ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਮੰਡੀ ਬੋਰਡ ਵਲੋਂ ਮੰਡੀਆਂ ਵਿਚ ਝੋਨੇ ਦੀ ਖਰੀਦ ਸੰਬੰਧੀ ਕੀਤੇ ਗਏ ਪ੍ਰਬੰਧਾਂ ਦੇ ਦਾਅਵੇ ਪੂਰੀ ਤਰ੍ਹਾਂ ਖੋਖਲੇ
ਬਰਨਾਲਾ, 26 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਮਾਰਕੀਟ ਕਮੇਟੀ ਬਰਨਾਲਾ ਵਲੋਂ ਹਾੜੀ/ਸਾਉਣੀ ਦੇ ਸੀਜ਼ਨ ਅਤੇ ਹੋਰ ਕੰਮਾਂ ਲਈ ਜਿੱਥੇ ਆਰਜ਼ੀ ਮੈਨਪਾਵਰ ਦਾ ਠੇਕਾ ਦਿੱਤਾ ਜਾਂਦਾ ਹੈ ਉੱਥੇ ਸੀਜ਼ਨਲ ਪ੍ਰਬੰਧਾਂ ਲਈ ਵੀ ਠੇਕਾ ਦਿੱਤਾ ਜਾਂਦਾ ਹੈ ਤਾਂ ਜੋ ਅਨਾਜ ਮੰਡੀਆਂ/ਖ਼ਰੀਦ ਕੇਂਦਰਾਂ ਵਿਚ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਪਰ ਮੰਡੀ ਬੋਰਡ ਅਤੇ ਮਾਰਕੀਟ ਕਮੇਟੀ ਵਲੋਂ ਲੱਖਾਂ ਰੁਪਏ ਦਾ ਠੇਕਾ ਦਿੱਤੇ ਜਾਣ ਦੇ ਬਾਵਜੂਦ ਇਹ ਸੀਜ਼ਨਲ ਪ੍ਰਬੰਧ ਸਿਰਫ਼ ਕਾਗ਼ਜ਼ਾਂ ਵਿਚ ਹੀ ਪੂਰੇ ਕੀਤੇ ਜਾਪਦੇ ਹਨ।
ਬਰਨਾਲਾ, 26 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਮਾਰਕੀਟ ਕਮੇਟੀ ਬਰਨਾਲਾ ਵਲੋਂ ਹਾੜੀ/ਸਾਉਣੀ ਦੇ ਸੀਜ਼ਨ ਅਤੇ ਹੋਰ ਕੰਮਾਂ ਲਈ ਜਿੱਥੇ ਆਰਜ਼ੀ ਮੈਨਪਾਵਰ ਦਾ ਠੇਕਾ ਦਿੱਤਾ ਜਾਂਦਾ ਹੈ ਉੱਥੇ ਸੀਜ਼ਨਲ ਪ੍ਰਬੰਧਾਂ ਲਈ ਵੀ ਠੇਕਾ ਦਿੱਤਾ ਜਾਂਦਾ ਹੈ ਤਾਂ ਜੋ ਅਨਾਜ ਮੰਡੀਆਂ/ਖ਼ਰੀਦ ਕੇਂਦਰਾਂ ਵਿਚ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਪਰ ਮੰਡੀ ਬੋਰਡ ਅਤੇ ਮਾਰਕੀਟ ਕਮੇਟੀ ਵਲੋਂ ਲੱਖਾਂ ਰੁਪਏ ਦਾ ਠੇਕਾ ਦਿੱਤੇ ਜਾਣ ਦੇ ਬਾਵਜੂਦ ਇਹ ਸੀਜ਼ਨਲ ਪ੍ਰਬੰਧ ਸਿਰਫ਼ ਕਾਗ਼ਜ਼ਾਂ ਵਿਚ ਹੀ ਪੂਰੇ ਕੀਤੇ ਜਾਪਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਾਰਕੀਟ ਕਮੇਟੀ ਬਰਨਾਲਾ ਹਾੜੀ/ਸਾਉਣੀ ਦੇ ਸੀਜ਼ਨ ਅਤੇ ਹੋਰ ਕੰਮਾਂ ਲਈ ਜਿੱਥੇ ਆਰਜ਼ੀ ਮੈਨਪਾਵਰ ਦਾ ਠੇਕਾ ਲਗਭਗ 80 ਲੱਖ ਰੁਪਏ ਦਾ ਦਿੱਤਾ ਗਿਆ ਹੈ। ਜਿਸ ਵਿਚ ਪਿਆਉਮੈਨ, ਸਫ਼ਾਈ ਸੇਵਕ ਅਤੇ ਚੌਕੀਦਾਰ ਰੱਖਣੇ ਹੁੰਦੇ ਹਨ। ਮੁੱਖ ਯਾਰਡ ਬਰਨਾਲਾ ਸਮੇਤ 24 ਖ਼ਰੀਦ ਕੇਂਦਰਾਂ ਵਿਖੇ 85 ਤੋਂ ਵਧੇਰੇ ਵਿਅਕਤੀ ਬਤੌਰ ਪਿਆਉਮੈਨ, ਸਫ਼ਾਈ ਸੇਵਕ ਅਤੇ ਚੌਕੀਦਾਰ ਹੋਣੇ ਚਾਹੀਦੇ ਹਨ ਪਰ ਦੇਖਣ ਵਿਚ ਆਇਆ ਹੈ ਕਿ ਖ਼ਰੀਦ ਕੇਂਦਰ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਹੀ ਸਫ਼ਾਈ ਕੀਤੀ ਜਾਂਦੀ ਹੈ। ਮੁੱਖ ਅਨਾਜ ਮੰਡੀ ਬਰਨਾਲਾ ਵਿਖੇ ਪੀਣ ਵਾਲੇ ਪਾਣੀ ਲਈ ਟੈਂਟ ਲਾ ਕੇ ਕੈਂਪਰ ਤਾਂ ਰੱਖ ਦਿੱਤੇ ਗਏ ਹਨ ਪਰ ਨਾ ਤਾਂ ਟੈਂਟਾਂ ਵਿਚ ਕੋਈ ਪਿਆਉਮੈਨ ਦਾ ਪ੍ਰਬੰਧ ਹੈ ਅਤੇ ਨਾ ਹੀ ਪਾਣੀ ਪੀਣ ਲਈ ਗਿਲਾਸਾਂ ਦਾ ਪ੍ਰਬੰਧ ਹੈ। ਮੰਡੀ ਵਿਚ ਕੈਂਪਰ ਰੱਖਣ ਲਈ ਲਗਾਏ ਗਏ ਟੈਂਟ ਵੀ ਨਾਮ ਦੇ ਹੀ ਟੈਂਟ ਹਨ। ਇਨ੍ਹਾਂ ਟੈਂਟਾਂ ਨੂੰ ਚਾਰੋਂ ਪਾਸੇ ਤੋਂ ਪਰਦਿਆਂ ਨਾਲ ਢਕਿਆ ਵੀ ਨਹੀਂ ਗਿਆ। ਮੰਡੀ ਵਿਚ ਮੌਜੂਦ ਕਿਸਾਨਾਂ ਅਤੇ ਮਜ਼ਦੂਰਾਂ ਨੇ ਦੱਸਿਆ ਕਿ ਜੇਕਰ ਕੋਈ ਕਿਸਾਨ ਜਾਂ ਮਜ਼ਦੂਰ ਕੈਂਪਰਾਂ ਤੋਂ ਆਪਣੇ ਭਾਂਡੇ ਜਾਂ ਬੋਤਲ ਵਿਚ ਪਾਣੀ ਭਰਦਾ ਹੈ ਤਾਂ ਮਾਰਕੀਟ ਕਮੇਟੀ ਦੇ ਸੇਵਾਦਾਰ ਵਲੋਂ ਉਸ ਨੂੰ ਇਹ ਕਹਿ ਕੇ ਪਾਣੀ ਭਰਨ ਤੋਂ ਰੋਕਿਆ ਜਾ ਰਿਹਾ ਹੈ ਕਿ ਅਧਿਕਾਰੀਆਂ ਦੀ ਹਦਾਇਤ ਹੈ ਕਿ ਪਾਣੀ ਇੱਥੇ ਖੜ੍ਹ ਕੇ ਪੀਤਾ ਜਾਵੇ ਜਦੋਂਕਿ ਕੈਂਪਰ ਨਾਲ ਕੋਈ ਗਿਲਾਸ ਵੀ ਨਹੀਂ ਹੁੰਦਾ। ਜਾਣਕਾਰੀ ਅਨੁਸਾਰ ਮੰਡੀਆਂ/ਖ਼ਰੀਦ ਕੇਂਦਰਾਂ ਵਿਚ ਸਫ਼ਾਈ, ਪੀਣ ਵਾਲੇ ਪਾਣੀ ਦੇ ਪ੍ਰਬੰਧ, ਆਰਜ਼ੀ ਬਿਜਲੀ ਦੇ ਪ੍ਰਬੰਧ, ਖ਼ਰੀਦ ਕੇਂਦਰਾਂ ਵਿਚ ਜਨਰੇਟਰ ਲਗਵਾਉਣੇ, ਆਰਜ਼ੀ ਟੁਆਇਲਟ/ਯੂਰੀਨਲ ਦੇ ਪ੍ਰਬੰਧ, ਮੰਡੀਆਂ ਵਿਚ ਕਿਸਾਨਾਂ ਲਈ ਛਾਂ ਦੇ ਪ੍ਰਬੰਧ ਕਰਨ ਲਈ ਵੀ ਲਗਭਗ 78 ਲੱਖ ਰੁਪਏ ਦਾ ਠੇਕਾ ਦਿੱਤਾ ਹੋਇਆ ਹੈ। ਪਰ ਝੋਨੇ ਦੀ ਖ਼ਰੀਦ ਸ਼ੁਰੂ ਹੋਣ ਦੇ 25 ਦਿਨਾਂ ਬਾਅਦ ਵੀ ਮੰਡੀਆਂ ਵਿਚ ਪ੍ਰਬੰਧਾਂ ਦੀ ਪੂਰੀ ਅਣਹੋਂਦ ਹੈ। ਅਨਾਜ ਮੰਡੀ ਬਰਨਾਲਾ ਦੀ ਹਦੂਦ ਅੰਦਰ ਮਲਬੇ ਅਤੇ ਗੰਦਗੀ ਦੇ ਢੇਰ ਸਾਫ਼ ਦੇਖੇ ਜਾ ਸਕਦੇ ਹਨ, ਜੋ ਸ਼ਾਇਦ ਇਹ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਨਜ਼ਰੀਂ ਨਹੀਂ ਪੈ ਰਹੇ ਅਤੇ ਕਿਸਾਨਾਂ ਨੂੰ ਮਜ਼ਬੂਰਨ ਆਪਣੀ ਸੋਨੇ ਵਰਗੀ ਫ਼ਸਲ ਗੰਦਗੀ ਦੇ ਢੇਰਾਂ ਨਜ਼ਦੀਕ ਲਾਹੁਣੀ ਪੈ ਰਹੀ ਹੈ। ਇਸ ਤੋਂ ਇਲਾਵਾ ਕੀਤੇ ਜਾਣ ਵਾਲੇ ਪ੍ਰਬੰਧਾਂ ਤਹਿਤ ਪਾਣੀ ਦੇ ਪ੍ਰਬੰਧਾਂ ਲਈ ਟੱਬ, ਟੈਂਕੀਆਂ, ਘੜਿਆਂ, ਜੱਗ ਤੇ ਗਿਲਾਸਾਂ ਦਾ ਪ੍ਰਬੰਧ ਕਰਨਾ ਹੁੰਦਾ ਹੈ ਪਰ ਮੰਡੀ ਵਿਚ ਦੋ ਜਾਂ ਤਿੰਨ ਥਾਵਾਂ ਉਪਰ ਸਿਰਫ਼ ਕੈਂਪਰ ਰੱਖ ਕੇ ਹੀ ਕੰਮ ਸਾਰਿਆ ਜਾ ਰਿਹਾ ਹੈ। ਸੀਜ਼ਨ ਦੌਰਾਨ ਅਨਾਜ ਮੰਡੀ ਵਿਚ ਕਿਸਾਨਾਂ-ਮਜ਼ਦੂਰਾਂ ਦੀ ਸਹੂਲਤ ਲਈ 4-4 ਆਰਜ਼ੀ ਟੁਆਲਿਟ ਤੇ ਯੂਰੀਨਲਜ਼ ਵੀ ਬਣਾਏ ਜਾਣੇ ਸਨ, ਜੋ ਪੂਰੀ ਮੰਡੀ ਕਿਧਰੇ ਵੀ ਨਜ਼ਰ ਨਹੀਂ ਆਏ। ਇਸੇ ਤਰ੍ਹਾਂ ਠੇਕੇਦਾਰ ਵਲੋਂ ਮੰਡੀ ਵਿਚ ਛਾਂ ਦੇ ਪ੍ਰਬੰਧ ਲਈ 10 ਸ਼ਾਮਿਆਨੇ, 10 ਮੇਜ਼ ਤੇ 40 ਕੁਰਸੀਆਂ ਦਾ ਵੀ ਪ੍ਰਬੰਧ ਕਰਨਾ ਹੁੰਦਾ ਹੈ ਲੇਕਿਨ ਕਿਧਰੇ ਵੀ ਇਹ ਦੇਖਣ ਨੂੰ ਨਹੀਂ ਮਿਲਿਆ। ਇਸ ਤੋਂ ਇਲਾਵਾ ਮੰਡੀਆਂ ਵਿਚ ਕਿਸਾਨਾਂ ਨੂੰ ਜਾਗਰੂਕ ਲਈ ਫਲੈਕਸ ਬੈਨਰ/ਬੋਰਡ ਵੀ ਲਗਾਏ ਜਾਣੇ ਜਰੂਰੀ ਹੁੰਦੇ ਹਨ ਅਤੇ ਠੇਕੇ ਅਨੁਸਾਰ ਅਨਾਜ ਮੰਡੀ ਬਰਨਾਲਾ ਵਿਚ ਵੱਖ-ਵੱਖ ਥਾਵਾਂ ਉਪਰ 20 ਬੋਰਡ/ਬੈਨਰ ਲਗਾਏ ਜਾਣੇ ਸਨ, ਜੋ ਵੀ ਨਹੀਂ ਲਗਾਏ ਗਏ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਾਰਕੀਟ ਕਮੇਟੀ ਵਲੋਂ ਦਿੱਤੇ ਗਏ ਟੈਂਡਰ ਅਨੁਸਾਰ ਸਬੰਧਤ ਠੇਕੇਦਾਰ ਵਲੋਂ ਸਾਰੇ ਪ੍ਰਬੰਧ ਫਸਲ ਦੀ ਖਰੀਦ ਤੋਂ 15 ਦਿਨ ਭਾਵ 15 ਸਤੰਬਰ 2026 ਤੱਕ ਮੁਕੰਮਲ ਕਰ ਲੈਣੇ ਜਰੂਰੀ ਹੁੰਦੇ ਹਨ ਅਤੇ ਇਹ ਸਾਰੇ ਪ੍ਰਬੰਧ ਸੀਜਨ ਦੇ ਖ਼ਤਮ ਹੋਣ ਤੱਕ ਜਾਰੀ ਰੱਖਣੇ ਹੁੰਦੇ ਹਨ। ਲੇਕਿਨ ਅਨਾਜ ਮੰਡੀ ਬਰਨਾਲਾ ਵਿਚ ਸਫ਼ਾਈ ਦੀ ਅਣਹੌਂਦ ਅਤੇ ਉਕਤ ਪ੍ਰਬੰਧਾਂ ਦੀ ਘਾਟ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਸਬੰਧਤ ਠੇਕੇਦਾਰ ਨਾਲ ਪੂਰੀ ਮਿਲੀਭੁਗਤ ਹੈ ਅਤੇ ਜਿਲ੍ਹੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਮੰਡੀਆਂ ਦਾ ਦੌਰਾ ਤੇ ਪੂਰੇ ਪ੍ਰਬੰਧਾਂ ਦੇ ਦਾਅਵੇ ਸਿਰਫ਼ ਕਾਗਜ਼ੀ ਕਾਰਵਾਈ ਤੱਕ ਹੀ ਸੀਮਤ ਹਨ, ਜਿਸ ਦੀ ਸਰਕਾਰ ਵਲੋਂ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।