ਭੀਖੀ ਡਿਸਟਰੀਬਿਊਟਰੀ ’ਚ 9 ਸਾਲ ਪਹਿਲਾਂ ਤੋਂ ਲੱਗੇ ਮੋਘੇ ਰਾਹੀਂ ਹਾਲੇ ਤੱਕ ਨਹੀਂ ਮਿਲਿਆ ਪਾਣੀ
ਭੀਖੀ, 16 ਸਤੰਬਰ (ਬਲਕਾਰ ਸਿੰਘ ਸਹੋਤਾ)- ਨੇੜਲੇ ਪਿੰਡ ਹਮੀਰਗੜ੍ਹ ਢੈਪਈ ਅਤੇ ਪਿੰਡ ਹੀਰੋਂ ਕਲਾਂ ਦਾ ਕਰੀਬ 800 ਏਕੜ ਰਕਬਾ ਪਿਛਲੇ 2 ਦਹਾਕਿਆਂ ਤੋਂ ਨਹਿਰੀ ਪਾਣੀ ਨਾ ਮਿਲਣ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਪ੍ਰਭਾਵਿਤ ਕਿਸਾਨਾਂ ਨੇ ਕਾਰਜਕਾਰੀ ਇੰਜੀਨੀਅਰ ਤੋਂ ਲੈ ਕੇ ਮੁੱਖ ਮੰਤਰੀ ਦਫ਼ਤਰ ਤੱਕ ਕਈ ਪੱਤਰ ਭੇਜੇ ਪਰ ਸਰਕਾਰ ਅਤੇ ਟਿਊਬਵੈੱਲ ਕਾਰਪੋਰੇਸ਼ਨ ਦੇ ਕੰਨ ’ਤੇ ਜੂੰ ਨਹੀਂ ਸਰਕੀ।
ਪ
ਪਿੰਡ ਹਮੀਰਗੜ੍ਹ ਢੈਪਈ ਵਿਖੇ ਮੋਘੇ ਤੋਂ ਖੇਤਾਂ ਲਈ ਪਾਈਪ ਦੀ ਮੰਗ ਨੂੰ ਲੈ ਕੇ ਇਕੱਤਰ ਹੋਏ ਕਿਸਾਨ। ਤਸਵੀਰ : ਬਲਕਾਰ ਸਿੰਘ ਸਹੋਤਾ
17-09-2026
ਭੀਖੀ, 16 ਸਤੰਬਰ (ਬਲਕਾਰ ਸਿੰਘ ਸਹੋਤਾ)- ਨੇੜਲੇ ਪਿੰਡ ਹਮੀਰਗੜ੍ਹ ਢੈਪਈ ਅਤੇ ਪਿੰਡ ਹੀਰੋਂ ਕਲਾਂ ਦਾ ਕਰੀਬ 800 ਏਕੜ ਰਕਬਾ ਪਿਛਲੇ 2 ਦਹਾਕਿਆਂ ਤੋਂ ਨਹਿਰੀ ਪਾਣੀ ਨਾ ਮਿਲਣ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਪ੍ਰਭਾਵਿਤ ਕਿਸਾਨਾਂ ਨੇ ਕਾਰਜਕਾਰੀ ਇੰਜੀਨੀਅਰ ਤੋਂ ਲੈ ਕੇ ਮੁੱਖ ਮੰਤਰੀ ਦਫ਼ਤਰ ਤੱਕ ਕਈ ਪੱਤਰ ਭੇਜੇ ਪਰ ਸਰਕਾਰ ਅਤੇ ਟਿਊਬਵੈੱਲ ਕਾਰਪੋਰੇਸ਼ਨ ਦੇ ਕੰਨ ’ਤੇ ਜੂੰ ਨਹੀਂ ਸਰਕੀ। ਦੋਵੇਂ ਪਿੰਡਾਂ ਦੇ ਕਿਸਾਨਾਂ ਲਈ ਉਕਤ ਮੋਘੇ ਤੋਂ ਜਲ ਸਪਲਾਈ ਉੱਠ ਦਾ ਬੁੱਲ ਬਣ ਕੇ ਲਟਕੀ ਹੋਈ ਹੈ। ਅੱਕੇ ਕਿਸਾਨਾਂ ਨੇ ਪਿੰਡ ਹਮੀਰਗੜ੍ਹ ਢੈਪਈ ਵਿਖੇ ਇਕੱਤਰਤਾ ਕੀਤੀ। ਉਨ੍ਹਾਂ ਕਿਹਾ ਕਿ ਕਰੀਬ 20 ਸਾਲ ਪਹਿਲਾਂ ਸੰਬੰਧਿਤ ਰਕਬੇ ਨੂੰ ਪਾਣੀ ਲੌਂਗੋਵਾਲ ਰਜਬਾਹੇ ਤੋਂ ਦਿੱਤਾ ਜਾਂਦਾ ਸੀ ਪਰ ਪਾਣੀ ਦੀ ਮਾਤਰਾ ਪੂਰੀ ਨਾ ਹੋਣ ਕਰ ਕੇ ਕਿਸਾਨਾਂ ਦੀ ਮੰਗ ’ਤੇ ਇਹ ਮੋਘਾ ਬੰਦ ਕਰ ਕੇ ਨਵਾਂ ਮੋਘਾ ਭੀਖੀ ਡਿਸਟਰੀਬਿਊਟਰੀ ਵਲੋਂ ਅਲਾਟ ਕਰ ਦਿੱਤਾ ਗਿਆ ਅਤੇ ਇਸ ਰਕਬੇ ਨੂੰ ਜਲ ਸਪਲਾਈ ਦੇਣ ਲਈ ਹੋਣ ਵਾਲੇ ਸੰਭਾਵਿਤ ਖ਼ਰਚੇ ’ਚ ਕਿਸਾਨਾਂ ਦੀ ਹਿੱਸੇਦਾਰੀ 5 ਲੱਖ ਰੁਪਏ ਕਰੀਬ 12 ਸਾਲ ਪਹਿਲਾਂ ਭਰਵਾ ਲਈ ਗਈ, ਉਪਰੰਤ 9 ਵਰ੍ਹੇ ਪਹਿਲਾਂ ਮੋਘਾ ਵੀ ਲਗਾ ਦਿੱਤਾ ਗਿਆ ਪਰ ਜਲ ਸਪਲਾਈ ਲਈ ਕੋਈ ਵੀ ਵਿਧੀ ਮੁਹੱਈਆ ਨਹੀਂ ਕਰਵਾਈ ਗਈ। ਇਕੱਤਰਤਾ ਮੌਕੇ ਕਿਸਾਨ ਆਗੂ ਧਨਜੀਤ ਸਿੰਘ ਢੈਪਈ, ਤੋਤਾ ਰਾਮ, ਅਮਰਿੰਦਰ ਸਿੰਘ ਢੈਪਈ, ਭਾਕਿਯੂ (ਸਿੱਧੂਪੁਰ) ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਜੀਤ ਸਿੰਘ ਆਦਿ ਨੇ ਕਿਹਾ ਕਿ ਉਹ ਪਿਛਲੇ 20 ਸਾਲ ਤੋਂ ਜ਼ਾਬਤੇ ’ਚ ਰਹਿ ਕੇ ਮੋਘੇ ਤੋਂ ਪਾਈਪ ਲਾਈਨ ਜਾਂ ਖਾਲ ਪਾਉਣ ਦੀ ਮੰਗ ਕਰ ਰਹੇ ਹਨ ਅਤੇ ਇਸ ਕਾਰਜ ਲਈ ਜ਼ਮੀਨ ਦੀ ਪੁਮਾਇੰਸ਼ ਵੀ ਹੋ ਚੁੱਕੀ ਹੈ ਪਰ ਹਾਲੇ ਤੱਕ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਕਿ ਜੇਕਰ ਇੱਕ ਹਫ਼ਤੇ ’ਚ ਕੋਈ ਫ਼ੈਸਲਾ ਨਹੀਂ ਲਿਆ ਤਾਂ ਭਵਾਨੀਗੜ੍ਹ-ਕੋਟਸ਼ਮੀਰ ਸੜਕ ’ਤੇ ਅਣਮਿਥੇ ਸਮੇਂ ਲਈ ਧਰਨਾ ਲਗਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਜਸਵਿੰਦਰ ਸਿੰਘ, ਹਾਕਮ ਸਿੰਘ, ਕੁਲਦੀਪ ਸਿੰਘ, ਰਘੁਵੀਰ ਸਿੰਘ, ਸੁਰਜੀਤ ਸਿੰਘ, ਪ੍ਰਿਥੀ ਸਿੰਘ, ਜਸਪਾਲ ਸਿੰਘ, ਸੁਖਪਾਲ ਸਿੰਘ, ਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।