸੰਧੂ ਜੋ ਪੰਜਾਬ ਪੁਲਿਸ ਵਿਚ ਐਸ.ਐਸ.ਪੀ. ਦੇ ਰੈਂਕ ਤੋਂ ਅਸਤੀਫ਼ਾ ਦੇ ਕੇ ਰਾਜਨੀਤੀ ਵਿਚ ਆਏ ਪਰ ਰਾਜਨੀਤੀ ਸੰਧੂ ਨੂੰ ਰਾਸ ਨਹੀਂ ਆ ਰਹੀ। ਚਮਕੌਰ ਸਾਹਿਬ ਜਿਸ ਨੂੰ ਹਮੇਸ਼ਾ ਪੰਥਕ ਹਲਕਾ ਮੰਨਿਆ ਜਾਂਦਾ ਸੀ, ਪਰ 2007 ਵਿਚ ਚਰਨਜੀਤ ਸਿੰਘ ਚੰਨੀ (ਸਾਬਕਾ ਮੁੱਖ ਮੰਤਰੀ) ਵਲੋਂ ਹਲਕੇ ਤੋਂ ਆਜ਼ਾਦ ਤੌਰ ’ਤੇ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ ਤੇ ਉਦੋਂ ਤੋਂ ਹੀ ਹਲਕੇ ਦੀ ਤਸਵੀਰ ਬਦਲ ਗਈ। ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ’ਚ ਹੋਏ ਗੱਠਜੋੜ ਤੋਂ ਬਾਅਦ ਹੁਣ ਜੇਕਰ ਇਹ ਹਲਕਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਿੱਸੇ ਆਉਂਦਾ ਹੈ ਤਾਂ ਡਾ. ਚਰਨਜੀਤ ਸਿੰਘ ਨੂੰ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਜ਼ਿਆਦਾ ਹੈ, ਕਿਉਂਕਿ ਆਮ ਆਦਮੀ ਪਾਰਟੀ ਵਲੋਂ ਜਸਵੀਰ ਸਿੰਘ ਗੜ੍ਹੀ ਨੂੰ ਹਲਕਾ ਇੰਚਾਰਜ ਲਗਾਏ ਜਾਣ ਤੋ ਬਾਅਦ ਡਾ: ਚਰਨਜੀਤ ਸਿੰਘ ਵਾਰ ਵਾਰ ਇਹ ਦਾਅਵਾ ਕਰ ਰਹੇ ਹਨ ਕਿ ਸਾਬਕਾ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਲਈ ਗਿੱਦੜ-ਸਿੰਗੀ ਸਿਰਫ਼ ਉਨ੍ਹਾਂ ਕੋਲ ਹੀ ਹੈ ਤੇ ਟਿਕਟ ਮਿਲਣ ਦੀ ਸੂਰਤ ਵਿਚ ਹੀ ਡਾ: ਚਰਨਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਿਲ ਹੋਏ ਹਨ। ਭਾਵੇਂ ਅਗਲੇ ਹਾਲਾਤ ਕੁੱਝ ਵੀ ਹੋਣ ਪਰ ਹਲਕੇ ਅੰਦਰ ਚਰਚਾਵਾਂ ਦਾ ਦੌਰ ਸਿਖ਼ਰਾਂ ’ਤੇ ਪੁੱਜ ਗਿਆ ਹੈ।
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਗੁਰਮਤਿ ਸਮਾਗਮ ਮੁੱਖ ਸਮਾਗਮ 1... ਅਗਲੀ ਖ਼ਬਰ ਤਾਮਿਲਨਾਡੂ ’ ਚ ਪ੍ਰਕਾਸ਼ ਪੁਰਬ ਮਨਾਉਣ ਵਾਲੇ ਸਿੱਖਾਂ ਨੂੰ ਖ਼ਾਲਿਸਤਾਨ ਲਹਿਰ ਨਾਲ ਜੋੜਨਾ ਮੰਦਭਾਗਾ - ਤਾਮਿਲ ਵਿਜੇ ਸਰਕਾਰ ’...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।