ਸੰਤ ਅਤਰ ਸਿੰਘ ਗੁਰਮਤਿ ਕਾਲਜ ਵਿਖੇ ਗੁਰਮਤਿ ਕੋਰਸਾਂ ਦੀਆਂ ਸ਼ਾਮ ਦੀਆਂ ਕਲਾਸਾਂ ਸ਼ੁਰੂ
ਮਸਤੂਆਣਾ ਸਾਹਿਬ, 22 ਅਕਤੂਬਰ (ਦਮਦਮੀ)-ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਵਲੋਂ ਅਰੰਭੇ ਗੁਰਮਤਿ ਪ੍ਰਚਾਰ ਦੇ ਕਾਰਜਾਂ ਨੂੰ ਅੱਗੇ ਵਧਾਉਣ ਲਈ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਅਤੇ ਇੰਟਰਨੈਸ਼ਨਲ ਸ਼ਬਦ ਗੁਰੂ ਪ੍ਰਚਾਰ ਸਭਾ ਵਲੋਂ ਸਾਂਝੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਦੋਵਾਂ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਗੁਰਸਾਗਰ ਸਾਹਿਬ ਵਿਖੇ ਹੋਈ।
ਮਸਤੂਆਣਾ ਸਾਹਿਬ, 22 ਅਕਤੂਬਰ (ਦਮਦਮੀ)-ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਵਲੋਂ ਅਰੰਭੇ ਗੁਰਮਤਿ ਪ੍ਰਚਾਰ ਦੇ ਕਾਰਜਾਂ ਨੂੰ ਅੱਗੇ ਵਧਾਉਣ ਲਈ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਅਤੇ ਇੰਟਰਨੈਸ਼ਨਲ ਸ਼ਬਦ ਗੁਰੂ ਪ੍ਰਚਾਰ ਸਭਾ ਵਲੋਂ ਸਾਂਝੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਦੋਵਾਂ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਗੁਰਸਾਗਰ ਸਾਹਿਬ ਵਿਖੇ ਹੋਈ। ਜਿਸ ’ਚ ਗੁਰਮਤਿ ਸਿੱਖਿਆ ਦੇ ਪਸਾਰ ਅਤੇ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਮਾਸਟਰ ਕੁਲਵਿੰਦਰ ਸਿੰਘ ਸਿੰਧੜਾਂ, ਭਾਈ ਜਗਜੀਤ ਸਿੰਘ ਸਾਰੋਂ, ਪ੍ਰੋ. ਹਰਵਿੰਦਰ ਸਿੰਘ ਮੂਨਕ, ਮਾਸਟਰ ਮਨਜੀਤ ਸਿੰਘ ਬਡਰੁੱਖਾਂ, ਭਾਈ ਰਣਜੀਤ ਸਿੰਘ ਕਮੱਗਰ, ਭਾਈ ਸੁਖਪ੍ਰੀਤ ਸਿੰਘ ਕਨੋਈ, ਪ੍ਰੋ. ਕਰਮਜੀਤ ਸਿੰਘ ਗੱਗੜਪੁਰ, ਕਿਰਨਦੀਪ ਸਿੰਘ ਸਾਰੋਂ, ਬਲਵੰਤ ਸਿੰਘ ਸ਼ੇਰੋਂ, ਪ੍ਰੋ. ਰਾਜਵਿੰਦਰਪਾਲ ਸਿੰਘ ਕੌਲੀ ਅਤੇ ਪ੍ਰਿੰ. ਜਸਵੀਰ ਸਿੰਘ ਧੂਰਾ ਸਮੇਤ ਹੋਰ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਸ. ਜਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ ਦੋਵਾਂ ਸੰਸਥਾਵਾਂ ਵਿਚਕਾਰ ਤਾਲਮੇਲ ਬਣਾਈ ਰੱਖਣ ਲਈ ਅਜੈਬ ਸਿੰਘ ਗੱਗੜਪੁਰ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲ ਕਾਲਜ ਕੌਂਸਲ ਵਲੋਂ ਹਰ ਸਾਲ ਲਗਭਗ 20 ਲੱਖ ਰੁਪਏ ਵਜ਼ੀਫ਼ਿਆਂ ਅਤੇ ਫ਼ੀਸਾਂ ਦੀ ਸਹਾਇਤਾ ਵਜੋਂ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ। ਮਸਤੂਆਣਾ ਸਾਹਿਬ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਦਾਖ਼ਲਾ ਲੈਣ ਵਾਲੇ ਜਿਨ੍ਹਾਂ ਵਿਦਿਆਰਥੀਆਂ ਨੂੰ ਨਿੱਤਨੇਮ ਦੀਆਂ ਬਾਣੀਆਂ ਕੰਠ ਹੋਣਗੀਆਂ, ਉਨ੍ਹਾਂ ਨੂੰ ਮਹੀਨਾਵਾਰ ਵਜ਼ੀਫ਼ਾ ਦੇਣ ਦਾ ਵੀ ਉਪਰਾਲਾ ਕੀਤਾ ਗਿਆ ਹੈ। ਸੰਤ ਅਤਰ ਸਿੰਘ ਗੁਰਮਤਿ ਕਾਲਜ ਦੇ ਪ੍ਰਿੰਸੀਪਲ ਡਾ. ਗੁਰਵੀਰ ਸਿੰਘ ਨੇ ਦੱਸਿਆ ਕਿ ਕਾਲਜ ਵਿਖੇ ਦੋ ਸਾਲਾ ਅਤੇ ਤਿੰਨ ਸਾਲਾ ਗ੍ਰੰਥੀ ਤੇ ਪ੍ਰਚਾਰਕ ਕੋਰਸਾਂ ਲਈ ਦਾਖ਼ਲੇ ਸ਼ੁਰੂ ਹਨ। ਦਸਵੀਂ ਜਾਂ ਬਾਰ੍ਹਵੀਂ ਪਾਸ ਵਿਦਿਆਰਥੀ ਇਨ੍ਹਾਂ ਕੋਰਸਾਂ ਵਿੱਚ ਦਾਖ਼ਲਾ ਲੈ ਸਕਦੇ ਹਨ। ਇੱਥੇ ਗੁਰਬਾਣੀ ਸੰਥਿਆ, ਕਥਾ, ਸਿੱਖ ਇਤਿਹਾਸ, ਗੁਰਮਤਿ ਫ਼ਲਸਫ਼ੇ ਅਤੇ ਸਿੱਖ ਰਹਿਤ ਮਰਿਆਦਾ ਦੀ ਸਿੱਖਿਆ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ, ਕੀਰਤਨ, ਤਬਲਾ ਅਤੇ ਗਤਕੇ ਦੀ ਸਿਖਲਾਈ ਦੇ ਨਾਲ-ਨਾਲ ਵਜ਼ੀਫ਼ੇ, ਕਿਤਾਬਾਂ, ਗੁਰਮਤਿ ਬਾਣਾ ਅਤੇ ਮੁਫ਼ਤ ਰਿਹਾਇਸ਼ ਵਰਗੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਮਸਤੂਆਣਾ ਸਾਹਿਬ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਜਲਦੀ ਨਵੀਆਂ ਗੁਰਮਤਿ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ।