ਮਾਰਕੀਟ ਕਮੇਟੀ ਸੰਦੌੜ ਵਲੋਂ ਪੇਂਡੂ ਸੰਪਰਕ ਸੜਕਾਂ ਦੇ ਪ੍ਰਸਤਾਵ ਪੰਜਾਬ ਮੰਡੀ ਬੋਰਡ ਨੂੰ ਭੇਜੇ
ਪਿੰਡਾਂ ਦੀਆਂ ਪੰਚਾਇਤਾਂ ਨੇ ਚੇਅਰਮੈਨ ਇੰਜੀਨੀਅਰ ਸੰਦੀਪ ਸਿੰਘ ਵੜੈਚ ਹਥਨ ਕੋਲ ਰੱਖੀਆਂ ਮੰਗਾਂ
ਸੰਦੌੜ, 21 ਨਵੰਬਰ (ਜਸਵੀਰ ਸਿੰਘ ਜੱਸੀ)-ਮਾਰਕੀਟ ਕਮੇਟੀ ਸੰਦੌੜ ਅਧੀਨ ਪੈਂਦੇ ਪਿੰਡਾਂ ਵਿੱਚ ਸੜਕੀ ਸੰਪਰਕ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਵੀਆਂ ਸੜਕਾਂ ਬਣਾਉਣ ਅਤੇ ਮੌਜੂਦਾ ਸੜਕਾਂ ਦੀ ਮੁਰੰਮਤ ਕਰਵਾਉਣ ਦੀ ਮੰਗ ਉਠਾਈ ਗਈ ਹੈ। ਇਸ ਸਬੰਧੀ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਇੰਜੀਨੀਅਰ ਸੰਦੀਪ ਸਿੰਘ ਵੜੈਚ ਹਥਨ ਨੂੰ ਬੇਨਤੀ ਪੱਤਰ ਸੌਂਪੇ ਗਏ ਹਨ।
ਸੰਦੌੜ, 21 ਨਵੰਬਰ (ਜਸਵੀਰ ਸਿੰਘ ਜੱਸੀ)-ਮਾਰਕੀਟ ਕਮੇਟੀ ਸੰਦੌੜ ਅਧੀਨ ਪੈਂਦੇ ਪਿੰਡਾਂ ਵਿੱਚ ਸੜਕੀ ਸੰਪਰਕ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਵੀਆਂ ਸੜਕਾਂ ਬਣਾਉਣ ਅਤੇ ਮੌਜੂਦਾ ਸੜਕਾਂ ਦੀ ਮੁਰੰਮਤ ਕਰਵਾਉਣ ਦੀ ਮੰਗ ਉਠਾਈ ਗਈ ਹੈ। ਇਸ ਸਬੰਧੀ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਇੰਜੀਨੀਅਰ ਸੰਦੀਪ ਸਿੰਘ ਵੜੈਚ ਹਥਨ ਨੂੰ ਬੇਨਤੀ ਪੱਤਰ ਸੌਂਪੇ ਗਏ ਹਨ। ਦਫ਼ਤਰੀ ਰਿਪੋਰਟ ਅਨੁਸਾਰ ਇਨ੍ਹਾਂ ਬੇਨਤੀ ਪੱਤਰਾਂ ਵਿੱਚ ਪੇਂਡੂ ਸੰਪਰਕ ਸੜਕਾਂ ਦੇ ਕੰਮ ਕਰਵਾਉਣ ਸਬੰਧੀ ਮੰਗਾਂ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖੁਰਦ ਤੋਂ ਦਸੌਂਧਾ ਸਿੰਘ ਵਾਲਾ ਰੋਡ ਦੀ ਮੁਰੰਮਤ, ਵਜੀਦਪੁਰ ਬਦੇਸਾ ਤੋਂ ਕੁਠਾਲਾ ਰੋਡ ਦੀ ਮੁਰੰਮਤ ਕਰਕੇ 18 ਫੁੱਟ ਚੌੜਾ ਕਰਨ ਅਤੇ ਵਜੀਦਪੁਰ ਬਦੇਸਾ ਤੋਂ ਪੰਜਗਰਾਈਆਂ ਰੋਡ ਦੀ ਮੁਰੰਮਤ ਕਰਕੇ 18 ਫੁੱਟ ਚੌੜਾ ਕਰਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਸੰਦੌੜ-ਭੂਦਨ ਰੋਡ ਤੋਂ ਬਿਸ਼ਨਗੜ੍ਹ ਰੋਡ ਅਤੇ ਭੂਦਨ ਤੋਂ ਫਰਵਾਲੀ ਵਾਇਆ ਬਿਸ਼ਨਗੜ੍ਹ ਰੋਡ ਦੀ ਮੁਰੰਮਤ ਕਰਵਾਉਣ ਦੇ ਪ੍ਰਸਤਾਵ ਵੀ ਸ਼ਾਮਲ ਹਨ। ਇਸੇ ਤਰ੍ਹਾਂ ਅਬਦੁੱਲਾਪੁਰ ਚੁਹਾਣੇ ਤੋਂ ਦੁੱਲਮਾਂ ਕਲਾਂ ਤੱਕ ਨਵੀਂ ਸੜਕ, ਮਹੋਲੀ ਖੁਰਦ ਤੋਂ ਬਿਸ਼ਨਗੜ੍ਹ ਤੱਕ ਨਵੀਂ ਸੜਕ ਅਤੇ ਮਾਣਕੀ ਤੋਂ ਕੁਠਾਲਾ ਤੱਕ ਨਵੀਂ ਸੰਪਰਕ ਸੜਕ ਬਣਾਉਣ ਦੀ ਮੰਗ ਰੱਖੀ ਗਈ ਹੈ। ਪਿੰਡ ਅਬਦੁੱਲਾਪੁਰ ਚੁਹਾਣੇ ਵਿਖੇ ਡਿਸਪੈਂਸਰੀ ਤੱਕ ਅਤੇ ਪਿੰਡ ਸੰਦੌੜ ਵਿਖੇ ਪਾਣੀ ਵਾਲੀ ਟੈਂਕੀ ਤੱਕ ਨਵੀਂ ਸੜਕ ਬਣਾਉਣ ਦੇ ਪ੍ਰਸਤਾਵ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬਿਸ਼ਨਗੜ੍ਹ-ਮਹੋਲੀ ਕਲਾਂ ਰੋਡ ਤੋਂ ਪਿੰਡ ਮਹੋਲੀ ਖੁਰਦ ਤੱਕ ਵਾਇਆ ਨਹਿਰ ਦਾ ਪੁਲ ਨਵੀਂ ਸੜਕ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ। ਦਫ਼ਤਰੀ ਰਿਪੋਰਟ ਮੁਤਾਬਕ ਮਾਰਕੀਟ ਕਮੇਟੀ ਸੰਦੌੜ ਵੱਲੋਂ ਇਨ੍ਹਾਂ ਸੜਕਾਂ ਸਬੰਧੀ ਲੋੜੀਂਦੇ ਮਤੇ ਪਾਸ ਕਰਕੇ ਅਗਲੀ ਕਾਰਵਾਈ ਲਈ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਵਿਖੇ ਭੇਜ ਦਿੱਤੇ ਗਏ ਹਨ। ਚੇਅਰਮੈਨ ਇੰਜੀਨੀਅਰ ਸੰਦੀਪ ਸਿੰਘ ਵੜੈਚ ਹਥਨ ਅਨੁਸਾਰ ਪੰਜਾਬ ਮੰਡੀ ਬੋਰਡ ਵੱਲੋਂ ਪ੍ਰਸਤਾਵਾਂ ਨੂੰ ਮਨਜ਼ੂਰੀ ਮਿਲਣ ਉਪਰੰਤ ਸਬੰਧਤ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਦਾ ਕੰਮ ਜਲਦ ਸ਼ੁਰੂ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਸੜਕਾਂ ਦੇ ਬਣਨ ਨਾਲ ਇਲਾਕੇ ਦੇ ਕਿਸਾਨਾਂ, ਪਿੰਡ ਵਾਸੀਆਂ ਅਤੇ ਰਾਹਗੀਰਾਂ ਨੂੰ ਆਵਾਜਾਈ ਵਿੱਚ ਸਹੂਲਤ ਮਿਲਣ ਦੀ ਉਮੀਦ ਹੈ।