ਮਲੌਦ, 8 ਸਤੰਬਰ (ਸਹਾਰਨ ਮਾਜਰਾ)- ਐੱਸ.ਸੀ./ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਵਰਚੂਅਲ ਮੀਟਿੰਗ ਸੂਬਾ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਥੇਬੰਦੀ ਵਲੋਂ 15 ਸਤੰਬਰ ਨੂੰ 1013 ਲੈਕਚਰਾਰ ਸਿੱਧੀ ਭਰਤੀ ਵਿੱਚ ਐੱਸ. ਸੀ. (25 ਪ੍ਰਤੀਸ਼ਤ) ਅਤੇ ਬੀ.ਸੀ. (12 ਪ੍ਰਤੀਸ਼ਤ) ਵਰਗ ਬਣਦਾ ਰਾਖਵਾਂ ਕੋਟਾ ਨਾ ਦੇਣ ਦੇ ਰੋਸ ਵਜੋਂ ਡਾਇਰੈਕਟਰ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ਼ ਫੇਸ 1 ਮੋਹਾਲੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਭਲਾਈ ਮੰਤਰੀ ਡਾ. ਬਲਜੀਤ ਕੌਰ ਅਤੇ ਡਾਇਰੈਕਟਰ ਭਲਾਈ ਵਿਭਾਗ ਦੇ ਪੁਤਲੇ ਫੂਕ ਕੇ ਜੋਰਦਾਰ ਰੋਸ ਮੁਜਾਹਰਾ ਕੀਤਾ ਜਾਵੇਗਾ। ਸੂਬਾ ਸਕੱਤਰ ਜਨਰਲ ਬਲਵਿੰਦਰ ਸਿੰਘ ਲਤਾਲਾ ਅਤੇ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਨੇ ਦੱਸਿਆ ਕਿ ਵਿਭਾਗੀ ਅਧਿਕਾਰੀਆਂ ਵਲੋਂ ਰਾਖਵਾਂਕਰਨ ਵਿਰੋਧੀ ਮਾਨਸਿਕਤਾ ਤਹਿਤ 1013 ਲੈਕਚਰਾਰ ਸਿੱਧੀ ਭਰਤੀ ਵਿੱਚ ਬਣਦਾ ਰਾਖਵਾਂ ਕੋਟਾ ਨਹੀਂ ਦਿੱਤਾ ਗਿਆ। ਪ੍ਰਿੰਸੀਪਲ ਸਕੱਤਰ ਭਲਾਈ ਅਤੇ ਹੋਰ ਅਧਿਕਾਰੀਆਂ ਨਾਲ ਕੀਤੀਆਂ ਮੀਟਿੰਗਾਂ ਵਿੱਚ ਤੱਥਾਂ ਸਹਿਤ ਅਤੇ ਸਬੂਤ ਦੇ ਕੇ ਪੱਖ ਰੱਖਿਆ ਕਿ ਵੱਖ-ਵੱਖ ਵਿਸ਼ਿਆਂ ਵਿੱਚ ਆਪਣੀ ਮੈਰਿਟ ਦੇ ਅਧਾਰ ਤੇ ਭਰਤੀ ਹੋਏ ਐੱਸ. ਸੀ., ਬੀ ਸੀ ਉਮੀਦਵਾਰਾਂ ਨੂੰ ਹੀ ਰੋਸਟਰ ਨੁਕਤਿਆਂ ਤੇ ਲਗਾਇਆ ਗਿਆ ਹੈ ਜੋ ਰਾਖਵਾਂਕਰਨ ਨੀਤੀ, ਆਰ. ਕੇ ਸੱਭਰਵਾਲ ਕੇਸ, ਭਲਾਈ ਵਿਭਾਗ ਦੀਆਂ 10/7/1995 ਦੀਆਂ ਹਦਾਇਤਾਂ ਦੀ ਸ਼ਰੇਆਮ ਉਲੰਘਣਾ ਹੈ। ਭਲਾਈ ਵਿਭਾਗ਼ ਦੇ ਡਾਇਰੈਕਟਰ ਤੇ ਸਪੈਸ਼ਲ ਸਕੱਤਰ ਦੀ ਮੀਟਿੰਗ ’ਚ ਮੰਨਿਆ ਕਿ ਸਾਡੇ ਕੋਲ ਰਿਕਾਰਡ ਪੂਰਾ ਨਹੀਂ ਹੈ। ਪਰ ਅਧੂਰੇ ਰਿਕਾਰਡ ਦੇ ਅਧਾਰ ਤੇ ਰਾਖਵਾਂ ਕੋਟਾ ਜ਼ੀਰੋ ਕਿਵੇਂ ਦਿਖਾ ਦਿੱਤਾ ਗਿਆ? ਉਨ੍ਹਾਂ ਕਿਹਾ ਕਿ ਭਲਾਈ ਵਿਭਾਗ ਵਲੋਂ ਰੋਸਟਰ ਰਜਿਸਟਰ ਸਹੀ ਬਣਾਉਣ ਤੇ ਨਿਯਮਾਂ ਅਨੁਸਾਰ ਜਾਂਚ ਕਰਕੇ ਨਿਰੀਖਣ ਰਿਪੋਰਟ ਤਿਆਰ ਕਰਨ ਲਈ ਇਮਾਨਦਾਰੀ ਤੇ ਜਿੰਮੇਵਾਰੀ ਨਹੀਂ ਨਿਭਾਈ ਜਾ ਰਹੀ। ਜਿਸ ਦੇ ਰੋਸ ਵਜੋਂ 1ਸਤੰਬਰ 2026 ਨੂੰ ਜਿਲਾ ਪੱਧਰ ਤੇ ਪੁਤਲੇ ਫੂਕੇ ਗਏ। ਪਰ ਪੰਜਾਬ ਸਰਕਾਰ, ਭਲਾਈ ਵਿਭਾਗ ਅਤੇ ਵਿਭਾਗ ਦੇ ਅਧਿਕਾਰੀਆਂ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਇਸ ਲਈ ਸੰਘਰਸ਼ ਨੂੰ ਅੱਗੇ ਤੋਰਦਿਆਂ ਹੁਣ ਮਿਤੀ 15 ਸਤੰਬਰ ਨੂੰ ਡਾਇਰੈਕਟਰ ਭਲਾਈ ਵਿਭਾਗ ਪੰਜਾਬ ਦੇ ਦਫ਼ਤਰ ਫੇਜ-1 ਮੋਹਾਲੀ ਦਾ ਘਿਰਾਓ ਕਰਕੇ ਭਲਾਈ ਮੰਤਰੀ ਅਤੇ ਡਾਇਰੈਕਟਰ ਭਲਾਈ ਵਿਭਾਗ ਦੇ ਪੁਤਲੇ ਫੂਕ ਕੇ ਰੋਸ ਮੁਜਾਹਰਾ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ 1013 ਲੈਕਚਰਾਰ ਭਰਤੀ ਵਿੱਚ ਬਣਦਾ ਰਾਖਵਾਂ ਕੋਟਾ ਦੇਣ ਬਾਰੇ ਤੁਰੰਤ ਸੋਧ ਪੱਤਰ ਜਾਰੀ ਕੀਤਾ ਜਾਵੇ ਤਾਂ ਜੋ ਐੱਸ.ਸੀ., ਬੀ.ਸੀ. ਵਰਗ ਦੇ ਲੋਕਾਂ ਨੂੰ ਇਨਸਾਫ਼ ਮਿਲ ਸਕੇ। ਮੀਟਿੰਗ ਵਿੱਚ ਸਕੱਤਰ ਜਰਨਲ ਬਲਵਿੰਦਰ ਸਿੰਘ ਲਤਾਲਾ, ਸੀ. ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਸੀ.ਮੀਤ ਪ੍ਰਧਾਨ ਪਰਵਿੰਦਰ ਭਾਰਤੀ, ਸੀ ਮੀਤ ਪ੍ਰਧਾਨ ਵੀਰ ਸਿੰਘ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਬੇਅੰਤ ਸਿੰਘ ਭਾਬਰੀ, ਚੀਫ਼ ਆਰਗੇਨਈਜ਼ਰ ਪਰਮਿੰਦਰ ਗੁਰਦਾਸਪੁਰ, ਮੀਤ ਪ੍ਰਧਾਨ ਹਰਦੀਪ ਸਿੰਘ ਤੂਰ, (ਬਾਕੀ ਸਫ਼ਾ 6 ’ਤੇ)