28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮੁਲਾਜ਼ਮ ਵਰਗ ਦੀ ਹੜਤਾਲ ਨੂੰ ਮਿਲਿਆ ਵੱਡਾ ਹੁੰਗਾਰਾ, ਸਿਹਤ ਮੁਲਾਜ਼ਮਾਂ ਵਲੋਂ ਵੱਡਾ ਸਮਰਥਨ

ਫ਼ਿਰੋਜ਼ਪੁਰ,27 ਅਗਸਤ (ਕੁਲਬੀਰ ਸਿੰਘ ਸੋਢੀ)-ਮੁਲਾਜ਼ਮ ਜਥੇਬੰਧੀਆਂ ਵਲੋਂ ਦਿੱਤੇ ਸਮੂਹਿਕ ਹੜਤਾਲ ਦੇ ਸੱਦੇ ਨੂੰ ਫ਼ਿਰੋਜ਼ਪੁਰ ਵਿਚ ਜਿਥੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵਲੋਂ ਵੱਡਾ ਹੁੰਗਾਰਾ ਮਿਲਿਆ, ਉੱਥੇ ਸਿਹਤ ਮੁਲਾਜ਼ਮਾਂ ਵਲੋਂ ਵੱਡਾ ਸਮਰਥਨ ਦਿੱਤਾ ਗਿਆ। ਸੂਬਾ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਮੁਲਾਜ਼ਮਾਂ ਦੀਆਂ ਮੰਗਾਂ ਦੇ ਰੋਸ ਵਜੋਂ ਸਿਹਤ ਵਿਭਾਗ ਨਾਲ ਸੰਬੰਧਿਤ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਅਤੇ ਮੈਂਬਰਾਂ ਨੇ ਇਕੱਠੇ ਹੋ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 28-08-2026
ਫ਼ਿਰੋਜ਼ਪੁਰ,27 ਅਗਸਤ (ਕੁਲਬੀਰ ਸਿੰਘ ਸੋਢੀ)-ਮੁਲਾਜ਼ਮ ਜਥੇਬੰਧੀਆਂ ਵਲੋਂ ਦਿੱਤੇ ਸਮੂਹਿਕ ਹੜਤਾਲ ਦੇ ਸੱਦੇ ਨੂੰ ਫ਼ਿਰੋਜ਼ਪੁਰ ਵਿਚ ਜਿਥੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵਲੋਂ ਵੱਡਾ ਹੁੰਗਾਰਾ ਮਿਲਿਆ, ਉੱਥੇ ਸਿਹਤ ਮੁਲਾਜ਼ਮਾਂ ਵਲੋਂ ਵੱਡਾ ਸਮਰਥਨ ਦਿੱਤਾ ਗਿਆ। ਸੂਬਾ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਮੁਲਾਜ਼ਮਾਂ ਦੀਆਂ ਮੰਗਾਂ ਦੇ ਰੋਸ ਵਜੋਂ ਸਿਹਤ ਵਿਭਾਗ ਨਾਲ ਸੰਬੰਧਿਤ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਅਤੇ ਮੈਂਬਰਾਂ ਨੇ ਇਕੱਠੇ ਹੋ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੁਤਲਾ ਫੂਕ ਕੇ ਆਪਣਾ ਰੋਸ ਜ਼ਾਹਰ ਕੀਤਾ ਗਿਆ । ਪ੍ਰਦਰਸ਼ਨ ਵਿਚ ਪੈਰਾਮੈਡੀਕਲ ਯੂਨੀਅਨ, ਐੱਨ.ਐੱਚ.ਐੱਮ. ਮੁਲਾਜ਼ਮ, ਆਸ਼ਾ ਵਰਕਰ, ਆਂਗਣਵਾੜੀ ਵਰਕਰ, ਸਾਂਝਾ ਫਰੰਟ ਆਮ ਆਦਮੀ ਕਲੀਨਿਕ ਪੰਜਾਬ, ਸਿਹਤ ਕਰਮਚਾਰੀ ਯੂਨੀਅਨ ਅਤੇ ਮਲਟੀਪਰਪਜ਼ ਹੈਲਥ ਇੰਪਲਾਇਜ਼ ਮੇਲ ਤੇ ਫੀਮੇਲ ਯੂਨੀਅਨਾਂ ਦੇ ਆਗੂਆਂ ਅਤੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਹੜਤਾਲ ਦੇ ਸੱਦੇ ਨੂੰ ਆਪਣਾ ਸਮਰਥਨ ਦਿੱਤਾ। ਯੂਨੀਅਨ ਆਗੂਆਂ ਨੇ ਕਿਹਾ ਕਿ ਸਿਹਤ ਵਿਭਾਗ ਦੇ ਮੁਲਾਜ਼ਮ ਦਿਨ-ਰਾਤ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਬਕਾਇਆ ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਸਿਹਤ ਵਿਭਾਗ ਨਾਲ ਸਬੰਧਤ ਹੋਰ ਲੰਬਿਤ ਮੰਗਾਂ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਲਗਾਤਾਰ ਸੰਘਰਸ਼ ਦੇ ਰਾਹ ’ਤੇ ਧੱਕਿਆ ਜਾ ਰਿਹਾ ਹੈ। ਜਿਸ ਦਾ ਨਤੀਜਾ ਸੂਬਾ ਸਰਕਾਰ ਨੂੰ ਅਗਾਮੀ ਚੋਣਾਂ 2027 ਵਿਚ ਭੁਗਤਣਾ ਪੈ ਸਕਦਾ ਹੈ। ਰੋਸ ਵਜੋਂ ਮੁਲਾਜ਼ਮ ਸਰਕਾਰੀ ਦਫਤਰਾਂ ਨੂੰ ਤਾਲੇ ਲਗਾਕੇ ਸੜਕਾਂ ’ਤੇ ਉਤਰੇ। ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਪ੍ਰਵਾਨ ਕਰਕੇ ਲਾਗੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਨੂੰ ਟਕਰਾਅ ਦੀ ਨੀਤੀ ਛੱਡ ਕੇ ਮੁਲਾਜ਼ਮ ਜਥੇਬੰਦੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਸਮਾਂਬੱਧ ਹੱਲ ਕਰਨਾ ਚਾਹੀਦਾ ਹੈ। ਪ੍ਰਦਰਸ਼ਨ ਦੇ ਅੰਤ ਵਿਚ ਮੁਲਾਜ਼ਮ ਆਗੂਆਂ ਅਤੇ ਮੈਂਬਰਾਂ ਵਲੋਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਿਚ ਸਰਕਾਰ ਦਾ ਪੁਤਲਾ ਫੂਕਿਆ ਗਿਆ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿਚ ਸੂਬਾ ਪੱਧਰ ’ਤੇ ਹੋਰ ਵੱਡੇ ਸੰਘਰਸ਼ ਉਲੀਕੇ ਜਾਣਗੇ। * ਹੜਤਾਲ ਕਾਰਨ ਗੁਰੂਹਰਸਹਾਏ ਦੇ ਸਰਕਾਰੀ ਦਫ਼ਤਰ ਰਹੇ ਬੰਦ -ਗੁਰੂਹਰਸਹਾਏ, (ਕਪਿਲ ਕੰਧਾਰੀ)-ਪੰਜਾਬ ਭਰ ਦੀਆਂ ਵੱਖ-ਵੱਖ ਵਿਭਾਗਾਂ ਦੀਆਂ ਮੁਲਾਜ਼ਮ ਜਥੇਬੰਦੀਆਂ ਅਤੇ ਪੈਨਸ਼ਨਰ ਐਸੋਸੀਏਸ਼ਨਾਂ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਦਿੱਤੇ ਗਏ ਮਹਾਂ ਹੜਤਾਲ ਦੇ ਸੱਦੇ ਦਾ ਅੱਜ ਗੁਰੂਹਰਸਹਾਏ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਪੂਰਨ ਅਤੇ ਵਿਆਪਕ ਅਸਰ ਦੇਖਣ ਨੂੰ ਮਿਲਿਆ। ਹੜਤਾਲ ਕਾਰਨ ਸ਼ਹਿਰ ਦੇ ਜ਼ਿਆਦਾਤਰ ਸਰਕਾਰੀ ਵਿਭਾਗਾਂ ਵਿਚ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ। ਜਿਸ ਕਾਰਨ ਦਫ਼ਤਰਾਂ ਵਿਚ ਆਮ ਦਿਨਾਂ ਦੇ ਮੁਕਾਬਲੇ ਕੋਈ ਖਾਸ ਰੌਣਕ ਨਜ਼ਰ ਨਹੀਂ ਆਈ ਅਤੇ ਕਈ ਸਰਕਾਰੀ ਦਫ਼ਤਰਾਂ ਦੇ ਬਾਹਰ ਦਿਨ ਭਰ ਸੁੰਨਸਾਨ ਛਾਈ ਰਹੀ। ਅੱਜ ਸਵੇਰ ਤੋਂ ਹੀ ਤਹਿਸੀਲ ਦਫ਼ਤਰ, ਫ਼ਰਦ ਕੇਂਦਰ, ਸੇਵਾ ਕੇਂਦਰ/ਸੁਵਿਧਾ ਕੇਂਦਰ, ਬੀ.ਡੀ.ਪੀ.ਓ ਅਤੇ ਪਾਵਰਕਾਮ ਦੇ ਦਫ਼ਤਰਾਂ ਵਿਚ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਰਕਾਰੀ ਕੰਮਕਾਜ ਪ੍ਰਭਾਵਿਤ ਰਿਹਾ। ਵੱਖ-ਵੱਖ ਕੰਮਾਂ ਲਈ ਦਫ਼ਤਰਾਂ ਵਿਚ ਪਹੁੰਚੇ ਲੋਕਾਂ ਨੂੰ ਵੀ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਵਿਚ ਵੀ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਦੀ ਹੜਤਾਲ ਦਾ ਅਸਰ ਦੇਖਣ ਨੂੰ ਮਿਲਿਆ। ਹੜਤਾਲ ਕਾਰਨ ਸਕੂਲਾਂ ਦਾ ਆਮ ਕੰਮਕਾਜ ਅਤੇ ਪੜ੍ਹਾਈ ਦੀ ਪ੍ਰਕਿਰਿਆ ਪ੍ਰਭਾਵਿਤ ਹੋਈ। ਸਰਕਾਰੀ ਵਿਭਾਗਾਂ ਨਾਲ ਸਬੰਧਤ ਹੋਰ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। * ਪੈਰਾ ਮੈਡੀਕਲ ਮੁਲਾਜ਼ਮਾਂ ਦੀ ਮੁਕੰਮਲ ਹੜਤਾਲ- ਫ਼ਿਰੋਜ਼ਪੁਰ, (ਕੁਲਬੀਰ ਸਿੰਘ ਸੋਢੀ)-ਪੈਰਾ ਮੈਡੀਕਲ ਯੂਨੀਅਨ ਦੇ ਬੈਨਰ ਹੇਠ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਸਿਹਤ ਵਿਭਾਗ ਨਾਲ ਸਬੰਧਿਤ ਮੁਲਾਜ਼ਮਾਂ ਵਲੋਂ ਮੁਕੰਮਲ ਹੜਤਾਲ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਤੋਂ ਸਿਹਤ ਮੁਲਾਜ਼ਮਾਂ ਵਲੋਂ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਗਈ, ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚੋਂ ਹੁੰਦੀ ਹੋਈ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਦੇ ਰਸਤੇ ਡਿਪਟੀ ਕਮਿਸ਼ਨਰ ਦਫ਼ਤਰ ਫ਼ਿਰੋਜ਼ਪੁਰ ਵਿਖੇ ਪਹੁੰਚੀ। ਰੈਲੀ ਦੌਰਾਨ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਜ਼ਾਹਿਰ ਕੀਤਾ। ਡੀ.ਸੀ. ਦਫ਼ਤਰ ਦੇ ਬਾਹਰ ਪਹੁੰਚਣ ਉਪਰੰਤ ਯੂਨੀਅਨ ਆਗੂਆਂ ਅਤੇ ਮੁਲਾਜ਼ਮਾਂ ਵਲੋਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਿੱਟ ਸਿਆਪਾ ਕੀਤਾ । ਇਸ ਮੌਕੇ ਆਸ਼ਾ ਵਰਕਰ ਯੂਨੀਅਨ ਦੀ ਪ੍ਰਧਾਨ ਰਾਜਵੰਤ ਕੌਰ, ਆਮ ਆਦਮੀ ਕਲੀਨਿਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ, ਕਮਿਊਨਿਟੀ ਹੈਲਥ ਅਫ਼ਸਰ ਡਾ.ਪ੍ਰੀਤ ਮਖਿਜਾ, ਕਰਨਜੀਤ ਸਿੰਘ, ਗੁਰਮੇਲ ਸਿੰਘ, ਬਲਦੇਵ ਸਿੰਘ, ਵੰਸ਼, ਜਸਵਿੰਦਰ, ਮਨਪ੍ਰੀਤ ਕੌਰ, ਸਰਬਜੋਤ ਕੌਰ, ਪ੍ਰਭਜੋਤ ਕੌਰ, ਗੁਰਦੇਵ ਸਿੰਘ, ਸਤਨਾਮ ਸਿੰਘ, ਬਗੀਚ ਸਿੰਘ, ਕੌਰ ਜੀ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਿਹਤ ਮੁਲਾਜ਼ਮ ਅਤੇ ਯੂਨੀਅਨ ਮੈਂਬਰ ਹਾਜ਼ਰ ਸਨ। * ਗੁਰੂਹਰਸਹਾਏ ’ਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਮੂਹਿਕ ਛੁੱਟੀ ਲੈ ਕੇ ਕੀਤਾ ਸਰਕਾਰ ਦਾ ਪਿੱਟ-ਸਿਆਪਾ- ਗੁਰੂਹਰਸਹਾਏ, (ਕਪਿਲ ਕੰਧਾਰੀ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਅੱਜ ਤਹਿਸੀਲ ਗੁਰੂਹਰਸਹਾਏ ਦੇ ਵੱਖ-ਵੱਖ ਸਕੂਲਾਂ ਅਤੇ ਸਰਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਖ-ਵੱਖ ਅਧਿਆਪਕ, ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂ ਅਤੇ ਮੈਂਬਰ ਵੱਡੀ ਗਿਣਤੀ ਵਿਚ ਸਥਾਨਕ ਸ਼ਹਿਰ ਦੇ ਰੇਲਵੇ ਪਾਰਕ ਵਿਖੇ ਇਕੱਤਰ ਹੋਏ। ਇਸ ਮੌਕੇ ਸਮੂਹ ਪੈਨਸ਼ਨਾਂ ਅਤੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਦਾ ਪਿੱਟ-ਸਿਆਪਾ ਕੀਤਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਰਾਜ ਕੁਮਾਰ ਮਹਿਰੋਕ, ਸਤਨਾਮ ਚਾਂਦੀ, ਸੰਪੂਰਨ ਵਿਰਕ, ਜਗਸੀਰ ਸੰਧੂ, ਅਸ਼ੋਕ ਕੁਮਾਰ, ਵਿਪਨ ਲੋਟਾ, ਪੂਰਨ ਚੰਦ ਰਮਨਦੀਪ ਦਰੋਗਾ ਜਸਵਿੰਦਰ ਸੇਖੜਾ, ਅਮਰਜੀਤ ਕੰਬੋਜ, ਦੀਪਕ ਕੰਬੋਜ, ਗੁਰਜੰਟ ਸਿੰਘ, ਰਵਿੰਦਰ ਸ਼ਰਮਾ, ਧਰਮ ਸਿੰਘ ਚਰਨਜੀਤ ਛਾਂਗਾ ਰਾਏ, ਜਸਪਾਲ ਸਿੰਘ, ਬਲਕਾਰ ਸਿੰਘ ਬੀਰਬਲ ਮੈਡਮ ਅਮਰਜੀਤ ਸੁਰਿੰਦਰ ਕੌਰ, ਕਰਮਜੀਤ ਕੌਰ, ਬਲਾਕ ਪ੍ਰਧਾਨ ਆਂਗਣਵਾੜੀ ਕੁਲਜੀਤ ਕੌਰ ਅਮਿਤ ਕੰਬੋਜ ਸੰਤੋਸ਼ ਰਾਣੀ, ਸੁੱਖਚੈਨ ਸਿੰਘ, ਪੂਰਨ ਚੰਦ ਰਵਿੰਦਰ ਬੱਬੂ ਅਤੇ ਪਵਿੱਤਰ ਸਿੰਘ ਹਰਬੰਸ ਲਾਲ ਹਾਕਮ ਚੰਦ ਮਦਨ ਮੋਹਨ ਕੰਧਾਰੀ ਧਰਮ ਸਿੰਘ ਸਿੱਧੂ ਗੁਰਵਿੰਦਰ ਸਿੰਘ ਗੋਲਡੀ ਮਨੀਸ਼ ਸਹਿਗਲ ਰੋਤਾਸ਼ ਮਲੇਠੀਆ ਵਿਕਾਸ ਕੁਮਾਰ ਇਕਬਾਲ ਚੰਦ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਜਿਹੜੇ ਵਾਅਦੇ ਕੀਤੇ ਸਨ। ਸਰਕਾਰ ਨੇ ਉਹ ਵਾਅਦੇ ਪੂਰੇ ਨਹੀਂ ਕੀਤੇ। ਜਿਸ ਦੇ ਚਲਦਿਆਂ ਮੁਲਾਜ਼ਮਾਂ ਵਿਚ ਸਰਕਾਰ ਖਿਲਾਫ ਰੋਸ਼ ਪਾਇਆ ਜਾ ਰਿਹਾ ਹੈ। * ਮੁਲਾਜ਼ਮ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ ਨਾਅਰੇਬਾਜ਼ੀ- ਜ਼ੀਰਾ, (ਰਜਨੀਸ਼ ਕਥੂਰੀਆ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਪੰਜਾਬ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ’ਤੇ ਅਧਾਰਿਤ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਪੂਰੇ ਪੰਜਾਬ ’ਚ ਵੱਖ-ਵੱਖ ਸਰਕਾਰੀ ਅਦਾਰਿਆਂ ਵਲੋਂ ਦਿੱਤੇ ਗਏ ਮਹਾਂ ਬੰਦ ਦੇ ਸੱਦੇ ਦੇ ਤਹਿਤ ਡਵੀਜ਼ਨ ਜ਼ੀਰਾ ’ਚ ਪੀ.ਐਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਜਥੇਬੰਦੀ ਵਲੋਂ ਵੱਡੀ ਗਿਣਤੀ ਵਿਚ ਬਿਜਲੀ ਮੁਲਾਜ਼ਮਾਂ ਦਾ ਇਕੱਠ ਕਰਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਲੀਡਰਸ਼ਿਪ ਵਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਸੰਘਰਸ਼ਾਂ ਬਾਰੇ ਹਾਜ਼ਰ ਸਾਥੀਆਂ ਨਾਲ ਵਿਚਾਰ ਚਰਚਾ ਕੀਤੀ ਗਈ ਅਤੇ ਪਿਛਲੀ ਹੜਤਾਲ (ਸਮੂਹਿਕ ਛੁੱਟੀ) ਦੌਰਾਨ ਜਥੇਬੰਦੀਆਂ ਨਾਲ ਵਿਚਾਰ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਮੁੱਕਰਣ ਬਾਰੇ ਅਤੇ ਲਗਾਤਾਰ ਟਾਲ-ਮਟੋਲ ਦੇ ਰਵੱਈਏ ਦੀ ਅਪਨਾਈ ਗਈ ਨੀਤੀ ਅਤੇ ਅਦਾਲਤਾਂ ਦਾ ਬਹਾਨਾ ਬਣਾ ਕੇ ਮੁੱਕਰਣ ਬਾਰੇ ਵੀ ਸਾਥੀਆਂ ਨੂੰ ਦੱਸਿਆ ਗਿਆ। ਇਸ ਮੌਕੇ ਡਵੀਜ਼ਨ ਪ੍ਰਧਾਨ ਲਖਵੀਰ ਸਿੰਘ ਸੁੱਖੇਵਾਲਾ, ਸਵਰਨ ਸਿੰਘ ਸਕੱਤਰ,ਬਲਕਾਰ ਸਿੰਘ ਭੁੱਲਰ,ਸੁਖਦੇਵ ਸਿੰਘ ਬੱਗੀ ਪਤਨੀ,ਗੁਰਜਿੰਦਰ ਸਿੰਘ, ਮਨਿੰਦਰ ਸਿੰਘ,ਜਗਦੀਸ਼ ਲਾਲ,ਬਲਦੇਵ ਮੋਗਾ,ਮੋਹਨ ਸਿੰਘ,ਸਵਰਨ ਸਿੰਘ ਜੇ. ਈ.,ਭਜਨ ਲਾਲ, ਬਲਜਿੰਦਰ ਸਿੰਘ,ਅਮਨਦੀਪ ਸਿੰਘ ਸਕੱਤਰ,ਵਰਿੰਦਰ ਕੁਮਾਰ, ਬਲਜੀਤ ਸਿੰਘ,ਜਗਦੇਵ ਸਿੰਘ ਮੱਖੂ, ਪਰਵਿੰਦਰ ਸਿੰਘ, ਭੁਪਿੰਦਰ ਸਿੰਘ,ਸਤਨਾਮ ਸਿੰਘ,ਅੰਗਰੇਜ ਸਿੰਘ ਅਤੇ ਨਛੱਤਰ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। * ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਮਹਾਂ ਹੜਤਾਲ ਦਾ ਸਮਰਥਨ- ਫ਼ਿਰੋਜ਼ਪੁਰ, (ਕੁਲਬੀਰ ਸਿੰਘ ਸੋਢੀ)-ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਦਿੱਤੀ ਮਹਾਂ ਹੜਤਾਲ ਦੀ ਕਾਲ ਦੇ ਸਮਰਥਨ ਵਿਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਇਕੱਠੇ ਹੋ ਕੇ ਆਗੂ ਅੰਕੁਸ਼ ਭੰਡਾਰੀ, ਰਵਿੰਦਰ ਲੂਥਰਾ, ਗੁਰਜੰਟ ਸਿੰਘ, ਰਾਜ ਕੁਮਾਰ ਕੁੱਕੜ ਅਤੇ ਕਾਂਤਾ ਰਾਣੀ ਦੀ ਅਗਵਾਈ ਵਿਚ ਰੋਹ ਭਰਪੂਰ ਰੈਲੀ ਕਰਨ ਉਪਰੰਤ ਬਾਜ਼ਾਰਾਂ ਵਿਚ ਰੋਸ ਮਾਰਚ ਕੱਢਿਆ ਗਿਆ। ਸਾਂਝਾ ਬਿਆਨ ਜਾਰੀ ਕਰਦਿਆਂ ਆਗੂ ਅੰਕੁਸ਼ ਭੰਡਾਰੀ ਅਤੇ ਗੁਰਮੇਲ ਸਿੰਘ ਨੇ ਦੱਸਿਆ ਪੰਜਾਬ ਸਰਕਾਰ ਸੱਤਾ ਵਿਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਜੋ ਵਾਅਦੇ ਕੀਤੇ ਸੀ, ਨੂੰ ਪੂਰਾ ਕਰਨ ਤੋਂ ਭੱਜ ਗਈ ਹੈ। ਇਸ ਰੈਲੀ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਹਰਪ੍ਰੀਤ ਸਿੰਘ ਥਿੰਦ, ਰਾਕੇਸ਼ ਗਿੱਲ, ਜਗਤਾਰ ਸਿੰਘ, ਹਰਜਿੰਦਰ ਸਿੰਘ, ਗੁਰਮੀਤ ਸਿੰਘ, ਨਵਿੰਦਰ ਸਿੰਘ, ਬਲਵੀਰ ਸਿੰਘ, ਨਰੇਸ਼ ਗਰਗ, ਸੁਤੰਤਰ ਸਿੰਘ, ਡਾ.ਲਲਿਤ ਨਾਗਪਾਲ, ਡਾ.ਹਰਪ੍ਰੀਤ ਸਿੰਘ, ਰਵਿੰਦਰ ਸ਼ਰਮਾ, ਮਨੋਜ ਗਰੋਵਰ, ਰਜਤ ਲੁਹੇਰਾ, ਅਰੁਣ ਸ਼ਰਮਾ, ਅਮਰਜੀਤ ਸਿੰਘ, ਰਾਧੇ ਸ਼ਾਮ, ਲਖਵਿੰਦਰ ਸਿੰਘ, ਵਿਸ਼ਾਲ ਗੁਪਤਾ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਪਰਵਿੰਦਰ ਸਿੰਘ, ਜਗਰੂਪ ਮਸੀਹ, ਨਰਿੰਦਰ ਨਾਥ, ਹੁਕਮ ਚੰਦ ਅਸ਼ੋਕ ਕੁਮਾਰ, ਪਿੰਕੀ ਗਿੱਲ, ਮੰਜੁਲਾ, ਭੁਪਿੰਦਰ ਕੌਰ, ਸਮੀਕਸ਼ਾ, ਪਰਮਜੀਤ, ਅਸ਼ੁ ਸ਼ਰਮਾ, ਹਰਮਿੰਦਰ ਕੌਰ, ਸ਼ਿਵਾਨੀ ਸ਼ੁੱਕਲਾ, ਅਮਨ, ਗਗਨਦੀਪ, ਇੰਦਰਜੀਤ ਕੌਰ, ਸੁਖਵਿੰਦਰ ਕੌਰ, ਗੁਰਮੀਤ ਕੌਰ, ਰਜਨੀ, ਸ਼ੀਲਾ, ਮਨਜੀਤ ਕੌਰ, ਜਸਪਾਲ ਕੌਰ, ਪਰਮਜੀਤ ਕੌਰ ਉਪਰੋਕਤ ਆਗੂਆਂ ਵਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਇਹ ਸੰਘਰਸ਼ 2027 ਦੀਆਂ ਚੋਣਾਂ ਲਈ ਨਿਰਣਾਯਕ ਸਾਬਿਤ ਹੋਣ ਗਿਆ। ਬਿਜਲੀ ਮੁਲਾਜ਼ਮਾਂ ਵਲੋਂ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ- ਮੱਲਾਂਵਾਲਾ, (ਗੁਰਦੇਵ ਸਿੰਘ)-ਪੰਜਾਬ ਮੁਲਾਜ਼ਮ, ਪੈਨਸ਼ਨਰਜ਼ ਸਾਂਝਾ ਫ਼ਰੰਟ ਪੰਜਾਬ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ’ਤੇ ਆਧਾਰਿਤ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਪੂਰੇ ਪੰਜਾਬ ਅੰਦਰ ਵੱਖ-ਵੱਖ ਸਰਕਾਰੀ ਅਦਾਰਿਆਂ ਵਲੋਂ ਕੀਤੇ ਮਹਾਂਬੰਦ ਤਹਿਤ ਡਵੀਜ਼ਨ ਜ਼ੀਰਾ ਵਿਚ ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਜਥੇਬੰਦੀ ਵਲੋਂ ਵੱਡੀ ਗਿਣਤੀ ’ਚ ਬਿਜਲੀ ਮੁਲਾਜ਼ਮਾਂ ਦਾ ਇਕੱਠ ਕਰਕੇ ਸੂਬੇ ਦੀ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਲੀਡਰਸ਼ਿਪ ਵਲੋਂ ਪਿਛਲੇ ਸਮੇਂ ਦੌਰਾਨ ਕੀਤੇ ਸੰਘਰਸ਼ਾਂ ਬਾਰੇ ਹਾਜ਼ਰ ਸਾਥੀਆਂ ਨਾਲ ਵਿਚਾਰ ਚਰਚਾ ਕੀਤੀ ਗਈ ਅਤੇ ਪਿਛਲੀ ਹੜਤਾਲ ਦੌਰਾਨ ਜਥੇਬੰਦੀਆਂ ਨਾਲ ਵਿਚਾਰ ਤੋਂ ਬਾਅਦ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਮੁੱਕਰਨ ਬਾਰੇ ਅਤੇ ਲਗਾਤਾਰ ਟਾਲ-ਮਟੋਲ ਦੀ ਨੀਤੀ ਅਤੇ ਅਦਾਲਤਾਂ ਦਾ ਬਹਾਨਾ ਬਣਾ ਕੇ ਭੱਜਣ ਬਾਰੇ ਵੀ ਸਾਥੀਆਂ ਨੂੰ ਦੱਸਿਆ ਗਿਆ। ਜਥੇਬੰਦੀ ਮੁੱਖ ਮੰਗਾਂ ਜਿਵੇਂ 35400 ਦਾ ਸਕੇਲ, ਸੱਤਵਾਂ ਪੇ ਸਕੇਲ ਰੱਦ ਕਰਕੇ ਛੇਵਾਂ ਪੇ ਸਕੇਲ ਲਾਗੂ ਕਰਨਾ, ਮਹਿੰਗਾਈ ਭੱਤੇ ਦੇ ਬਕਾਏ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ, ਸਾਥੀਆਂ ਦੀਆਂ ਰੁਕੀਆਂ ਤਰੱਕੀਆਂ, ਠੇਕੇਦਾਰੀ ਪ੍ਰਥਾ ਬੰਦ ਕਰਕੇ ਪੱਕੀ ਭਰਤੀ ਕਰਨ ਸਬੰਧੀ, ਕੱਚੇ ਕਾਮੇ ਪੱਕੇ ਕਰਨ ਆਦਿ ਹੋਰ ਮੰਗਾਂ ’ਤੇ ਚਰਚਾ ਹੋਈ। ਲੀਡਰਸ਼ਿਪ ਵਲੋਂ ਹਾਜ਼ਰ ਸਾਥੀਆਂ ਨੂੰ ਇਨ੍ਹਾਂ ਸੰਘਰਸ਼ਾਂ ਨੂੰ ਲਗਾਤਾਰ ਚੱਲਦੇ ਰੱਖਣ ਲਈ ਪੁਰਜ਼ੋਰ ਅਪੀਲ ਕੀਤੀ ਗਈ। ਇਸ ਮੌਕੇ ਡਵੀਜ਼ਨ ਪ੍ਰਧਾਨ ਲਖਵੀਰ ਸਿੰਘ, ਸਵਰਨ ਸਿੰਘ ਸਕੱਤਰ, ਬਲਕਾਰ ਸਿੰਘ ਭੁੱਲਰ, ਸੁਖਦੇਵ ਸਿੰਘ ਬੱਗੀ ਪੱਤਨੀ, ਗੁਰਜਿੰਦਰ ਸਿੰਘ, ਮਨਿੰਦਰ ਸਿੰਘ, ਜਗਦੀਸ਼ ਲਾਲ, ਬਲਦੇਵ ਮੋਗਾ, ਮੋਹਨ ਸਿੰਘ, ਸਰਬਨ ਸਿੰਘ ਜੇ.ਈ., ਭਜਨ ਲਾਲ, ਬਲਜਿੰਦਰ ਸਿੰਘ, ਅਮਨਦੀਪ ਸਿੰਘ ਸਕੱਤਰ, ਵਰਿੰਦਰ ਕੁਮਾਰ, ਬਲਜੀਤ ਸਿੰਘ, ਜਗਦੇਵ ਸਿੰਘ ਮੱਖੂ, ਰਵਿੰਦਰ ਸਿੰਘ, ਭੁਪਿੰਦਰ ਸਿੰਘ, ਸਤਨਾਮ ਸਿੰਘ, ਅੰਗਰੇਜ ਸਿੰਘ, ਨਛੱਤਰ ਸਿੰਘ ਆਦਿ ਹਾਜ਼ਰ ਸਨ। * ਨਗਰ ਕੌਂਸਲ ਦੇ ਸਮੂਹ ਕਰਮਚਾਰੀ ਹੜਤਾਲ ’ਚ ਹੋਏ ਸ਼ਾਮਿਲ- ਜ਼ੀਰਾ, (ਪ੍ਰਤਾਪ ਸਿੰਘ ਹੀਰਾ)-ਪੰਜਾਬ ਸਰਕਾਰ ਦੇ ਸਮੂਹ ਕਰਮਚਾਰੀਆਂ ਵਲੋਂ ਇਕ ਦਿਨ ਦੀ ਹੜਤਾਲ ਦੇ ਚਲਦਿਆਂ ਨਗਰ ਕੌਂਸਲ ਜ਼ੀਰਾ ਦੇ ਸਮੂਹ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਰੋਸ ਵਜੋਂ ਆਪਣਾ ਭਰਪੂਰ ਸਮਰਥਨ ਦਿੰਦਿਆਂ ਹੜਤਾਲ ਵਿਚ ਸ਼ਾਮਿਲ ਹੋਏ। ਇਸ ਮੌਕੇ ਮੁਲਾਜ਼ਮਾਂ ਵਲੋਂ ਸਰਕਾਰ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ ਗਈ। ਗੱਲਬਾਤ ਕਰਦਿਆਂ ਮਿਊਸੀਂਪਲ ਵਰਕਰਜ ਯੂਨੀਅਨ ਇਕਾਈ ਜ਼ੀਰਾ ਦੇ ਪ੍ਰਧਾਨ ਦਮਨਜੀਤ ਸ਼ਰਮਾ ਨੇ ਸਰਕਾਰ ਦੀਆਂ ਮਾਰੂ ਨੀਤੀਆਂ ਅਤੇ ਸਰਕਾਰ ਨੂੰ ਸੰਘਰਸ਼ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੀਆਂ ਵਿਧਾਨ ਸਭਾ ਵਿਚ ਇਹ ਸਰਕਾਰ ਨੂੰ ਚਲਦਾ ਕੀਤਾ ਜਾਵੇਗਾ। ਇਸ ਮੌਕੇ ਹੜਤਾਲ ਵਿਚ ਅਮਨਦੀਪ ਸਿੰਘ ਦਰਗਨ, ਮਨਿੰਦਰ ਸਿੰਘ, ਮੁਖਤਿਆਰ ਸਿੰਘ, ਸ਼ਮਸ਼ੇਰ ਸਿੰਘ, ਰੋਹਿਤ ਕੁਮਾਰ, ਤਰਸੇਮ ਲਾਲ ,ਮਨਦੀਪ ਕੌਰ ,ਜਸਲੀਨ ਕੌਰ ,ਸੋਨਮ ਬਾਲਾ ,ਜਸਵੰਤ ਕੌਰ, ਮਾਇਆ ਰਾਣੀ, ਪਲਕਾਂ ਰਾਣੀ ,ਵਿਸ਼ਾਲ ਕੁਮਾਰ, ਵਿਨੋਦ ਕੁਮਾਰ ,ਪ੍ਰੇਮ ਸ਼ਰਮਾ, ਆਕਾਸ਼ ਸ਼ਰਮਾ, ਪਰਮਜੀਤ ਕੌਰ, ਕੋਮਲ, ਰਸਪਾਲ ਸਿੰਘ, ਅਰੁਣ ਕੁਮਾਰ ਆਦਿ ਮੁਲਾਜ਼ਮ ਹਾਜ਼ਰ ਸਨ। * ਜ਼ੀਰਾ ਵਿਖੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਹੜਤਾਲ ’ਚ ਕੀਤੀ ਸ਼ਿਰਕਤ -ਜ਼ੀਰਾ, (ਪ੍ਰਤਾਪ ਸਿੰਘ ਹੀਰਾ)-ਪੰਜਾਬ ਦੇ ਸਮੂਹ ਸਰਕਾਰੀ ਮੁਲਾਜ਼ਮਾਂ ਵਲੋਂ ਇਕ ਰੋਜ਼ਾ ਦਿੱਤੇ ਗਏ ਹੜਤਾਲ ਦੇ ਸੱਦੇ ਤਹਿਤ ਜ਼ੀਰਾ ਵਿਖੇ ਵੱਖ ਵੱਖ ਜਥੇਬੰਦੀਆਂ ਦੇ ਮੁਲਾਜ਼ਮਾਂ ਅਤੇ ਅਹੁਦੇਦਾਰਾਂ ਵਲੋਂ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਸੈਂਕੜੇ ਸਰਕਾਰੀ ਮੁਲਾਜ਼ਮਾਂ ਵਲੋਂ ਜੀਵਨ ਮੱਲ ਸਕੂਲ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਰੋਸ ਰੈਲੀ ਕਰਦਿਆਂ ਘੰਟਾ ਘਰ ਚੌਕ ਵਿੱਚ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਟੀਚਰ ਯੂਨੀਅਨ ਦੇ ਵਿੱਤ ਸਕੱਤਰ ਪੰਜਾਬ ਨਵੀਨ ਸਚਦੇਵਾ ਨੇ ਕਿਹਾ ਕਿ ਅੱਜ ਪੰਜਾਬ ਵਿੱਚ 8 ਲੱਖ ਦੇ ਕਰੀਬ ਮੁਲਾਜ਼ਮ ਰੋਸ ਰੈਲੀ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਨਾਲ ਬਹੁਤ ਤਰ੍ਹਾਂ ਦੇ ਵਾਅਦੇ ਕੀਤੇ ਸਨ ਕਿ ਪੰਜਾਬ ਵਿਚ ਕੱਚਾ ਮੁਲਾਜ਼ਮ ਨਹੀਂ ਰਹਿਣ ਦੇਣਾ ਅਤੇ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਜਾਵੇਗੀ, ਪਰ ਅਫਸੋਸ ਸਾਢੇ ਚਾਰ ਸਾਲ ਬੀਤਣ ਤੋਂ ਬਾਅਦ ਵੀ ਪੰਜਾਬ ਦਾ ਇਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਜਗਸੀਰ ਸਿੰਘ ਟੀਚਰ ਆਗੂ ਨੇ ਕਿਹਾ ਕਿ ਸਰਕਾਰ ਵੱਲ ਡੀਏ ਦੀਆਂ 18% ਦੀਆਂ ਕਿਸਤਾਂ ਅਜੇ ਤੱਕ ਪੈਂਡਿੰਗ ਪਈਆਂ ਹਨ, ਉਹ ਲਾਗੂ ਨਹੀਂ ਕੀਤੀਆਂ ਗਈਆਂ। ਇਸ ਧਰਨੇ ਨੂੰ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜੀਰਾ ਵਲੋਂ ਵੀ ਸਮਰਥਨ ਦਿੱਤਾ ਗਿਆ। ਇਸ ਮੌਕੇ ਰੋਸ ਧਰਨੇ ਵਿਚ ਬਲਵਿੰਦਰ ਸਿੰਘ ਭੂਟੋ ਸੂਬਾ ਜਥੇਬੰਦਕ ਸਕੱਤਰ ਪੰਜਾਬ, ਸੁਰਿੰਦਰ ਕੰਬੋਜ ਪੰਜਾਬ ਪ੍ਰਧਾਨ 6635 ਯੂਨੀਅਨ, ਗੁਰਜੀਤ ਸਿੰਘ ,ਗੁਰਵਿੰਦਰ ਸਿੰਘ ਖੋਸਾ ਡੀ.ਟੀ.ਐਫ, ਜਗਸੀਰ ਸਿੰਘ ਗਿੱਲ ਕਨਵੀਨਰ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ ਪੰਜਾਬ, ਪਿਆਰ ਕੌਰ , ਬਲਵਿੰਦਰ ਕੌਰ ਲੌਹਕਾ ਆਂਗਣਵਾੜੀ ਆਗੂ, ਜੋਗਿੰਦਰ ਸਿੰਘ ਪ੍ਰਧਾਨ ਪੈਨਸ਼ਨਰਜ ਯੂਨੀਅਨ ਜੀਰਾ, ਸੰਪੂਰਨ ਸਿੰਘ, ਰਮੇਸ਼ ਭਾਟੀਆ, ਮਾਸਟਰ ਜੋਗਿੰਦਰ ਸਿੰਘ ਝੱਤਰਾ, ਗੁਰਪਾਲ ਜੀਰਵੀ, ਨਰਿੰਦਰ ਸਿੰਘ ਪ੍ਰਧਾਨ ਐਨ.ਜੀ.ਓ ਕੋਆਰਡੀਨੇਸ਼ਨ ਕਮੇਟੀ ਬਲਾਕ ਜ਼ੀਰਾ, ਬਲਰਾਮ ਸ਼ਰਮਾ ਜ਼ਿਲ੍ਹਾ ਕਨਵੀਨਰ, ਬਖਸ਼ੀਸ਼ ਸਿੰਘ ਤਲਵੰਡੀ ਜੱਲੇ ਖਾਂ ਪ੍ਰਧਾਨ ਪੈਨਸ਼ਨ ਯੂਨੀਅਨ,ਕਿੱਕਰ ਸਿੰਘ ਸਰਪ੍ਰਸਤ, ਬਾਜ ਸਿੰਘ ਤਲਵੰਡੀ ਜੱਲੇ ਖਾਂ ਰੋਡਵੇਜ਼ ਆਗੂ, ਰਾਜਵੀਰ ਸਿੰਘ, ਯੁੱਧਜੀਤ ਸਿੰਘ ਡੀ.ਟੀ.ਐਫ,ਬਲਵਿੰਦਰ ਸਿੰਘ ਸੰਧੂ ਸੀਨੀਅਰ ਆਗੂ ਟੀਚਰ ਯੂਨੀਅਨ, ਪਰਮਜੀਤ ਸਿੰਘ ਡੀ.ਪੀ, ਗੁਰਮੀਤ ਸਿੰਘ ਮੀਤਾ, ਹਰਸੇਵਕ ਸਿੰਘ ਸਾਧੂ ਵਾਲਾ, ਦਵਿੰਦਰ ਸਿੰਘ ਕੰਪਿਊਟਰ ਟੀਚਰ ਯੂਨੀਅਨ ਆਗੂ, ਸੁਖਦੀਪ ਸਿੰਘ ਔਲਖ ਨੇ ਆਦਿ ਹਾਜ਼ਰ ਸਨ। (ਬਾਕੀ ਸਫ਼ਾ 6 ’ ਤੇ )
ਪਿਛਲੀ ਖ਼ਬਰ ਵਣ ਪੈਨਸ਼ਨਰਾਂ ਦੇ ਮਸਲਿਆਂ ਸੰਬੰਧੀ ਪ੍ਰਧਾਨ ਮੁੱਖ ਵਣਪਾਲ ਪੰਜਾਬ ਨਾਲ ਮੀਟਿੰਗ ਅਗਲੀ ਖ਼ਬਰ ਲਿਟਲ ਫਲਾਵਰ ਕਾਨਵੈਂਟ ਸਕੂਲ ਮੁੱਦਕੀ ਵਿਖੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।