ਖੰਨਾ, 28 ਅਗਸਤ (ਹਰਜਿੰਦਰ ਸਿੰਘ ਲਾਲ)-ਧਰਮਾਂ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਮਨੁੱਖੀ ਰਿਸ਼ਤਿਆਂ ਦੀ ਮਜ਼ਬੂਤੀ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰ ਰਹੇ ਖੰਨਾ ਦੇ ਉੱਘੇ ਡਾਕਟਰ ਡਾ. ਅਮਰਬੀਰ ਸਿੰਘ ਅਤੇ ਉੱਘੀ ਸਮਾਜ ਸੇਵਿਕਾ ਬੀਬੀ ਫ਼ਾਤਿਮਾ ਅੱਜ ਦੁਨੀਆ ਲਈ ਸਾਂਝੀਵਾਲਤਾ ਦਾ ਪ੍ਰਤੀਕ ਬਣੇ ਹੋਏ ਹਨ। ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਤੋਂ ਬੀਬੀ ਫ਼ਾਤਿਮਾ ਆਪਣੇ ਮੂੰਹ ਬੋਲੇ ਸਿੱਖ ਭਰਾ ਡਾ. ਅਮਰਬੀਰ ਸਿੰਘ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀ ਆ ਰਹੀ ਹੈ। ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਬੀਬੀ ਫ਼ਾਤਿਮਾ ਨੇ ਡਾ. ਅਮਰਬੀਰ ਸਿੰਘ ਨੂੰ ਰੱਖੜੀ ਬੰਨ੍ਹ ਕੇ ਭੈਣ-ਭਰਾ ਦੇ ਇਸ ਪਿਆਰ ਭਰੇ ਰਿਸ਼ਤੇ ਨੂੰ ਹੋਰ ਮਜ਼ਬੂਤ ਕੀਤਾ। ਇਸ ਮੌਕੇ ਦੋਵਾਂ ਦੇ ਚਿਹਰਿਆਂ ‘ਤੇ ਨਜ਼ਰ ਆ ਰਹੀ ਖ਼ੁਸ਼ੀ ਅਤੇ ਆਪਸੀ ਸਨੇਹ ਨੇ ਧਰਮਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਦਾ ਸੰਦੇਸ਼ ਦਿੱਤਾ। ਡਾ. ਅਮਰਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਭੈਣ ਦੀ ਕਮੀ ਮਹਿਸੂਸ ਨਹੀਂ ਹੋਈ। ਬੀਬੀ ਫ਼ਾਤਿਮਾ ਨਾਲ ਉਨ੍ਹਾਂ ਦਾ ਰਿਸ਼ਤਾ ਇੰਨਾ ਗੂੜ੍ਹਾ ਹੈ ਕਿ ਉਹ ਦੋਵੇਂ ਸਕੇ ਭੈਣ-ਭਰਾਵਾਂ ਨਾਲੋਂ ਵੀ ਵੱਧ ਪਿਆਰ ਅਤੇ ਸਮਰਪਣ ਨਾਲ ਇਸ ਰਿਸ਼ਤੇ ਨੂੰ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਧਰਮ ਵੱਖਰੇ ਹੋ ਸਕਦੇ ਹਨ ਪਰ ਪਿਆਰ, ਸਤਿਕਾਰ ਅਤੇ ਮਨੁੱਖੀ ਰਿਸ਼ਤਿਆਂ ਦੀ ਕੋਈ ਸਰਹੱਦ ਨਹੀਂ ਹੁੰਦੀ। ਬੀਬੀ ਫ਼ਾਤਿਮਾ ਨੇ ਕਿਹਾ ਕਿ ਡਾ. ਅਮਰਬੀਰ ਸਿੰਘ ਉਨ੍ਹਾਂ ਨੂੰ ਆਪਣੀ ਸਕੀ ਭੈਣ ਤੋਂ ਵੀ ਵੱਧ ਪਿਆਰ ਦਿੰਦੇ ਹਨ ਅਤੇ ਹਰ ਦੁੱਖ-ਸੁੱਖ ਵਿਚ ਉਨ੍ਹਾਂ ਦੇ ਨਾਲ ਖੜ੍ਹਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਦਹਾਕਿਆਂ ਤੋਂ ਵੱਧ ਦੇ ਰਿਸ਼ਤੇ ਦੌਰਾਨ ਉਨ੍ਹਾਂ ਨੂੰ ਕਦੇ ਇਹ ਮਹਿਸੂਸ ਨਹੀਂ ਹੋਇਆ ਕਿ ਉਹ ਦੋਵੇਂ ਵੱਖ-ਵੱਖ ਧਰ ਮਾਂ ਨਾਲ ਸਬੰਧਿਤ ਹਨ। ਅਜਿਹੇ ਰਿਸ਼ਤੇ ਅੱਜ ਦੇ ਸਮੇਂ ਵਿਚ ਲੋਕਾਂ ਨੂੰ ਧਰਮ ਅਤੇ ਜਾਤ-ਪਾਤ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਨੂੰ ਪਹਿਲ ਦੇਣ ਦੀ ਪ੍ਰੇਰਨਾ ਦਿੰਦੇ ਹਨ। ਇਸ ਮੌਕੇ ਰੋਜ਼ੀ ਗਿੱਲ, ਅਰਮਾਨ ਗਿੱਲ ਆਦਿ ਵੀ ਹਾਜ਼ਰ ਸਨ।
ਦੁਨੀਆ ਲਈ ਸਾਂਝੀਵਾਲਤਾ ਦਾ ਪ੍ਰਤੀਕ ਬਣੇ ਸਿੱਖ-ਮੁਸਲਮਾਨ ਭੈਣ-ਭਰਾ
ਖੰਨਾ, 28 ਅਗਸਤ (ਹਰਜਿੰਦਰ ਸਿੰਘ ਲਾਲ)-ਧਰਮਾਂ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਮਨੁੱਖੀ ਰਿਸ਼ਤਿਆਂ ਦੀ ਮਜ਼ਬੂਤੀ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰ ਰਹੇ ਖੰਨਾ ਦੇ ਉੱਘੇ ਡਾਕਟਰ ਡਾ. ਅਮਰਬੀਰ ਸਿੰਘ ਅਤੇ ਉੱਘੀ ਸਮਾਜ ਸੇਵਿਕਾ ਬੀਬੀ ਫ਼ਾਤਿਮਾ ਅੱਜ ਦੁਨੀਆ ਲਈ ਸਾਂਝੀਵਾਲਤਾ ਦਾ ਪ੍ਰਤੀਕ ਬਣੇ ਹੋਏ ਹਨ।
ਰੱਖੜੀ ਦੇ ਤਿਉਹਾਰ ਮੌਕੇ ਡਾ. ਅਮਰਬੀਰ ਸਿੰਘ ਨੂੰ ਰੱਖੜੀ ਬੰਨਦੇ ਬੀਬੀ ਫਾਤਿਮਾ। ਤਸਵੀਰ : ਸੋਨੀ ਗਿੱਲ
29-08-2026