ਝੋਨੇ ਦੀ ਪਰਾਲੀ ਬਣੇਗੀ ਸੋਨਾ ਝੋਨੇ ਦੀ ਪਰਾਲੀ ਤੋਂ ਬਣੀਆਂ ਗਿੱਟੀਆਂ ਅਤੇ ਬੇਲਾਂ ਦੇ ਵਧਦੇ ਭਾਅ ਨਾਲ ਕਿਸਾਨਾਂ ਲਈ ਖੁੱਲ੍ਹਣਗੇ ਆਮਦਨ ਦੇ ਨਵੇਂ ਰਾਹ
ਬਠਿੰਡਾ, 16 ਨਵੰਬਰ (ਵੀਰਪਾਲ ਸਿੰਘ)- ਪੰਜਾਬ ਵਿਚ ਝੋਨੇ ਦੀ ਪਰਾਲੀ ਹੁਣ ਸਿਰਫ਼ ਖੇਤਾਂ ਵਿਚੋਂ ਹਟਾਉਣ ਵਾਲੀ ਰਹਿੰਦ-ਖੂੰਹਦ ਨਹੀਂ ਰਹੀ, ਸਗੋਂ ਕਿਸਾਨਾਂ ਦੇ ਖੇਤਾਂ ਵਿਚ ਉੱਗਣ ਵਾਲਾ ਸੋਨਾ ਸਾਬਤ ਹੋਣ ਲੱਗੀ, ਜਿਸ ਨਾਲ ਕਿਸਾਨਾਂ ਲਈ ਆਮਦਨ ਦਾ ਨਵਾਂ ਸਾਧਨ ਪੈਦਾ ਹੁੰਦੇ ਅਸਾਰ ਵੱਧ ਰਹੇ ਹਨ। ਪੰਜਾਬ ਵਿਚ ਪਰਾਲੀ ਦੀ ਵਧ ਰਹੀ ਹੈ ਇਸ ਵੇਖਦਿਆਂ ਕਿਸਾਨਾਂ ਵਲੋਂ ਪਰਾਲੀ ਸਾਂਭ ਸੰਭਾਲ ਵੱਡੇ ਪੱਧਰ ‘ਤੇ ਕੀਤੀ ਜਾ ਰਹੀ।
ਮ
ਮਾਲਵੇ ਖੇਤਰ ’ਚ ਕਿਸਾਨਾਂ ਵਲੋਂ ਇਕੱਠੇ ਕੀਤੀ ਗਈ ਪਰਾਲੀ ਦੇ ਡੰਪ ਦੀ ਤਸਵੀਰ। ਤਸਵੀਰ: ਲਵਲੀ
17-11-2026
ਬਠਿੰਡਾ, 16 ਨਵੰਬਰ (ਵੀਰਪਾਲ ਸਿੰਘ)- ਪੰਜਾਬ ਵਿਚ ਝੋਨੇ ਦੀ ਪਰਾਲੀ ਹੁਣ ਸਿਰਫ਼ ਖੇਤਾਂ ਵਿਚੋਂ ਹਟਾਉਣ ਵਾਲੀ ਰਹਿੰਦ-ਖੂੰਹਦ ਨਹੀਂ ਰਹੀ, ਸਗੋਂ ਕਿਸਾਨਾਂ ਦੇ ਖੇਤਾਂ ਵਿਚ ਉੱਗਣ ਵਾਲਾ ਸੋਨਾ ਸਾਬਤ ਹੋਣ ਲੱਗੀ, ਜਿਸ ਨਾਲ ਕਿਸਾਨਾਂ ਲਈ ਆਮਦਨ ਦਾ ਨਵਾਂ ਸਾਧਨ ਪੈਦਾ ਹੁੰਦੇ ਅਸਾਰ ਵੱਧ ਰਹੇ ਹਨ। ਪੰਜਾਬ ਵਿਚ ਪਰਾਲੀ ਦੀ ਵਧ ਰਹੀ ਹੈ ਇਸ ਵੇਖਦਿਆਂ ਕਿਸਾਨਾਂ ਵਲੋਂ ਪਰਾਲੀ ਸਾਂਭ ਸੰਭਾਲ ਵੱਡੇ ਪੱਧਰ ‘ਤੇ ਕੀਤੀ ਜਾ ਰਹੀ। ਇਸ ਨਾਲ ਪੰਜਾਬ ਵਿਚ ਪੁਰਾਣੀ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ 80 ਫ਼ੀਸਦੀ ਘੱਟ ਗਏ ਹਨ। ਜਿਸ ਨਾਲ ਪੰਜਾਬ ਵਿਚ ਪ੍ਰਦੂਸ਼ਣ ਤੋਂ ਵੱਡੀ ਰਹਤ ਮਿਲੀ ਹੈ। ਪਰਾਲੀ ਤੋਂ ਬਿਜਲੀ, ਬਾਇਓਗੈਸ, ਬਾਇਓਮਾਸ ਪੈਲੇਟ ਅਤੇ ਹੋਰ ਊਰਜਾ ਉਤਪਾਦ ਤਿਆਰ ਕਰਨ ਵਾਲੇ ਉਦਯੋਗਾਂ ਦੀ ਵਧ ਰਹੀ ਗਿਣਤੀ ਕਾਰਨ ਇਸ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਦੇ ਨਾਲ ਹੀ ਪਰਾਲੀ ਦੀਆਂ ਗਿੱਟੀਆਂ ਅਤੇ ਬੇਲਾਂ ਤਿਆਰ ਕਰਨ ਵਾਲੇ ਕਾਰੋਬਾਰ ਵਿਚ ਵੀ ਕਿਸਾਨਾਂ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ। ਕਿਸਾਨਾਂ ਅਤੇ ਪਰਾਲੀ ਇਕੱਠੀ ਕਰਨ ਵਾਲੇ ਕਾਰੋਬਾਰ ਨਾਲ ਜੁੜੇ ਲੋਕਾਂ ਅਨੁਸਾਰ ਖੁੱਲ੍ਹੀ ਪਰਾਲੀ ਦਾ ਭਾਅ ਇਸ ਸਮੇਂ ਲਗਭਗ 170 ਤੋਂ 180 ਰੁਪਏ ਪ੍ਰਤੀ ਕੁਇੰਟਲ ਤੱਕ ਦੱਸਿਆ ਜਾ ਰਿਹਾ ਹੈ, ਜਦਕਿ ਇਕੱਠੀ ਕੀਤੀ ਅਤੇ ਪ੍ਰੋਸੈਸ ਕੀਤੀ ਪਰਾਲੀ ਦੀਆਂ ਗਿੱਟੀਆਂ ਜਾਂ ਬੇਲਾਂ ਦੇ ਭਾਅ 350 ਤੋਂ 550 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਰਹੇ ਹਨ। ਹਾਲਾਂਕਿ ਇਹ ਭਾਅ ਇਲਾਕੇ, ਗੁਣਵੱਤਾ, ਆਵਾਜਾਈ ਅਤੇ ਖ਼ਰੀਦਦਾਰ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦੇ ਹਨ। ਉਦਯੋਗਾਂ ਦੀ ਮੰਗ ਅਤੇ ਸਪਲਾਈ ਦੇ ਪ੍ਰਬੰਧ ਵਿਚ ਵਾਧਾ ਹੋਣ ਨਾਲ ਆਉਣ ਵਾਲੇ ਸਮੇਂ ਵਿਚ ਕੀਮਤਾਂ ਹੋਰ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੰਜਾਬ ਵਿਚ ਹਰ ਸਾਲ ਪੈਦਾ ਹੁੰਦੀ ਹੈ ਲਗਭਗ 1.9 ਕਰੋੜ ਟਨ ਪਰਾਲੀ ਪੰਜਾਬ ਦੇ ਖੇਤੀਬਾੜੀ ਅੰਕੜਿਆਂ ਅਨੁਸਾਰ ਸੂਬੇ ਵਿਚ ਲਗਭਗ 30 ਤੋਂ 31 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਕਾਸ਼ਤ ਹੁੰਦੀ ਹੈ। ਇਸ ਵਿਚੋਂ ਸਾਲ 2025 ਦੌਰਾਨ ਲਗਭਗ 1.932 ਕਰੋੜ ਟਨ ਪਰਾਲੀ ਪੈਦਾ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ। ਇਹ ਵੱਡੀ ਮਾਤਰਾ ਉਦਯੋਗਾਂ ਲਈ ਕੱਚੇ ਮਾਲ ਦਾ ਮਜ਼ਬੂਤ ਸਰੋਤ ਬਣ ਸਕਦੀ ਹੈ। ਸਰਕਾਰੀ ਯੋਜਨਾ ਅਨੁਸਾਰ 2025 ਵਿਚ ਲਗਭਗ 70.6 ਲੱਖ ਟਨ ਪਰਾਲੀ ਨੂੰ ਖੇਤਾਂ ਤੋਂ ਬਾਹਰ ਇਕੱਠਾ ਕਰਕੇ ਉਦਯੋਗਿਕ ਅਤੇ ਹੋਰ ਵਰਤੋਂ ਵਿਚ ਲਿਆਉਣ ਦਾ ਟੀਚਾ ਰੱਖਿਆ ਗਿਆ ਸੀ। 31 ਪੈਲੇਟ ਯੂਨਿਟ ਕਰ ਰਹੇ ਹਨ ਕੰਮ ਪੰਜਾਬ ਵਿਚ ਪਰਾਲੀ ਤੋਂ ਬਾਇਓਮਾਸ ਪੈਲੇਟ ਤਿਆਰ ਕਰਨ ਵਾਲੇ ਉਦਯੋਗਾਂ ਦਾ ਵਿਸਥਾਰ ਹੋ ਰਿਹਾ ਹੈ। ਸਤੰਬਰ 2025 ਦੀਆਂ ਰਿਪੋਰਟਾਂ ਅਨੁਸਾਰ ਸੂਬੇ ਵਿਚ 31 ਪੈਲੇਟ ਨਿਰਮਾਣ ਯੂਨਿਟ ਚਾਲੂ ਸਨ, ਜਿਨ੍ਹਾਂ ਦੀ ਸਾਲਾਨਾ ਸਮਰੱਥਾ ਲਗਭਗ 5.5 ਲੱਖ ਟਨ ਪਰਾਲੀ ਦੀ ਖਪਤ ਕਰਨ ਦੀ ਸੀ। ਇਸ ਤੋਂ ਇਲਾਵਾ 36 ਹੋਰ ਯੂਨਿਟਾਂ ਦੀ ਸਥਾਪਨਾ ਦੀ ਪ੍ਰਕਿਰਿਆ ਚੱਲ ਰਹੀ ਸੀ। ਇਸੇ ਤਰ੍ਹਾਂ ਪੰਜਾਬ ਵਿਚ ਪਰਾਲੀ ਆਧਾਰਿਤ ਕੰਪਰੈੱਸਡ ਬਾਇਓਗੈਸ (ਸੀਬੀਜੀ) ਦੇ 55 ਪ੍ਰਾਜੈਕਟ ਅਲਾਟ ਕੀਤੇ ਗਏ ਹਨ। ਇਨ੍ਹਾਂ ਦੀ ਕੁਲ ਪ੍ਰਸਤਾਵਿਤ ਸਮਰੱਥਾ ਲਗਭਗ 800 ਟਨ ਪ੍ਰਤੀ ਦਿਨ ਹੈ। ਇਨ੍ਹਾਂ ਵਿਚੋਂ ਅੱਠ ਪ੍ਰਾਜੈਕਟ ਚਾਲੂ ਹੋ ਚੁੱਕੇ ਸਨ। ਇਹ ਉਦਯੋਗ ਆਉਣ ਵਾਲੇ ਸਮੇਂ ਵਿਚ ਪਰਾਲੀ ਦੀ ਮੰਗ ਨੂੰ ਹੋਰ ਮਜ਼ਬੂਤ ਕਰ ਸਕਦੇ ਹਨ। ਮਸ਼ੀਨਰੀ ‘ਤੇ ਕਰੋੜਾਂ ਦੀ ਸਬਸਿਡੀ ਕੇਂਦਰ ਸਰਕਾਰ ਦੀ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਯੋਜਨਾ ਤਹਿਤ ਪੰਜਾਬ ਨੂੰ ਸਾਲ 2018-19 ਤੋਂ ਮਸ਼ੀਨਰੀ ਲਈ 1,963.45 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਵਿਅਕਤੀਗਤ ਕਿਸਾਨਾਂ ਨੂੰ ਮਸ਼ੀਨਾਂ ਦੀ ਖ਼ਰੀਦ ‘ਤੇ 50 ਫ਼ੀਸਦੀ ਅਤੇ ਕਸਟਮ ਹਾਇਰਿੰਗ ਸੈਂਟਰਾਂ ਦੀ ਸਥਾਪਨਾ ਲਈ 80 ਫ਼ੀਸਦੀ ਤੱਕ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਸਰਕਾਰੀ ਰਿਪੋਰਟ ਅਨੁਸਾਰ 2,183 ਬੇਲਰ ਅਤੇ 2,039 ਰੇਕ ਮਸ਼ੀਨਾਂ ਸਬਸਿਡੀ ‘ਤੇ ਉਪਲਬਧ ਕਰਵਾਈਆਂ ਗਈਆਂ ਹਨ। ਕਿਸਾਨਾਂ ਦੀ ਆਮਦਨ ਵਿਚ ਹੋ ਸਕਦਾ ਹੈ ਵਾਧਾ ਪਰਾਲੀ ਦੀਆਂ ਗਿੱਟੀਆਂ ਤਿਆਰ ਕਰਨ ਲਈ ਬੇਲਰ, ਰੇਕਰ, ਟਰਾਲੀਆਂ ਅਤੇ ਹੋਰ ਮਸ਼ੀਨਰੀ ਦੀ ਲੋੜ ਹੁੰਦੀ ਹੈ। ਇਸ ਕਾਰੋਬਾਰ ਨਾਲ ਕਿਸਾਨਾਂ ਤੋਂ ਇਲਾਵਾ ਟਰਾਂਸਪੋਰਟ, ਮਜ਼ਦੂਰੀ, ਸਟੋਰੇਜ ਅਤੇ ਪ੍ਰੋਸੈਸਿੰਗ ਨਾਲ ਜੁੜੇ ਲੋਕਾਂ ਨੂੰ ਵੀ ਰੁਜ਼ਗਾਰ ਮਿਲ ਸਕਦਾ ਹੈ। ਜੇਕਰ ਉਦਯੋਗਾਂ ਅਤੇ ਕਿਸਾਨਾਂ ਵਿਚਕਾਰ ਸਿੱਧੇ ਖ਼ਰੀਦ ਸਮਝੌਤੇ ਹੋਣ ਅਤੇ ਪਰਾਲੀ ਦੀ ਢੋਆ-ਢੁਆਈ ਦਾ ਖਰਚਾ ਘਟਾਇਆ ਜਾਵੇ ਤਾਂ ਕਿਸਾਨਾਂ ਨੂੰ ਵਧੀਆ ਆਮਦਨ ਮਿਲ ਸਕਦੀ ਹੈ।ਇਸ ਤਰ੍ਹਾਂ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਨੂੰ ਆਮਦਨ ਦੇ ਮੌਕੇ ਵਿਚ ਬਦਲਿਆ ਜਾ ਸਕਦਾ ਹੈ। ਲੋੜ ਹੈ ਕਿ ਸਰਕਾਰ ਉਦਯੋਗਾਂ ਦੀ ਸਮਰੱਥਾ ਵਧਾਉਣ ਦੇ ਨਾਲ-ਨਾਲ ਕਿਸਾਨਾਂ ਨੂੰ ਪਰਾਲੀ ਦੇ ਵਾਜਬ ਭਾਅ, ਸਟੋਰੇਜ ਅਤੇ ਮੰਡੀਕਰਨ ਦੀ ਸਹੂਲਤ ਵੀ ਮੁਹੱਈਆ ਕਰਵਾਉਣ ਨਾਲ ਪੰਜਾਬ ਦੇ ਕਿਸਾਨਾਂ ਲਈ ਨਵੇਂ ਆਮਦਨ ਦੇ ਰਾਹ ਖੁੱਲ ਸਕਦੇ ਹਨ।