93 ਸਾਲਾ ਡਾ. ਸਤਵੰਤ ਕੌਰ ਦਾ ਪੁਰਾਣੇ ਵਿਦਿਆਰਥੀਆਂ ਵਲੋਂ ਸਨਮਾਨ
ਕੋਟਫੱਤਾ, 8 ਸਤੰਬਰ (ਰਣਜੀਤ ਸਿੰਘ ਬੁੱਟਰ)- ਇਕ ਬਜ਼ੁਰਗ ਅਧਿਆਪਕ ਨੇ ਆਪਣੀ ਜ਼ਿੰਦਗੀ ਦੇ ਕਈ ਦਹਾਕੇ ਬੱਚਿਆਂ ਨੂੰ ਪੜ੍ਹਾਉਣ ਤੇ ਉਨ੍ਹਾਂ ਦਾ ਜੀਵਨ ਨੂੰ ਸੰਵਾਰਨ ’ਚ ਲਗਾਏ ਹੁੰਦੇ ਹਨ ਅਤੇ ਜਦੋਂ ਸਫ਼ਲ ਹੋਏ ਉਹ ਵਿਦਿਆਰਥੀ ਬੁਢਾਪੇ ’ਚ ਅਧਿਆਪਕ ਨੂੰ ਮਿਲਣ ਆਉਂਦੇ ਹਨ ਤਾਂ ਅਧਿਆਪਕ ਨੂੰ ਅਥਾਹ ਖੁਸ਼ੀ ਹੁੰਦੀ ਹੈ ਅਜਿਹਾ ਹੀ ਹੋਇਆ 93 ਸਾਲਾ ਸੇਵਾ ਮੁਕਤ ਮੁੱਖ ਅਧਿਆਪਕਾ ਡਾ: ਸਤਵੰਤ ਕੌਰ ਨਾਲ ਉਨ੍ਹਾਂ ਦੀ ਖੁਸ਼ੀ ਦਾ ਉਸ ਸਮੇਂ ਕੋਈ ਟਿਕਾਣਾ ਨਾ ਰਿਹਾ, ਜਦੋਂ ਉਨ੍ਹਾਂ ਦੇ ਪੜ੍ਹਾਏ ਜ਼ਿੰਦਗੀ ’ਚ ਸਫ਼ਲ ਕੋਟਸ਼ਮੀਰ ਦੇ 1978 ਵਿਚ ਦਸਵੀਂ ਪਾਸ ਆਊਟ ਚਾਰ ਵਿਦਿਆਰਥੀ ਸੇਵਾਮੁਕਤ ਲੈਕਚਰਾਰ ਤੇ ਲੇਖਕ ਭੋਲਾ ਸਿੰਘ ਸ਼ਮੀਰੀਆ, ਅੰਤਰਰਾਸ਼ਟਰੀ ਦੌੜਾਕ ਬਲਵਿੰਦਰ ਸਿੰਘ ਨੰਬਰਦਾਰ, ਗੁਰਦੀਪ ਸਿੰਘ ਸਿੱਧੂ ਸੇਵਾਮੁਕਤ ਸੈਕਟਰੀ ਸਹਿਕਾਰੀ ਸਭਾ ਕੋਟਸ਼ਮੀਰ ਅਤੇ ਸਾਬਕਾ ਸਰਪੰਚ ਕੋਟਸ਼ਮੀਰ ਹਰਬੰਸ ਸਿੰਘ ਮਸਤਾਨਾ ਉਨ੍ਹਾਂ ਦੇ ਬਠਿੰਡਾ ਸਥਿਤ ਘਰ ਪਹੁੰਚੇ। ਉੱਚੇਚੇ ਤੌਰ ’ਤੇ ਪਹੁੰਚੇ ਆਪਣੇ ਵਿਦਿਆਰਥੀਆਂ ਦਾ ਮੈਡਮ ਨੇ ਗਲ ’ਚ ਹਾਰ ਪਾ ਕੇ ਸਵਾਗਤ ਕੀਤਾ ਤੇ ਵਿਦਿਆਰਥੀਆਂ ਨੇ ਵੀ ਆਪਣੀ ਅਧਿਆਪਕਾਂ ਨੂੰ ਫੁੱਲਾਂ ਦੇ ਗੁਲਦਸਤੇ, ਮਠਿਆਈਆਂ ਤੇ ਉਨ੍ਹਾਂ ਦੇ 93ਵੇਂ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।