ਬਰਨਾਲਾ, 12 ਨਵੰਬਰ (ਅਸ਼ੋਕ ਭਾਰਤੀ)-ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਵਿਖੇ ਲਾਇਫ ਸਕਿੱਲਜ ਵਿਸ਼ੇ ਸਬੰਧੀ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਸਮਾਜਿਕ ਹੁਨਰਾਂ, ਆਤਮ-ਵਿਸ਼ਵਾਸ ਅਤੇ ਸਮੁੱਚੀ ਸ਼ਖ਼ਸੀਅਤ ਦਾ ਵਿਕਾਸ ਕਰਨਾ ਸੀ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਦੂਜਿਆਂ ਦਾ ਸਹੀ ਢੰਗ ਨਾਲ ਸਵਾਗਤ ਕਰਨ ਅਤੇ ਅਭਿਵਾਦਨ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਬੁਫੇ ਅਤੇ ਖਾਣ-ਪੀਣ ਸਮੇਂ ਅਪਣਾਏ ਜਾਣ ਵਾਲੇ ਸ਼ਿਸ਼ਟਾਚਾਰ ਅਤੇ ਸਾਫ਼-ਸੁਥਰੀ ਤੇ ਸੁਚੱਜੀ ਸਕੂਲ ਵਰਦੀ ਪਹਿਨਣ ਦੀ ਮਹੱਤਤਾ ਬਾਰੇ ਵੀ ਸਮਝਾਇਆ ਗਿਆ। ਵਿਹਾਰਕ ਪ੍ਰਦਰਸ਼ਨਾਂ ਅਤੇ ਦਿਲਚਸਪ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਚੰਗੇ ਵਿਵਹਾਰ, ਅਨੁਸ਼ਾਸਨ, ਨਿਮਰਤਾ ਅਤੇ ਆਤਮ-ਵਿਸ਼ਵਾਸ ਦੇ ਮਹੱਤਵ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਮੋਹਿਤ ਜਿੰਦਲ ਨੇ ਕਿਹਾ ਕਿ ਸਿੱਖਿਆ ਦਾ ਉਦੇਸ਼ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਹੈ, ਸਗੋਂ ਵਿਦਿਆਰਥੀਆਂ ਨੂੰ ਜੀਵਨ ਦੀਆਂ ਅਸਲ ਸਥਿਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਣਾ ਵੀ ਹੈ। ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।