ਕਿੱਥੇ ਗਿਆ ਰਾਮ ਸਰੂਪ ਅਣਖੀ ਮਿਊਂਸਪਲ ਲਾਇਬ੍ਰੇਰੀ ਦੀ ਬਿਲਡਿੰਗ ਦੇ ਵਾਧੇ ਲਈ ਲਗਾਏ ਗਏ 49.50 ਲੱਖ ਰੁਪਏ ਦੇ ਟੈਂਡਰ ਦਾ ਪੈਸਾ?
ਬਰਨਾਲਾ, 31 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਪ੍ਰਸਿੱਧ ਪੰਜਾਬੀ ਨਾਵਲਕਾਰ ਸ੍ਰੀ ਰਾਮ ਸਰੂਪ ਅਣਖੀ ਦੀ ਯਾਦ ਵਿਚ ਨਗਰ ਨਿਗਮ ਬਰਨਾਲਾ ਵਿਖੇ ਬਣੀ ਹੋਈ ਰਾਮ ਸਰੂਪ ਅਣਖੀ ਮਿਊਂਸਪਲ ਲਾਇਬ੍ਰੇਰੀ ਭਾਵੇਂ ਸ਼ਹਿਰ ਬਰਨਾਲਾ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਵਿਦਿਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਲਈ ਗਿਆਨ ਦਾ ਮਹੱਤਵਪੂਰਨ ਕੇਂਦਰ ਬਣੀ ਹੋਈ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਬੱਚਿਆਂ ਸਮੇਤ ਹੋਰ ਵਰਗ ਦੇ ਲੋਕ ਇੱਥੇ ਪਹੁੰਚ ਕੇ ਸਾਹਿਤ ਅਤੇ ਪੜ੍ਹਾਈ ਦਾ ਲਾਹਾ ਲੈ ਰਹੇ ਹਨ ਪਰ ਲਾਇਬ੍ਰੇਰੀ ਵਿਚ ਲੋੜੀਂਦੀਆਂ ਸਹੂਲਤਾਂ ਦੀ ਘਾਟ ਕਾਰਨ ਪੜ੍ਹਨ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਾਇਬ੍ਰੇਰੀ ਵਿਚ ਸਭ ਤੋਂ ਵੱਡੀ ਸਮੱਸਿਆ ਵਿਦਿਆਰਥੀਆਂ ਦੇ ਬੈਠਣ ਲਈ ਲੋੜੀਂਦੀ ਜਗ੍ਹਾ ਦੀ ਘਾਟ ਸਾਹਮਣੇ ਆ ਰਹੀ ਹੈ।
ਬਰਨਾਲਾ, 31 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਪ੍ਰਸਿੱਧ ਪੰਜਾਬੀ ਨਾਵਲਕਾਰ ਸ੍ਰੀ ਰਾਮ ਸਰੂਪ ਅਣਖੀ ਦੀ ਯਾਦ ਵਿਚ ਨਗਰ ਨਿਗਮ ਬਰਨਾਲਾ ਵਿਖੇ ਬਣੀ ਹੋਈ ਰਾਮ ਸਰੂਪ ਅਣਖੀ ਮਿਊਂਸਪਲ ਲਾਇਬ੍ਰੇਰੀ ਭਾਵੇਂ ਸ਼ਹਿਰ ਬਰਨਾਲਾ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਵਿਦਿਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਲਈ ਗਿਆਨ ਦਾ ਮਹੱਤਵਪੂਰਨ ਕੇਂਦਰ ਬਣੀ ਹੋਈ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਬੱਚਿਆਂ ਸਮੇਤ ਹੋਰ ਵਰਗ ਦੇ ਲੋਕ ਇੱਥੇ ਪਹੁੰਚ ਕੇ ਸਾਹਿਤ ਅਤੇ ਪੜ੍ਹਾਈ ਦਾ ਲਾਹਾ ਲੈ ਰਹੇ ਹਨ ਪਰ ਲਾਇਬ੍ਰੇਰੀ ਵਿਚ ਲੋੜੀਂਦੀਆਂ ਸਹੂਲਤਾਂ ਦੀ ਘਾਟ ਕਾਰਨ ਪੜ੍ਹਨ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਾਇਬ੍ਰੇਰੀ ਵਿਚ ਸਭ ਤੋਂ ਵੱਡੀ ਸਮੱਸਿਆ ਵਿਦਿਆਰਥੀਆਂ ਦੇ ਬੈਠਣ ਲਈ ਲੋੜੀਂਦੀ ਜਗ੍ਹਾ ਦੀ ਘਾਟ ਸਾਹਮਣੇ ਆ ਰਹੀ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਵਿਦਿਆਰਥੀ ਪੜ੍ਹਾਈ ਕਰਨ ਲਈ ਇੱਥੇ ਪਹੁੰਚਦੇ ਹਨ, ਜਿਸ ਕਾਰਨ ਕਈ ਵਾਰ ਉਨ੍ਹਾਂ ਨੂੰ ਬੈਠਣ ਲਈ ਢੁਕਵੀਂ ਥਾਂ ਵੀ ਨਹੀਂ ਮਿਲਦੀ। ਪਤਾ ਲੱਗਾ ਹੈ ਕਿ ਕਈ ਮੌਕਿਆਂ ’ਤੇ ਵਿਦਿਆਰਥੀਆਂ ਨੂੰ ਮੇਜ਼ਾਂ ਉੱਪਰ, ਇਕ-ਦੂਜੇ ਵਿਚ ਫਸ ਕੇ ਜਾਂ ਥੱਲੇ ਬੈਠ ਕੇ ਪੜ੍ਹਾਈ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਅਜਿਹੇ ਹਾਲਾਤ ਵਿਚ ਜਿੱਥੇ ਵਿਦਿਆਰਥੀਆਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਪੜ੍ਹਾਈ ਲਈ ਲੋੜੀਂਦਾ ਮਾਹੌਲ ਵੀ ਨਹੀਂ ਮਿਲ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਦੇ ਨਗਰ ਨਿਗਮ ਬਣਨ ਤੋਂ ਪਹਿਲਾਂ ਨਗਰ ਕੌਂਸਲ ਵੇਲੇ ਮਈ 2025 ਵਿਚ ਰਾਮ ਸਰੂਪ ਅਣਖੀ ਮਿਊਂਸਪਲ ਲਾਇਬ੍ਰੇਰੀ ਦੀ ਇਮਾਰਤ ਦੇ ਵਾਧੇ ਲਈ 49.50 ਲੱਖ ਰੁਪਏ ਦਾ ਟੈਂਡਰ ਲਗਾਇਆ ਗਿਆ ਸੀ। ਇਸ ਸਬੰਧੀ ਠੇਕੇਦਾਰ ਨੂੰ ਵਰਕ ਆਰਡਰ ਵੀ ਜਾਰੀ ਕਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਲਾਇਬ੍ਰੇਰੀ ਦੀ ਇਮਾਰਤ ਦੇ ਵਾਧੇ ਦਾ ਕੰਮ ਅਜੇ ਤੱਕ ਸਿਰੇ ਨਾ ਲੱਗਣ ਕਾਰਨ ਵਿਦਿਆਰਥੀਆਂ ਨੂੰ ਪੁਰਾਣੀ ਸਮਰੱਥਾ ਵਾਲੀ ਇਮਾਰਤ ਵਿਚ ਹੀ ਪੜ੍ਹਾਈ ਕਰਨੀ ਪੈ ਰਹੀ ਹੈ। ਪਤਾ ਲੱਗਾ ਹੈ ਕਿ ਲਾਇਬ੍ਰੇਰੀ ਦੀ ਇਮਾਰਤ ਦੇ ਵਾਧੇ ਲਈ ਰੱਖੇ ਗਏ ਫ਼ੰਡ ਨੂੰ ਕਥਿਤ ਤੌਰ ’ਤੇ ਕਿਸੇ ਹੋਰ ਕੰਮ ਲਈ ਵਰਤ ਲਿਆ ਗਿਆ ਹੈ। ਜੇਕਰ ਇਹ ਗੱਲ ਸਹੀ ਹੈ ਤਾਂ ਇਹ ਆਪਣੇ ਆਪ ਵਿਚ ਗੰਭੀਰ ਮਾਮਲਾ ਹੈ ਕਿ ਜਿਸ ਫ਼ੰਡ ਨੂੰ ਵਿਦਿਆਰਥੀਆਂ ਅਤੇ ਸ਼ਹਿਰ ਵਾਸੀਆਂ ਲਈ ਗਿਆਨ ਦੇ ਕੇਂਦਰ ਦੀਆਂ ਸਹੂਲਤਾਂ ਵਧਾਉਣ ਲਈ ਰੱਖਿਆ ਗਿਆ ਸੀ, ਉਸ ਨੂੰ ਹੋਰ ਪਾਸੇ ਕਿਉਂ ਵਰਤਿਆ ਗਿਆ? ਇਹ ਵੀ ਪਤਾ ਲੱਗਾ ਹੈ ਕਿ ਨਗਰ ਨਿਗਮ ਬਰਨਾਲਾ ਦੀ ਨਵੀਂ ਇਮਾਰਤ ਬਣਾਉਣ ਜਾਂ ਪੁਰਾਣੀ ਇਮਾਰਤ ਦੀ ਮੁਰੰਮਤ ਅਤੇ ਅਧਿਕਾਰੀਆਂ ਦੇ ਦਫ਼ਤਰਾਂ ਵਿਚ ਵਧੀਆ ਸਜਾਵਟ ਤੇ ਫ਼ਰਨੀਚਰ ਉੱਪਰ ਇਹ ਪੈਸਾ ਖ਼ਰਚ ਕੀਤਾ ਜਾ ਰਿਹਾ ਹੈ। ਪਿਛਲੇ ਕੁੱਝ ਮਹੀਨਿਆਂ ਦੌਰਾਨ ਜਿੱਥੇ ਨਗਰ ਨਿਗਮ ਦਫ਼ਤਰ ਵਿਚ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ ਉੱਥੇ ਹੁਣ ਵੀ ਨਗਰ ਨਿਗਮ ਵਲੋਂ ਲਗਭਗ 1 ਕਰੋੜ 95 ਲੱਖ ਰੁਪਏ ਦੇ ਨਵੇਂ ਟੈਂਡਰ ਲਗਾਏ ਗਏ ਹਨ। ਪਰ ਦੂਜੇ ਪਾਸੇ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਪੜ੍ਹਨ ਲਈ ਥਾਂ ਮੁਹੱਈਆ ਕਰਵਾਉਣ ਵਾਲੀ ਮਿਊਂਸਪਲ ਲਾਇਬ੍ਰੇਰੀ ਦੀ ਇਮਾਰਤ ਦਾ ਵਾਧਾ ਨਹੀਂ ਕੀਤਾ ਜਾ ਰਿਹਾ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਨਿਗਮ ਵਲੋਂ ਵੱਖ-ਵੱਖ ਵਿਕਾਸ ਕਾਰਜਾਂ ਉੱਪਰ ਵੱਡੀਆਂ ਰਕਮਾਂ ਖ਼ਰਚ ਕਰਨਾ ਜ਼ਰੂਰੀ ਹੈ ਪਰ ਇਸ ਦੇ ਨਾਲ ਹੀ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਵੀ ਨਿਗਮ ਦੀ ਜ਼ਿੰਮੇਵਾਰੀ ਹੈ। ਸਾਹਿਤ ਪ੍ਰੇਮੀਆਂ ਦੀ ਮੰਗ ਹੈ ਕਿ ਰਾਮ ਸਰੂਪ ਅਣਖੀ ਮਿਊਂਸਪਲ ਲਾਇਬ੍ਰੇਰੀ ਦੀ ਇਮਾਰਤ ਦੇ ਵਾਧੇ ਲਈ ਪਹਿਲਾਂ ਰੱਖੀ ਗਈ ਰਕਮ ਅਤੇ ਟੈਂਡਰ ਦੀ ਸਥਿਤੀ ਸਪੱਸ਼ਟ ਕੀਤੀ ਜਾਵੇ ਅਤੇ ਜੇਕਰ ਕਿਸੇ ਕਾਰਨ ਕੰਮ ਰੁਕਿਆ ਹੈ ਤਾਂ ਉਸ ਨੂੰ ਤੁਰੰਤ ਮੁੜ ਸ਼ੁਰੂ ਕਰਵਾਇਆ ਜਾਵੇ। ਇਸ ਦੇ ਨਾਲ ਹੀ ਲਾਇਬ੍ਰੇਰੀ ਵਿਚ ਵਧੇਰੇ ਮੇਜ਼-ਕੁਰਸੀਆਂ ਅਤੇ ਵਿਦਿਆਰਥੀਆਂ ਦੇ ਬੈਠਣ ਲਈ ਢੁਕਵੀਂ ਥਾਂ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਲਾਇਬ੍ਰੇਰੀ ਸਿਰਫ਼ ਇਕ ਇਮਾਰਤ ਨਹੀਂ ਸਗੋਂ ਸ਼ਹਿਰ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਨ ਵਾਲਾ ਮਹੱਤਵਪੂਰਨ ਕੇਂਦਰ ਹੈ ਅਤੇ ਇਸੇ ਕਾਰਨ ਪੰਜਾਬ ਸਰਕਾਰ ਵਲੋਂ ਸ਼ਹਿਰਾਂ ਤੇ ਪਿੰਡਾਂ ਵਿਚ ਪਬਲਿਕ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ। ਜਦੋਂ ਇਸ ਸਬੰਧੀ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਿਊਂਸਪਲ ਲਾਇਬ੍ਰੇਰੀ ਦਾ ਕੰਮ ਜਲਦ ਹੀ ਸ਼ੁਰੂ ਕਰਵਾਇਆ ਜਾ ਰਿਹਾ ਹੈ ਅਤੇ ਸਾਲ 2027 ਤੋਂ ਪਹਿਲਾਂ ਕੰਮ ਮੁਕੰਮਲ ਕਰਵਾ ਦਿੱਤਾ ਜਾਵੇਗਾ।