28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਬਲਾਕ ਸੰਮਤੀ ਫੂਲ ਦੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਨੇ ਮਾਰੀ ਬਾਜ਼ੀ

ਅਜੀਤ ਡੈਸਕ 02-04-2026

ਬਠਿੰਡਾ/ਰਾਮਪੁਰਾ ਫੂਲ, 1 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ, ਹੇਮੰਤ ਕੁਮਾਰ ਸ਼ਰਮਾ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਪੈਂਦੀ ਬਲਾਕ ਸੰਮਤੀ ਫੂਲ ਦੇ ਚੇਅਰਪਰਸਨ ਅਤੇ ਮੀਤ ਚੇਅਰਪਰਸਨ ਦੀ ਚੋਣ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਚੋਣ ਅਧਿਕਾਰੀ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਦੀ ਨਿਗਰਾਨੀ ਹੇਠ ਸਥਾਨਕ ਮਿੰਨੀ ਸਕੱਤਰੇਤ ਵਿਖੇ ਹੋਈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਬਾਜੀ ਮਾਰੀ ਹੈ | ਅਕਾਲੀ ਦਲ ਦੀ ਮਨਦੀਪ ਕੌਰ ਪਤਨੀ ਬਲਜੀਤ ਸਿੰਘ ਨੀਲਾ ਮਹਿਰਾਜ ਚੇਅਰਪਰਸਨ ਚੁਣੀ ਗਈ ਅਤੇ ਕਿਰਨਜੀਤ ਕੌਰ ਮੀਤ ਚੇਅਰਪਰਸਨ ਚੁਣੀ ਗਈ ਹੈ, ਜਿਨ੍ਹਾਂ ਨੇ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਨੂੰ ਟੱਕਰ ਦਿੱਤੀ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਰਾਮਪੁਰਾ ਫੂਲ ਦੇ ਇੰਚਾਰਜ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ 'ਆਪ' ਦੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵੀ ਆਪਣੇ ਸਮਰਥਕਾਂ ਨਾਲ ਪੁੱਜੇ ਹੋਏ ਸਨ | ਇਸ ਦੌਰਾਨ ਅਕਾਲੀ ਦਲ ਦੇ ਸਾਰੇ 10 ਸੰਮਤੀ ਮੈਂਬਰ ਆਪਣੇ ਉਮੀਦਵਾਰ ਦੇ ਹੱਕ ਵਿਚ ਭੁਗਤੇ ਜਦਕਿ ਸੱਤਾਧਾਰੀ ਧਿਰ 'ਆਪ' ਆਪਣੇ 5 ਸੰਮਤੀ ਮੈਂਬਰਾਂ ਤੋਂ ਇਲਾਵਾ ਕਾਂਗਰਸ ਦੇ 2 ਅਤੇ 1 ਆਜ਼ਾਦ ਸੰਮਤੀ ਮੈਂਬਰ ਦਾ ਸਮਰਥਨ ਅਤੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਵੋਟ ਨਾਲ ਵੀ ਬਹੁਮਤ ਹਾਸਲ ਨਹੀਂ ਕਰ ਸਕੀ, ਜਿਸ ਕਾਰਨ ਇਸ ਚੋਣ ਵਿਚ ਬਹੁਮਤ ਦੇ ਨਾਲ ਅਕਾਲੀ ਦਲ ਜੇਤੂ ਰਿਹਾ |
ਜ਼ਿਕਰਯੋਗ ਹੈ ਕਿ 14 ਦਸੰਬਰ 2025 ਨੂੰ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਬਲਾਕ ਸੰਮਤੀ ਜ਼ੋਨ ਫੂਲ ਦੇ ਕੁੱਲ 18 ਮੈਂਬਰਾਂ 'ਚੋਂ ਅਕਾਲੀ ਦਲ ਦੇ 8, ਆਮ ਆਦਮੀ ਪਾਰਟੀ ਦੇ 6 ਅਤੇ ਕਾਂਗਰਸ ਪਾਰਟੀ ਦੇ 3 ਅਤੇ 1 ਆਜ਼ਾਦ ਮੈਂਬਰ ਜੇਤੂ ਰਿਹਾ ਸੀ, ਜਿਸ ਬਾਅਦ ਬਲਾਕ ਸੰਮਤੀ ਦੇ ਚੇਅਰਪਰਸਨ ਅਤੇ ਮੀਤ ਚੇਅਰਪਰਸਨ ਦੀ ਰੱਖੀ ਗਈ ਚੋਣ ਤਿੰਨ ਵਾਰ ਰੱਦ ਹੋ ਗਈ ਸੀ ਤੇ ਇਸ ਉਪਰੰਤ ਅਕਾਲੀ ਦਲ ਦੇ ਸੱਤਾਧਾਰੀ ਧਿਰ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਇਹ ਚੋਣ ਨਿਰਪੱਖ ਕਰਵਾਉਣ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤੇ ਹਾਈਕੋਰਟ ਨੇ ਇਸ ਚੋਣ ਲਈ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਚੋਣ ਅਧਿਕਾਰੀ ਨਿਯੁਕਤ ਕਰਦਿਆਂ ਇਹ ਚੋਣ ਆਪਣੀ ਨਿਗਰਾਨੀ ਹੇਠ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ, ਜਿਸ ਅਨੁਸਾਰ ਅੱਜ ਇਹ ਚੋਣ ਹੋਈ ਹੈ | ਪਰ ਇਸ ਚੋਣ ਪ੍ਰਕ੍ਰਿਆ ਤੋਂ ਪਹਿਲਾਂ ਹੀ ਸੱਤਾਧਾਰੀ ਧਿਰ ਅਤੇ ਕਾਂਗਰਸ ਪਾਰਟੀ ਦੇ 1-1 ਸੰਮਤੀ ਮੈਂਬਰ ਨੇ ਅਕਾਲੀ ਦਲ ਦਾ ਪੱਲਾ ਫੜ ਲਿਆ ਸੀ, ਜਿਸ ਬਾਅਦ ਅਕਾਲੀ ਦਲ ਦੇ ਸੰਮਤੀ ਮੈਂਬਰਾਂ ਦੀ ਗਿਣਤੀ 8 ਤੋਂ ਵੱਧ ਕੇ 10 ਹੋ ਗਈ ਸੀ ਤੇ ਇਸ ਬਹੁਮਤ ਨਾਲ ਅਕਾਲੀ ਦਲ ਨੇ ਇਹ ਬਾਜ਼ੀ ਮਾਰੀ ਹੈ | ਵੱਡੀ ਗੱਲ ਇਹ ਹੈ ਕਿ ਅਕਾਲੀ ਦਲ ਨੇ ਆਪਣੇ ਜੇਤੂ 8 ਮੈਂਬਰਾਂ 'ਚੋਂ ਸਿੱਧੇ ਤੌਰ 'ਤੇ ਚੇਅਰਪਰਸਨ ਅਤੇ ਮੀਤ ਚੇਅਰਪਰਸਨ ਦਾ ਉਮੀਦਵਾਰ ਬਣਾਉਣ ਦੀ ਬਜਾਏ ਆਪ ਤੇ ਕਾਂਗਰਸ ਦਾ ਸਾਥ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਏ ਦੋਵੇਂ ਸੰਮਤੀ ਮੈਂਬਰਾਂ ਨੂੰ ਕ੍ਰਮਵਾਰ ਚੇਅਰਪਰਸਨ ਅਤੇ ਮੀਤ ਚੇਅਰਪਰਸਨ ਦਾ ਉਮੀਦਵਾਰ ਬਣਾ ਕੇ ਇਹ ਦੋਵੇਂ ਅਹੁੱਦੇ ਅਕਾਲੀ ਦਲ ਦੀ ਝੋਲੀ ਵਿਚ ਪਾਏ ਹਨ |
ਇਸ ਮੌਕੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕੇ ਇਹ ਜਿੱਤ ਸਿਰਫ਼ ਬਲਾਕ ਸੰਮਤੀ ਚੇਅਰਪਰਸਨ ਦੀ ਹੀ ਜਿੱਤ ਨਹੀਂ ਹੈ, ਸਗੋਂ ਲੋਕਾਂ ਨੇ ਅਕਾਲੀ ਦਲ ਦੇ ਹੱਕ 'ਚ ਫ਼ਤਵਾ ਦੇ ਕੇ 2027 'ਚ ਅਕਾਲੀ ਸਰਕਾਰ ਬਣਾਉਣ ਦਾ ਮੁੱਢ ਬੰਨਿ੍ਹਆ ਹੈ ਅਤੇ ਆਪ ਦੀ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦਿੱਤਾ ਹੈ | ਇਸ ਮੌਕੇ ਹਰਿੰਦਰ ਸਿੰਘ ਹਿੰਦਾ ਮਹਿਰਾਜ, ਗਗਨਦੀਪ ਸਿੰਘ ਗਰੇਵਾਲ, ਸੱਤਪਾਲ ਗਰਗ, ਹੈਪੀ ਬਾਂਸਲ, ਸੁਖਜਿੰਦਰ ਖ਼ਾਨਦਾਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਪਾਲ ਸਿੰਘ ਦਿਆਲਪੁਰਾ ਮਿਰਜ਼ਾ, ਗੁਰਪ੍ਰੀਤ ਸਿੰਘ ਘੰਡਾਬੰਨਾ, ਪਿੰਟੂ ਜਲਾਲ, ਹਰਜੀਤ ਸਿੰਘ ਮਲੂਕਾ, ਡਾ: ਓਮ ਪ੍ਰਕਾਸ਼ ਸ਼ਰਮਾ ਜ਼ਿਲ੍ਹਾ ਪੈੱ੍ਰਸ ਸਕੱਤਰ, ਮਨਿੰਦਰ ਮਹਿਰਾਜ, ਸਰਬਜੀਤ ਕਾਂਗੜ, ਮਨਜੀਤ ਸਿੰਘ ਧੁੰਨਾ, ਗੋਗੀ ਬਰਾੜ, ਹਰਵਿੰਦਰ ਸਿੰਘ ਡੀ. ਸੀ., ਜਗਤਾਰ ਸਿੰਘ ਜਵੰਦਾ, ਗੁਰਮੇਲ ਸਿੰਘ ਭਾਈਰੂਪਾ, ਜੱਗ ਕੋਠਾਗੁਰੂ, ਰਕੇਸ਼ ਗੋਇਲ ਭਗਤਾ, ਜਗਮੋਹਨ ਭਗਤਾ, ਲਵਪ੍ਰੀਤ, ਸੁਸ਼ੀਲ ਕੁਮਾਰ, ਅਰੁਣ ਗੋਇਲ, ਵਿਕਰਮਜੀਤ ਸਿੰਘ ਵਿੱਕੀ, ਪਰਵਿੰਦਰ ਸਿੰਘ, ਸਰਬਜੀਤ ਸਿੰਘ, ਬਲਰਾਜ ਸਿੰਘ ਗੋਰਾ, ਜਸਜੀਤ ਸਿੰਘ ਜੱਸਾ, ਜਸਪਾਲ ਸਿੰਘ ਜੱਸਾ ਸਮੇਤ ਵੱਡੀ ਗਿਣਤੀ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਜਿੱਤ ਨੇ ਜਸ਼ਨ ਮਨਾਏ ਗਏ |

ਪਿਛਲੀ ਖ਼ਬਰ ਬਠਿੰਡਾ 'ਚ ਵੱਖ-ਵੱਖ ਚੋਰੀ ਦੇ ਮਾਮਲਿਆਂ 'ਚ ਦੋ ਅਣਪਛਾਤਿਆਂ 'ਤੇ ਮੁਕੱਦਮਾ ਦਰਜ ਅਗਲੀ ਖ਼ਬਰ ਮੀਂਹ ਅਤੇ ਗੜ੍ਹੇਮਾਰੀ ਨਾਲ ਕਣਕ ਦੀ ਫ਼ਸਲ ਦਾ ਵੱਡੀ ਪੱਧਰ 'ਤੇ ਨੁਕਸਾਨ, ਭਾਕਿਯੂ ਨੇ ਮੰਗਿਆ ਮੁਆਵਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।